ਬਠਿੰਡਾ, (ਸੁਖਵਿੰਦਰ)- ਪਿੰਡ ਨਰੂਆਣਾ ਨੇੜੇ ਇਕ ਕੈਂਟਰ ਦਾ ਟਾਇਰ ਫਟ ਗਿਆ, ਜਿਸ ਕਾਰਨ 7 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਹਸਪਤਾਲ ਦਾਖਲ ਕਰਵਾਇਆ। ਸਹਾਰਾ ਦੇ ਮੁਖੀ ਵਿਜੇ ਗੋਇਲ ਨੇ ਦੱਸਿਆ ਕਿ ਪਿੰਡ ਹਿੰਮਤਪੁਰਾ ਦੀਆਂ ਕੁਝ ਮਜ਼ਦੂਰ ਔਰਤਾਂ ਤੇ ਪੁਰਸ਼ ਅੱਜ ਸਵੇਰੇ ਕੈਂਟਰ ਰਾਹੀਂ ਪਿੰਡ ਫੁੱਲੋਮਿੱਠੀ ਵਿਖੇ ਆਏ ਸਨ, ਜਿਥੇ ਉਹ ਨਰਮਾ ਚੁਗਣ ਦਾ ਕੰਮ ਕਰ ਰਹੇ ਹਨ। ਸ਼ਾਮ ਸਮੇਂ ਜਦੋਂ ਉਕਤ ਮਜ਼ਦੂਰ ਵਾਪਸ ਪਰਤ ਰਹੇ ਸਨ ਤਾਂ ਪਿੰਡ ਨਰੂਆਣਾ ਨੇੜੇ ਕੈਂਟਰ ਦਾ ਟਾਇਰ ਫਟ ਗਿਆ, ਜਿਸ ਕਾਰਨ ਕੈਂਟਰ ਪਲਟ ਗਿਆ ਤੇ 7 ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਛਾਣ ਪ੍ਰੀਤਮ ਸਿੰਘ, ਅਮਨਦੀਪ ਕੌਰ, ਰਾਜਵੀਰ ਕੌਰ, ਬਿੱਕਰ ਸਿੰਘ, ਗੁਰਮੇਲ ਕੌਰ, ਸ਼ੇਰ ਸਿੰਘ ਤੇ ਕ੍ਰਿਸ਼ਨ ਕੌਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਕੈਂਟਰ ਵਿਚ ਅੱਧੀ ਦਰਜਨ ਵਿਅਕਤੀ ਹੋਰ ਸਵਾਰ ਸਨ, ਜਿਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਹਾਦਸਾ ਹੋਣ ਤੋਂ ਬਾਅਦ ਸਹਾਰਾ ਦੇ ਵਰਕਰ ਹਰਬੰਸ ਸਿੰਘ ਤੇ ਵਿੱਕੀ ਕੁਮਾਰ ਮੌਕੇ 'ਤੇ ਪਹੁੰਚੇ, ਜਿਨ੍ਹਾਂ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਡਾਕਟਰਾਂ ਦਾ ਕਹਿਣਾ ਸੀ ਕਿ ਜ਼ਖਮੀਆਂ ਦੀ ਹਾਲਤ ਠੀਕ ਹੈ, ਕੋਈ ਵੀ ਗੰਭੀਰ ਨਹੀਂ ਹੈ।
ਦਿੱਲੀ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਸਕੂਲੀ ਕਿਤਾਬਾਂ ਦਾ ਹਿੱਸਾ ਬਣਾਉਣ ਦੀ ਕੀਤੀ ਵਕਾਲਤ
NEXT STORY