ਦੇਸ਼ ਦੇ ਸਾਫ-ਸੁਥਰੇ ਸ਼ਹਿਰਾਂ ’ਚੋਂ ਪਟਿਆਲਾ ਪਹੁੰਚਿਆ 183ਵੇਂ ਨੰਬਰ ’ਤੇ
ਪਟਿਆਲਾ(ਬਲਜਿੰਦਰ)-ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਨੇ ਇਸ ਵਾਰ ਸਵੱਛਤਾ ਰੈਂਕਿੰਗ ਵਿਚ ਜ਼ਬਰਦਸਤ ਸੁਧਾਰ ਕਰਦੇ ਹੋਏ ਦੇਸ਼ ਭਰ ਦੇ ਸਾਫ-ਸੁਥਰੇ ਸ਼ਹਿਰਾਂ ਵਿਚੋਂ 183ਵਾਂ ਸਥਾਨ ਹਾਸਲ ਕੀਤਾ ਹੈ। ਅੱਜ ਇੰਦੌਰ ਵਿਚ ਜਾਰੀ ਕੀਤੀ ਗਈ ਤਾਜ਼ਾ ਰੈਂਕਿੰਗ ਵਿਚ ਦੇਸ਼ ਭਰ ਵਿਚੋਂ ਸਭ ਤੋਂ ਸਾਫ ਸ਼ਹਿਰਾਂ ਵਿਚ ਕੁਲ 4000 ਅੰਕਾਂ ਵਿਚੋਂ 3707.01 ਅੰਕ ਹਾਸਲ ਕਰ ਕੇ ਇੰਦੌਰ ਪਹਿਲੇ ਸਥਾਨ ’ਤੇ, 3688.94 ਅੰਕ ਹਾਸਲ ਕਰ ਕੇ ਭੋਪਾਲ ਦੂਜੇ ਨੰਬਰ ’ਤੇ, 3649.38 ਅੰਕ ਹਾਸਲ ਕਰ ਕੇ ਚੰਡੀਗਡ਼੍ਹ ਤੀਜੇ ਸਥਾਨ ’ਤੇ ਰਿਹਾ। ਪਟਿਆਲਾ ਦੇ ਕੁਲ 4000 ਅੰਕਾਂ ਵਿਚੋਂ 2152.69 ਅੰਕ ਹਾਸਲ ਕਰ ਕੇ ਦੇਸ਼ ਭਰ ਦੇ ਸਾਫ-ਸੁਥਰੇ ਸ਼ਹਿਰਾਂ ਵਿਚ 183ਵਾਂ ਰੈਂਕ ਹਾਸਲ ਕੀਤਾ। ਪੰਜਾਬ ਵਿਚ ਪਹਿਲਾ ਸਥਾਨ ਬਠਿੰਡਾ ਨੇ (2565.21 ਅੰਕ) ਹਾਸਲ ਕੀਤਾ ਹੈ।
ਪਟਿਆਲਾ ਨੇ ਇਸ ਵਾਰ ਸਾਫ-ਸੁਥਰੇ ਸ਼ਹਿਰਾਂ ਵਿਚ ਬਡ਼ਾ ਜ਼ਬਰਦਸਤ ਸੁਧਾਰ ਕਰਦੇ ਹੋਏ 228 ਅੰਕਾਂ ਦਾ ਸੁਧਾਰ ਕੀਤਾ ਹੈ। ਪਿਛਲੀ ਰੈਂਕਿੰਗ ਵਿਚ ਪਟਿਆਲਾ ਦਾ 411ਵਾਂ ਸਥਾਨ ਸੀ। ਪਿਛਲੀ ਵਾਰ ਜਦੋਂ ਕਿ ਕੁਲ 428 ਸ਼ਹਿਰਾਂ ਦਾ ਸਰਵੇਖਣ ਕੀਤਾ ਗਿਆ ਸੀ ਅਤੇ ਇਸ ਵਾਰ 4041 ਸ਼ਹਿਰਾਂ ਦਾ ਸਰਵੇਖਣ ਕੀਤਾ ਗਿਆ ਹੈ, ਜਿਸ ਤੋਂ ਸਾਫ ਹੈ ਕਿ ਪਟਿਆਲਾ ਦੀ ਸਫਾਈ ਵਿਚ ਸਰਵੇਖਣ ਅਨੁਸਾਰ ਕਾਫੀ ਜ਼ਿਆਦਾ ਸੁਧਾਰ ਹੋਇਆ ਹੈ। ਹਾਲਾਂਕਿ ਪਟਿਆਲਾ ਨੂੰ ਪਹਿਲਾਂ ਹੀ ਦੁਨੀਆ ਵਿਚ ਬਾਗਾਂ ਤੇ ਦਰਵਾਜ਼ਿਆਂ ਦਾ ਸ਼ਹਿਰ ਮੰਨਿਆ ਜਾਂਦਾ ਹੈ ਪਰ ਜਦੋਂ ਪਿਛਲੀ ਵਾਰ ਦੇਸ਼ ਦੇ 428 ਸ਼ਹਿਰਾਂ ਵਿਚੋਂ ਪਟਿਆਲਾ ਨੂੰ 411ਵਾਂ ਸਥਾਨ ਹਾਸਲ ਹੋਇਆ ਸੀ ਤਾਂ ਉਦੋਂ ਇਸ ’ਤੇ ਕਾਫੀ ਜ਼ਿਆਦਾ ਸਵਾਲ ਉੱਠੇ ਸਨ। ਅੱਜ ਦੀ ਜਾਰੀ ਹੋਈ ਤਾਜ਼ਾ ਰੈਂਕਿੰਗ ਵਿਚ ਪਟਿਆਲਵੀਆਂ ਨੂੰ ਸਫਾਈ ਪੱਖੋਂ ਕਾਫੀ ਦੇਸ਼ ਭਰ ਵਿਚ ਅਹਿਮੀਅਤ ਮਿਲੀ ਹੈ।
ਕੇਂਦਰ ਸਰਕਾਰ ਵਲੋਂ ਲਗਾਤਾਰ ਤੀਜੇ ਸਾਲ ਰੈਂਕਿੰਗ ਜਾਰੀ
ਕੇਂਦਰ ਸਰਕਾਰ ਵਲੋਂ ਲਗਾਤਾਰ ਤੀਜੇ ਸਾਲ ਸਵੱਛਤਾ ਮੁਹਿੰਮ ਦੇ ਤਹਿਤ ਸਾਫ ਸੁਥਰੇ ਸ਼ਹਿਰਾਂ ਦੀ ਸਰਵੇਖਣ ਤੋਂ ਬਾਅਦ ਰੈਂਕਿੰਗ ਜਾਰੀ ਕੀਤੀ ਗਈ ਹੈ। ਇਸ ਲਈ ਬਕਾਇਦਾ ਕੇਂਦਰ ਸਰਕਾਰ ਨੇ ਟੀਮਾਂ ਦਾ ਗਠਨ ਕਰ ਕੇ ਦੇਸ਼ ਦੇ ਕੁਲ 4041 ਸ਼ਹਿਰਾਂ ਨੂੰ ਸਰਵੇਖਣ ਵਿਚ ਸ਼ਾਮਲ ਕੀਤਾ ਗਿਆ ਸੀ, ਇਸ ਵਿਚ ਦੋ ਸ਼੍ਰੇਣੀਆਂ ਬਣਾਈਆਂ ਗਈਆਂ ਸਨ। ਪਹਿਲੀ ਸ਼੍ਰੇਣੀ ਵਿਚ 1 ਲੱਖ ਤੱਕ ਦੀ ਆਬਾਦੀ ਵਾਲੇ ਸ਼ਹਿਰਾਂ ਨੂੰ ਰੱਖਿਆ ਗਿਆ ਸੀ ਅਤੇ ਦੂਜੀ ਸ਼੍ਰੇਣੀ ਵਿਚ 1 ਲੱਖ ਤੋਂ ਵੱਧ ਦੀ ਆਬਾਦੀ ਵਾਲੇ ਸ਼ਹਿਰਾਂ ਨੂੰ ਰੱਖਿਆ ਗਿਆ ਸੀ। ਸਰਵੇਖਣ ਵਿਚ ਕੁਲ 4000 ਅੰਕ ਰੱਖੇ ਗਏ ਸਨ, ਜਿਨ੍ਹਾਂ ਵਿਚੋਂ 35 ਫੀਸਦੀ ਨਗਰ ਨਿਗਮ ਦੇ ਦਸਤਾਵੇਜ਼ ਯਾਨੀ ਕਿ ਡਾਕੂਮੈਂਟੇਸ਼ਨ ਦੇ, 25 ਫੀਸਦੀ ਡਾਇਰੈਕਟ ਆਬਜ਼ਰਵੇਸ਼ਨ ਦੇ ਜਿਸ ਵਿਚ ਕੇਂਦਰ ਸਰਕਾਰ ਦੀਆਂ ਟੀਮਾਂ ਲਾਈਵ ਐਪ ’ਤੇ ਮੌਕੇ ’ਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਵਿਜ਼ਿਟ ਕਰਦੀਆਂ ਸਨ ਅਤੇ 40 ਫੀਸਦੀ ਨੰਬਰ ਸਿਟੀਜ਼ਨ ਫੀਡਬੈਕ ਦੇ ਰੱਖੇ ਗਏ ਸਨ। ਕੁਲ 4000 ਅੰਕਾਂ ਵਿਚੋਂ 2700 ਨੰਬਰ ਲੋਕਾਂ ਤੋਂ ਪੁੱਛੇ ਗਏ ਸਵਾਲਾਂ ਤੋਂ ਮਿਲਣੇ ਸਨ, ਜਿਨ੍ਹਾਂ ਵਿਚ ਪਟਿਆਲਾ ਵਿਚ ਇਸ ਵਾਰ 1000 ਲੋਕਾਂ ਤੋਂ ਸਰਵੇਖਣ ਸਬੰਧੀ ਪੁੱਛਿਆ ਗਿਆ ਸੀ ਜਦੋਂ ਕਿ 1300 ਅੰਕ ਸਵੱਛਤਾ ਐਪ ਦੇ ਰੱਖੇ ਗਏ ਸਨ। ਇਨ੍ਹਾਂ ਵਿਚੋਂ ਕੁਲ ਮਿਲਾ ਕੇ 10 ਫੀਸਦੀ ਲੋਕਾਂ ਵਲੋਂ ਐਪ ਡਾਊਨਲੋਡ ਕਰਨਾ ਜ਼ਰੂਰੀ ਸੀ। ਪਟਿਆਲਾ ਦੀ ਆਬਾਦੀ 5 ਲੱਖ ਦੇ ਲਗਭਗ ਹੋਣ ਕਾਰਨ 10 ਹਜ਼ਾਰ ਲੋਕਾਂ ਨੂੰ ਐਪ ਡਾਊਨਲੋਡ ਕਰਵਾਉਣ ਦਾ ਟਾਰਗੈੱਟ ਸੀ, ਜਿਨ੍ਹਾਂ ਵਿਚੋਂ ਪਟਿਆਲਾ ਨੇ 11 ਹਜ਼ਾਰ ਲੋਕਾਂ ਨੂੰ ਐਪ ਡਾਊਨਲੋਡ ਕਰਵਾਈ। ਇਸ ਐਪ ’ਤੇ ਸ਼ਿਕਾਇਤ ਆਈ, ਕਿੰਨੀ ਦੇਰ ਵਿਚ ਹੱਲ ਹੋਈ, ਜਿਸ ਵਿਅਕਤੀ ਨੇ ਸ਼ਿਕਾਇਤ ਕੀਤੀ ਕੀ ਉਹ ਨਗਰ ਨਿਗਮ ਦੀ ਕਾਰਗੁਜ਼ਾਰੀ ਨਾਲ ਸਹਿਮਤ ਹੈ ਜਾਂ ਨਹੀਂ ਆਦਿ ਨੂੰ ਦੇਖ ਕੇ ਅੰਕ ਦਿੱਤੇ ਜਾਂਦੇ ਸਨ।
ਪਿੰਡ ਨੰਗਲੀ ਦੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਹੋਏ ਅਗਨੀ ਭੇਟ
NEXT STORY