ਅੰਮ੍ਰਿਤਸਰ (ਪ੍ਰਵੀਨ ਪੁਰੀ)-ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਪੱਸ਼ਟ ਸ਼ਬਦਾਂ ਵਿਚ ਸਿੱਖ ਸੰਗਤਾਂ ਨੂੰ ਕਿਹਾ ਹੈ ਕਿ ਉਹ 2004 ਵਿਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ 'ਤੇ ਪਹਿਰਾ ਦੇਣ।
ਤਤਕਾਲੀਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਇਸ ਦੀ ਮਿਆਦ ਸਿਰਫ ਉਸੇ ਸਾਲ ਤੱਕ ਸੀਮਿਤ ਕਰ ਕੇ ਕੁਝ ਆਰ. ਐੱਸ. ਐੱਸ. ਸਬੰਧੀ ਆਗੂਆਂ ਵੱਲੋਂ ਰਾਸ਼ਟਰੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 25 ਅਕਤੂਬਰ ਨੂੰ ਕਰਵਾਏ ਜਾ ਰਹੇ ਸਮਾਗਮ 'ਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਜਾ ਰਹੇ ਸਨ ਜਿਸ ਵਿਚ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਹੋਰ ਕਈ ਸਿੱਖ ਆਗੂਆਂ ਦੇ ਨਾਂ ਆ ਰਹੇ ਸਨ। ਪਹਿਲਾਂ ਇਹ ਵੀ ਖ਼ਬਰਾਂ ਸਨ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਇਸ ਸਮਾਗਮ ਵਿਚ ਸ਼ਾਮਲ ਹੋ ਰਹੇ ਹਨ। ਅੱਜ ਉਨ੍ਹਾਂ ਨੇ ਜਿਥੇ ਆਪ ਰਾਸ਼ਟਰੀ ਸਿੱਖ ਸੰਗਤ ਦੇ ਇਸ ਧਾਰਮਿਕ ਸਮਾਗਮ ਨਾਲੋਂ ਨਾਤਾ ਤੋੜਿਆ ਉਥੇ ਨਾਲ ਹੀ ਸਿੱਖ ਸੰਗਤਾਂ ਨੂੰ ਵੀ ਹੁਕਮ ਜਾਰੀ ਕੀਤਾ ਹੈ ਕਿ ਉਹ 2004 ਵਿਚ ਜਾਰੀ ਹੋਏ ਹੁਕਮਨਾਮੇ 'ਤੇ ਪਹਿਰਾ ਦੇਣ ਅਤੇ ਪੰਥ ਵਿਰੋਧੀ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅੱਜ ਸਾਰਾ ਦਿਨ ਧਾਰਮਿਕ ਸਮਾਗਮਾਂ ਵਿਚ ਰੁਝੇ ਹੋਏ ਸਨ। ਉਨ੍ਹਾਂ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਵੱਲੋਂ ਜਾਰੀ ਪ੍ਰੈੱਸ ਨੋਟ ਵਿਚ ਕਿਹਾ ਗਿਆ ਹੈ ਕਿ ਸਿੱਖ ਗੁਰੂ-ਸਾਹਿਬਾਨ ਸਭ ਦੇ ਸਾਂਝੇ ਹਨ ਅਤੇ ਗੁਰੂ-ਸਾਹਿਬਾਨ ਵੱਲੋਂ ਸਾਰੀ ਲੋਕਾਈ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਗਿਆ ਹੈ। ਸਾਡੇ ਇਤਿਹਾਸ ਨੂੰ ਕਿਸੇ ਹੋਰ ਧਰਮ ਵਿਚ ਰਲਗੱਡ ਕਰਨ ਦੀ ਇਜ਼ਾਜਤ ਕਿਸੇ ਨੂੰ ਵੀ ਕਦਾਚਿਤ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਇਹ ਬਰਦਾਸ਼ਤ ਕੀਤਾ ਜਾ ਸਕਦਾ ਹੈ ਕਿਉਂਕਿ ਸਿੱਖ ਇੱਕ ਵੱਖਰੀ ਕੌਮ ਹੈ, ਸਾਡੀ ਵੱਖਰੀ ਪਛਾਣ ਹੈ, ਸਾਡਾ ਆਪਣਾ ਵਿਲੱਖਣ ਇਤਿਹਾਸ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਿੱਖ ਧਰਮ ਕਿਸੇ ਵੀ ਦੂਸਰੇ ਧਰਮ ਦੇ ਧਾਰਮਿਕ ਵਿਸ਼ਵਾਸਾਂ, ਮਰਿਆਦਾਵਾਂ ਅਤੇ ਇਤਿਹਾਸ ਵਿਚ ਕਦੇ ਵੀ ਦਖ਼ਲਅੰਦਾਜ਼ੀ ਨਹੀਂ ਕਰਦਾ ਹੈ ਅਤੇ ਨਾ ਹੀ ਸਿੱਖ ਧਰਮ ਵਿਚ ਕੀਤੀ ਜਾਣ ਵਾਲੀ ਦਖ਼ਲਅੰਦਾਜ਼ੀ ਬਰਦਾਸ਼ਤ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਰਾਸ਼ਟਰੀ ਸਿੱਖ ਸੰਗਤ ਵੱਲੋਂ ਕਰਵਾਏ ਜਾ ਰਹੇ ਸਮਾਗਮ ਵਿਚ ਸ਼ਾਮਲ ਹੋਣ ਲਈ ਨਾ ਤਾਂ ਪਹਿਲਾਂ ਹੀ ਕੋਈ ਫੈਸਲਾ ਕੀਤਾ ਗਿਆ ਅਤੇ ਨਾ ਹੀ ਹੁਣ ਅਜਿਹੇ ਕਿਸੇ ਸੰਮੇਲਨ ਵਿਚ ਸ਼ਮੂਲੀਅਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਸ ਸੰਮੇਲਨ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਵਿਚ 25 ਅਕਤੂਬਰ ਨੂੰ ਹੋ ਰਹੇ ਇਸ ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਮੋਹਨ ਰਾਵ ਭਾਗਵਤ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ਾਮਲ ਹੋ ਰਹੇ ਹਨ।
ਹਿਮਾਚਲ ਚੋਣਾਂ : ਕਾਂਗਰਸ ਦੇ 40 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ
NEXT STORY