ਜਲੰਧਰ (ਸੁਧੀਰ)- ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ਾ ਦੇ ਨਿਯਮਾਂ ਵਿਚ ਵੱਡਾ ਫੇਰਬਦਲ ਕਰਦੇ ਹੋਏ ਐਸ.ਪੀ.ਪੀ ਕੈਟਾਗਰੀ ਨੂੰ ਖਤਮ ਕਰਕੇ ਹੁਣ ਐਸ.ਡੀ.ਐਸ. ਕੈਟਾਗਰੀ ਨੂੰ ਸ਼ੁਰੂ ਕੀਤਾ ਹੈ। ਇੰਮੀਗ੍ਰੇਸ਼ਨ ਐਕਸਪਰਟ ਵਿਨੇ ਹਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਨਿਯਮਾਂ ਮੁਤਾਬਕ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਪੇਪਰ ਅਪਲਾਈ ਕਰਨ ਦੇ ਨਾਲ ਹੁਣ ਆਈਲੈਟਸ ਦੇ ਪੇਪਰ ਵਿਚ ਚਾਰੋ ਮਡਿਊਲ ਵਿਚੋਂ 6 ਬੈਂਡ ਲੈਣੇ ਲਾਜ਼ਮੀ ਹੋਣਗੇ। ਜੇਕਰ ਇਕ ਮਡਿਊਲ ਵਿਚ ਵੀ 6 ਤੋਂ ਘੱਟ ਅੰਕ ਆਏ ਤਾਂ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅਪਲਾਈ ਕਰਨ ਦੇ ਨਾਲ-ਨਾਲ ਹੁਣ ਜੀ.ਆਈ.ਸੀ. ਤਹਿਤ ਖਾਤਾ ਖੋਲ ਕੇ ਪਹਿਲਾਂ ਹੀ 10 ਹਜ਼ਾਰ ਡਾਲਰ ਐਡਵਾਂਸ ਜਮ੍ਹਾਂ ਕਰਵਾਉਣੇ ਪੈਣਗੇ ਅਤੇ ਇਕ ਸਾਲ ਦੀ ਫੀਸ ਵੀ ਵਿਦਿਆਰਥੀਆਂ ਨੂੰ ਐਡਵਾਂਸ ਵਿਚ ਜਮ੍ਹਾਂ ਕਰਵਾਉਣੀ ਪਵੇਗੀ।
ਉਨ੍ਹਾਂ ਨੇ ਦੱਸਿਆ ਕਿ ਆਮ ਤੌਰ ਉੱਤੇ ਕੈਨੇਡਾ ਗਏ ਕਈ ਵਿਦਿਆਰਥੀ 6 ਮਹੀਨੇ ਦੀ ਫੀਸ ਜਮ੍ਹਾਂ ਕਰਵਾ ਕੇ ਚਲੇ ਜਾਂਦੇ ਸਨ ਅਤੇ ਬਾਅਦ ਵਿਚ ਅਗਲੀ ਫੀਸ ਲਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਦੇ ਸਨ। ਪਰਿਵਾਰਕ ਮੈਂਬਰਾਂ ਵਲੋਂ ਪੈਸੇ ਨਾ ਭੇਜਣ 'ਤੇ ਕਈ ਵਿਦਿਆਰਥੀ ਉਥੇ ਨਾਜਾਇਜ਼ ਤਰੀਕੇ ਨਾਲ ਕੰਮ ਕਰਦੇ ਸਨ, ਜਿਸ ਕਾਰਨ ਉਨ੍ਹਾਂ ਦਾ ਪੜ੍ਹਾਈ ਵੱਲ ਧਿਆਨ ਨਹੀਂ ਰਹਿੰਦਾ ਸੀ। ਵਿਨੇ ਹਰੀ ਨੇ ਦੱਸਿਆ ਕਿ ਨਵੇਂ ਨਿਯਮਾਂ ਮੁਤਾਬਕ ਕੈਨੇਡਾ ਸਰਕਾਰ ਨੇ ਕੈਨੇਡਾ ਆਉਣ ਦੇ ਚਾਹਵਾਨ ਵਿਦਿਆਰਥੀਆਂ ਦਾ ਬੈਂਕ ਖਾਤਾ ਖੋਲ ਕੇ ਉਸ ਵਿਚ ਇਕ ਸਾਲ ਰਹਿਣ ਅਤੇ ਖਾਣ-ਪੀਣ ਦਾ 10 ਹਜ਼ਾਰ ਡਾਲਰ ਖਰਚਾ ਤੇ ਅਡਵਾਂਸ ਹੀ ਇਕ ਸਾਲ ਦੀ ਫੀਸ ਜਮ੍ਹਾਂ ਕਰਨ ਦਾ ਫੈਸਲਾ ਲੈ ਲਿਆ ਹੈ ਤਾਂ ਜੋ ਕੈਨੇਡਾ ਆਏ ਵਿਦਿਆਰਥੀ ਸਿਰਫ ਪੜ੍ਹਾਈ ਦੇ ਮੰਤਵ ਲਈ ਉਥੇ ਆਉਣ ਨਾ ਕਿ ਨਾਜਾਇਜ਼ ਤਰੀਕੇ ਨਾਲ ਕੰਮ ਕਰਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਐਸ.ਪੀ.ਪੀ. ਕੈਟਾਗਰੀ ਤਹਿਤ ਪੂਰੇ ਕੈਨੇਡਾ ਵਿਚ ਸਿਰਫ 42 ਕਾਲਜ ਹੀ ਆਉਂਦੇ ਸਨ, ਜਦੋਂ ਕਿ ਇਹ ਕਾਲਜ ਤੇ ਯੂਨੀਵਰਸਿਟੀਆਂ ਨਾਨ ਐਸ.ਪੀ.ਪੀ. ਦੇ ਅੰਡਰ ਆਉਂਦੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਹੁਣ ਨਵੇਂ ਨਿਯਮਾਂ ਤਹਿਤ ਸਾਰੇ ਕਾਲਜ ਤੇ ਯੂਨੀਵਰਸਿਟੀਆਂ ਨੂੰ ਇਕ ਬਰਾਬਰ ਰੱਖਿਆ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਜੋ ਵਿਦਿਆਰਥੀ ਆਨ ਲਾਈਨ ਅਪਲਾਈ ਪੱਤਰ ਜਮ੍ਹਾਂ ਕਰਵਾਉਣਗੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਦੇਖਿਆ ਜਾਵੇਗਾ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਕੈਨੇਡਾ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀ ਡਿਗਰੀ ਕੋਰਸ ਵਿਚ ਹੀ ਅਪਲਾਈ ਕਰਨ ਡਿਪਲੋਮਾ ਕਰਨ ਲਈ ਨਾ ਜਾਣ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਦੱਸਿਆ ਕਿ ਡਿਗਰੀ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ 'ਤੇ ਦੇਖਿਆ ਜਾਵੇਗਾ। ਨਵੇਂ ਨਿਯਮਾਂ ਵਿਚ 45 ਦਿਨ ਦੇ ਅੰਦਰ ਵਿਦਿਆਰਥੀਆਂ ਦੇ ਅਪਲਾਈ ਪੱਤਰ ਦਾ ਨਤੀਜਾ ਆਵੇਗਾ। ਵਿਨੇ ਹਰੀ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਲੋਕ ਕੈਨੇਡਾ ਸਰਕਾਰ ਦੀ ਵੈਬਸਾਈਟ (ਸੀ.ਆਈ.ਸੀ. ਜੀ.ਸੀ.ਸੀ.ਏ) ਲਾਗ ਇਨ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਜ਼ਿਲਾ ਕੰਪਲੈਕਸ 'ਚ ਪਾਰਕਿੰਗ ਠੇਕੇਦਾਰਾਂ ਦੀ ਗੁੰਡਾਗਰਦੀ, ਸਿੱਖ ਵਿਅਕਤੀ ਨਾਲ ਕੁੱਟਮਾਰ
NEXT STORY