ਭਵਾਨੀਗੜ੍ਹ (ਵਿਕਾਸ ਮਿੱਤਲ/ਕਾਂਸਲ) : ਭਵਾਨੀਗੜ੍ਹ-ਸਮਾਣਾ ਮੁੱਖ ਸੜਕ 'ਤੇ ਪਿੰਡ ਥੰਮਣ ਸਿੰਘ ਨਹਿਰ ਪੁਲ 'ਤੇ ਇਕ ਫਾਰਚੂਨਰ ਤੇ ਸਕਾਰਪੀਓ ਗੱਡੀ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਫਾਰਚੂਨਰ ਦੇ ਚਾਲਕ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਿ ਦੋ ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੇ ਐੱਸਐੱਸਐੱਫ ਦੇ ਜਵਾਨਾਂ ਨੇ ਜ਼ਖਮੀਆਂ ਨੂੰ ਸੰਭਾਲਿਆ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ 25 ਸਾਲਾ ਫਾਰਚੂਨਰ ਚਾਲਕ ਦਮਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪਾਤੜਾਂ ਆਪਣੇ ਦੋਸਤ ਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਸੰਘਰੇੜੀ (ਭਵਾਨੀਗੜ੍ਹ) ਨਾਲ ਭੱਟੀਵਾਲ ਕਲਾਂ ਤੋਂ ਨਹਿਰ-ਨਹਿਰ ਸੜਕ ਰਾਹੀਂ ਪਟਿਆਲਾ ਜਾਣ ਲਈ ਨਦਾਮਪੁਰ ਵੱਲ ਜਾ ਰਹੇ ਸਨ ਤਾਂ ਇਸ ਦੌਰਾਨ ਥੰਮਣ ਸਿੰਘ ਵਾਲਾ ਨਹਿਰ ਦੇ ਪੁਲ ਨੇੜੇ ਮੁੱਖ ਸੜਕ 'ਤੇ ਸਮਾਣਾ ਵੱਲੋਂ ਆ ਰਹੀ ਇਕ ਸਕਾਰਪੀਓ ਕਾਰ ਨਾਲ ਉਨ੍ਹਾਂ ਦੀ ਫਾਰਚੂਨਰ ਗੱਡੀ ਦੀ ਭਿਆਨਕ ਟੱਕਰ ਹੋ ਗਈ।
ਚਸ਼ਮਦੀਦਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਕਰਾਉਣ ਮਗਰੋਂ ਫਾਰਚੂਨਰ ਕਾਰ ਕਈ ਵਾਰ ਪਲਟੀਆਂ ਖਾਂਦੀ ਹੋਈ ਸੜਕ 'ਤੇ ਪੁੱਠੀ ਹੋ ਗਈ। ਹਾਦਸੇ ਵਿਚ ਫਾਰਚੂਨਰ ਕਾਰ ਦੇ ਡਰਾਈਵਰ ਦਮਨਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦੇ ਨਾਲ ਬੈਠੇ ਮਨਪ੍ਰੀਤ ਸਿੰਘ ਸਮੇਤ ਸਕਾਰਪੀਓ ਚਾਲਕ ਮਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਕਲਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਘਟਨਾਸਥਾਨ 'ਤੇ ਪਹੁੰਚੀ ਐੱਸਐੱਸਐੱਫ ਟੀਮ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਜ਼ਖ਼ਮੀਆਂ ਨੂੰ ਭਵਾਨੀਗੜ੍ਹ ਵਿਖੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਓਧਰ, ਪੁਲਸ ਨੇ ਘਟਨਾ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਜਾਨ ਗਵਾਉਣ ਵਾਲਾ ਨੌਜਵਾਨ ਦਮਨਪ੍ਰੀਤ ਸਿੰਘ ਕਾਲਜ ਦਾ ਵਿਦਿਆਰਥੀ ਸੀ ਜੋ ਅੱਜ ਸਵੇਰੇ ਆਪਣੇ ਦੋਸਤ ਨਾਲ ਖਾਲਸਾ ਕਾਲਜ ਪਟਿਆਲਾ ਜਾਣ ਲਈ ਨਿਕਲਿਆ ਸੀ ਤੇ ਰਾਹ 'ਚ ਇਹ ਘਟਨਾ ਵਾਪਰ ਗਈ।
ਪੰਜਾਬ 'ਚ Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਤੂਫ਼ਾਨ ਦੇ ਨਾਲ...
NEXT STORY