ਭਵਾਨੀਗੜ੍ਹ (ਵਿਕਾਸ ਮਿੱਤਲ) : ਨੇੜਲੇ ਪਿੰਡ ਹਰਕ੍ਰਿਸ਼ਨਪੁਰਾ ਵਿਖੇ ਸਥਿਤ ਪੈਟਰੋ ਕੈਮੀਕਲ ਫੈਕਟਰੀ ਇੰਡੀਅਨ ਅਕਰੈਲਿਕਸ ਲਿਮਿਟਡ (ਆਈ.ਏ.ਐਲ) ਮੁੜ ਸੁਰਖੀਆਂ ਵਿਚ ਆਈ ਹੈ ਜਿੱਥੇ ਸੈਂਕੜੇ ਦੀ ਗਿਣਤੀ 'ਚ ਕੀਰਤੀ ਕੰਮ ਕਰਦੇ ਹਨ। ਫੈਕਟਰੀ 'ਚ ਕੰਮ ਕਰਦੇ ਕਿਰਤੀਆਂ ਨੇ ਵੀਰਵਾਰ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਫੈਕਟਰੀ ਦੀ ਕੰਟੀਨ 'ਤੇ ਫੂਡ ਸੇਫਟੀ ਐਕਟ ਦੀਆਂ ਧੱਜੀਆਂ ਉਡਾਏ ਜਾਣ ਅਤੇ ਕੀਰਤੀਆਂ ਨੂੰ ਖਾਣੇ 'ਚ ਜਾਨਲੇਵਾ ਵਸਤੂਆਂ ਪਰੋਸੀਆਂ ਜਾਣ ਵਰਗੇ ਗੰਭੀਰ ਦੋਸ਼ ਲਗਾਏ ਹਨ।
ਦੱਸ ਦਈਏ ਕਿ ਇਸ ਤੋਂ ਕੁੱਝ ਸਮਾਂ ਪਹਿਲਾਂ ਵੀ ਕਥਿਤ ਰੂਪ ਵਿਚ ਕਿਰਤੀਆਂ ਦੇ ਖਾਣੇ ਵਿਚੋਂ ਇਕ ਦੰਦਨੁਮਾ ਚੀਜ਼ ਮਿਲਣ ਦੀ ਸ਼ਿਕਾਇਤ ਸਾਹਮਣੇ ਆਈ ਸੀ ਜਿਸ ਸਬੰਧੀ ਕਿਰਤੀਆਂ ਵੱਲੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਦੀ ਮੰਗ ਕੀਤੀ ਗਈ ਸੀ। ਹੁਣ ਤਾਜਾ ਮਾਮਲੇ ਸਬੰਧੀ ਫੈਕਟਰੀ ਵਰਕਰ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਬੀਤੇ ਬੁੱਧਵਾਰ ਦੀ ਸ਼ਾਮ ਕੀਰਤੀਆਂ ਨੂੰ ਪਰੋਸੇ ਗਏ ਖਾਣੇ ਵਿਚ ਸ਼ੇਵਿੰਗ ਬਲੇਡ ਦਾ ਅੱਧਾ ਪੀਸ ਸਬਜ਼ੀ ਵਾਲੀ ਥਾਲੀ 'ਚੋਂ ਨਿਕਲਿਆ।
ਉਨ੍ਹਾਂ ਕਿਹਾ ਕਿ ਜੇਕਰ ਇਹ ਬਲੇਡ ਖਾਣੇ ਦੌਰਾਨ ਕਿਸੇ ਦੇ ਸਰੀਰ ਅੰਦਰ ਚਲਾ ਜਾਂਦਾ ਤਾਂ ਵਿਅਕਤੀ ਆਪਣੀ ਜਾਨ ਵੀ ਗਵਾ ਸਕਦਾ ਸੀ। ਆਗੂ ਨੇ ਕਿਹਾ ਕਿ ਜਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਇਸ ਸਬੰਧੀ ਜਦੋਂ ਫੈਕਟਰੀ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੂੰ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ। ਇਸ ਸਬੰਧੀ ਆਈ.ਏ.ਐਲ ਵਰਕਰ ਦਲ ਨਾਲ ਸਬੰਧਤ ਸੀਟੂ ਅਤੇ ਸਮੂਹ ਕੰਟੀਨ ਕਮੇਟੀ ਕੀਰਤੀ ਮੈਂਬਰਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਅਜਿਹੀ ਸਥਿਤੀ ਵਿਚ ਕੀਰਤੀਆਂ ਦੀ ਜਾਨ ਨੂੰ ਖਤਰਾ ਹੈ ਜੇਕਰ ਕਿਰਤੀਆਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਫੈਕਟਰੀ ਮੈਨੇਜਮੈੰਟ ਦੇ ਚੀਫ਼ ਜਨਰਲ ਮੈਨੇਜਰ, ਡੀਜੀਐੱਮ (ਐੱਚ.ਆਰ) ਸਮੇਤ ਕੰਟੀਨ ਠੇਕੇਦਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਮਾਮਲੇ 'ਚ ਕਾਰਵਾਈ ਸਬੰਧੀ ਵਰਕਰ ਜਥੇਬੰਦੀ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।
ਕਿਸੇ ਵਰਕਰ ਦੀ ਹੋ ਸਕਦੀ ਸਾਜ਼ਿਸ਼- ਠੇਕੇਦਾਰ
ਉਧਰ ਇਸ ਸਬੰਧੀ ਫੈਕਟਰੀ ਦੇ ਚੀਫ਼ ਜਨਰਲ ਮੈਨੇਜਰ ਅਲੋਕ ਗੋਇਲ ਨੇ ਫੋਨ 'ਤੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਆਇਆ ਫਿਰ ਵੀ ਹੁਣੇ ਹੀ ਉਹ ਆਪਣੇ ਹੇਠਲੇ ਅਧਿਕਾਰੀਆਂ ਤੋਂ ਇਸ ਬਾਬਤ ਜਾਣਕਾਰੀ ਲੈਣਗੇ। ਜਦੋਂਕਿ ਕੰਟੀਨ ਦੇ ਠੇਕੇਦਾਰ ਬਲਵਿੰਦਰ ਸਿੰਘ ਦਾ ਆਖਣਾ ਸੀ ਕਿ ਬਲੇਡ ਕੰਟੀਨ ਵਿਚ ਨਹੀਂ ਆ ਸਕਦਾ। ਇਹ ਕਿਸੇ ਵਰਕਰ ਦੀ ਸਾਜ਼ਿਸ਼ ਹੋ ਸਕਦੀ ਹੈ ਜਿਸਦੀ ਜਾਂਚ ਕੀਤੀ ਜਾਵੇਗੀ।
ਪੰਜਾਬ: ਤੇਜ਼ੀ ਨਾਲ ਪੈਰ ਪਸਾਰ ਰਹੀ ਇਹ ਬੀਮਾਰੀ! ਲੈ ਲਈਆਂ ਦੋ ਜਾਨਾਂ
NEXT STORY