ਮਾਨਸਾ(ਸੰਦੀਪ ਮਿੱਤਲ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਹ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਚਲਾ ਰਹੇ ਹਨ ਜਾਂ ਫਿਰ ਸਰਕਸ? ਉਹ ਮੰਤਰੀ ਮੰਡਲ ਸੂਬੇ ਦੇ ਲੋਕਾਂ ਤੋਂ ਬੇਮੁਖ ਹੋ ਕੇ ਤਮਾਸ਼ਬੀਨ ਕਿਉਂ ਬਣੇ ਬੈਠੇ ਹਨ। ਉਹ ਦੱਸਣ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕਰ ਰਹੇ। ਅੱਜ ਸੂਬੇ ਦੇ ਲੋਕ ਇਸ ਗੱਲ ਦਾ ਉਨ੍ਹਾਂ ਤੋਂ ਜਵਾਬ ਮੰਗ ਰਹੇ ਹਨ। ਐੱਨ. ਡੀ. ਏ. ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਮਗਰੋਂ ਇਥੇ ਰੱਖੇ ਸਮਾਗਮ ਉਪਰੰਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਐੱਨ.ਡੀ.ਏ. ਹਕੂਮਤ ਦੌਰਾਨ ਜਦੋਂ ਪੰਜਾਬ 'ਚ ਅਕਾਲੀ-ਭਾਜਪਾ ਦੀ ਸਰਕਾਰ ਸੀ ਤਾਂ ਸੂਬੇ ਨੇ ਕਾਫੀ ਤਰੱਕੀ ਕੀਤੀ ਸੀ ਪਰ ਹੁਣ ਹਰਕਤਹੀਣ ਪ੍ਰਸ਼ਾਸਨ ਅਤੇ ਵਿਕਾਸ ਕਾਰਜਾਂ 'ਚ ਆਈ ਖੜੋਤ ਸਦਕਾ ਇਹ ਸੂਬਾ ਤੇਜ਼ੀ ਨਾਲ ਪਿੱਛੇ ਵਲ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਦੀ ਸਰਕਾਰ ਕਿਸਾਨਾਂ ਨਾਲ ਕਰਜ਼ਾ ਮੁਆਫ, ਉਦਯੋਗਪਤੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਇਕ ਘਰ 'ਚ ਇਕ ਜੀਅ ਨੂੰ ਨੌਕਰੀ, ਸਮਾਰਟ ਫੋਨ ਸਮੇਤ ਕੀਤੇ ਸਾਰੇ ਵਾਅਦਿਆਂ ਤੋਂ ਫਰਾਰ ਹੋ ਚੁੱਕੀ ਹੈ। ਇਸ ਬਾਰੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੋਕਾਂ ਨੂੰ ਜਵਾਬ ਦੇਣ। ਇਸ ਮੌਕੇ ਬੀਬਾ ਬਾਦਲ ਦੇ ਪੀ. ਏ. ਅਨਮੋਲਪ੍ਰੀਤ ਸਿੰਘ, ਵਿਧਾਇਕ ਦਿਲਰਾਜ ਭੂੰਦੜ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਹਰਬੰਤ ਸਿੰਘ ਦਾਤੇਵਾਸ, ਜ਼ਿਲਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ, ਚੇਅਰਮੈਨ ਪ੍ਰੇਮ ਅਰੋੜਾ, ਜ਼ਿਲਾ ਪ੍ਰਧਾਨ ਸਿਮਰਜੀਤ ਕੌਰ ਸਿੰਮੀ, ਡਾ. ਨਿਸ਼ਾਨ ਸਿੰਘ, ਭਾਜਪਾ ਜ਼ਿਲਾ ਪ੍ਰਧਾਨ ਸਤੀਸ਼ ਗੋਇਲ , ਸੀਨੀਅਰ ਭਾਜਪਾ ਨੇਤਾ ਸੂਰਜ ਛਾਬੜਾ, ਸੁਖਵਿੰਦਰ ਸਿੰਘ ਮਾਨ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਰਾੜਾ, ਰੂਬਲ ਭੀਖੀ, ਗੁਰਮੇਲ ਸਿੰਘ ਠੇਕੇਦਾਰ, ਗੁਰਪ੍ਰੀਤ ਸਿੰਘ ਬਣਾਂਵਾਲੀ ਆਦਿ ਹਾਜ਼ਰ ਸਨ।
ਪਾਣੀ ਦੀ ਸਮੱਸਿਆ ਨੂੰ ਲੈ ਕੇ ਪਿੰਡ ਵਾਸੀ ਚੜ੍ਹੇ ਟੈਂਕੀ 'ਤੇ
NEXT STORY