ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਲ 2019 ਦੀ ਚੋਣਾਵੀ ਲੜਾਈ ਪੰਜਾਬ 'ਚ ਕਾਂਗਰਸ ਦੀ ਅਕਾਲੀ ਦਲ ਵਿਚਕਾਰ ਹੀ ਹੋਵੇਗੀ ਅਤੇ ਕਾਂਗਰਸ ਆਪਣੇ ਬਲਬੂਤੇ 'ਤੇ ਸਾਰੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰ ਲਵੇਗੀ। ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ 'ਚ ਕਾਂਗਰਸ ਨੂੰ ਮਿਲੀ ਭਾਰੀ ਜਿੱਤ ਤੋਂ ਬਾਅਦ ਕੈਪਟਨ ਨੇ ਕਿਹਾ ਕਿ 18 ਮਹੀਨਿਆਂ ਦੇ ਸ਼ਾਸਨਕਾਲ 'ਚ ਕਾਂਗਰਸ ਨੇ ਨਸ਼ਿਆਂ ਨੂੰ ਖਤਮ ਕਰਨ, ਛੋਟੇ ਕਿਸਾਨਾਂ ਦਾ ਕਰਜ਼ ਮੁਆਫ ਕਰਨ ਅਤੇ ਪੰਜਾਬ ਨੂੰ ਉਦਯੋਗਿਕ ਉੱਨਤੀ ਵੱਲ ਲਿਜਾਣ ਲਈ ਕਦਮ ਚੁੱਕੇ ਹਨ। ਸਰਕਾਰੀ ਕੋਸ਼ਿਸ਼ਾਂ ਦੀ ਅਕਾਲੀ ਦਲ ਦੇ ਵਰਕਰਾਂ ਨੇ ਵੀ ਸ਼ਲਾਘਾ ਕੀਤੀ ਹੈ, ਇਸ ਲਈ ਕਈ ਸਥਾਨਾਂ 'ਤੇ ਅਕਾਲੀ ਵਰਕਰਾਂ ਨੇ ਕਾਂਗਰਸ ਉਮੀਦਵਾਰਾਂ ਦੇ ਪੱਖ 'ਚ ਵੋਟਿੰਗ ਕੀਤੀ ਹੈ। ਆਮ ਆਦਮੀ ਪਾਰਟੀ ਇਕ ਬੁਲਬੁਲੇ ਵੱਲ ਆਈ ਸੀ ਅਤੇ ਉਸ ਦਾ ਗੁੱਬਾਰਾ ਫਟ ਚੁੱਕਿਆ ਹੈ। ਹੁਣ ਫਿਰ ਤੋਂ 'ਆਪ' 'ਚ ਉਭਾਰ ਆਉਣ ਦੇ ਆਸਾਰ ਨਹੀਂ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਨਸ਼ਿਆਂ ਦੇ ਵਿਰੁੱਧ ਲੜਾਈ ਹੁਣ ਪੰਜਾਬ 'ਚ ਇਕ ਸਮਾਜਿਕ ਅੰਦੋਲਨ ਬਣ ਗਈ ਹੈ। ਹੁਣ ਪਿੰਡਾਂ 'ਚ ਜੇਕਰ ਕੋਈ ਨਸ਼ਾ ਵੇਚਣ ਲਈ ਜਾਂਦਾ ਹੈ ਤਾਂ ਲੋਕ ਉਸ ਨੂੰ ਫੜ ਲੈਂਦੇ ਹਨ ਅਤੇ ਇਸ ਦੀ ਜੰਮ ਕੇ ਕੁੱਟਮਾਰ ਕਰਦੇ ਹਨ ਕਿਉਂਕਿ ਹਰ ਇਕ ਵਿਅਕਤੀ ਆਪਣੀ ਪੀੜ੍ਹੀ ਨੂੰ ਬਚਾਉਣਾ ਚਾਹੁੰਦਾ ਹੈ। ਪੰਜਾਬ 'ਚ ਸਰਕਾਰ ਨੇ ਛੋਟੇ ਕਿਸਾਨਾਂ ਦੇ 2-2 ਲੱਖ ਰੁਪਏ ਦੇ ਕਰਜ਼ ਮੁਆਫ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਨੂੰ ਨਵੰਬਰ ਤੱਕ ਪੂਰਾ ਕਰ ਦਿੱਤਾ ਜਾਵੇਗਾ ਪਰ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਸੂਬਾ ਸਰਕਾਰ ਦੀ ਆਰਥਿਕ ਸਥਿਤੀ ਅਨੁਕੂਲ ਨਹੀਂ ਹੈ, ਇਸ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਪੰਜਾਬ ਨੂੰ 65000 ਕਰੋੜ ਰੁਪਏ ਦੀ ਮਦਦ ਦੇਣੀ ਚਾਹੀਦੀ ਹੈ।
ਰੈਫਰੈਂਡਮ -2020 ਦਾ ਮਕਸਦ ਸਿਰਫ ਪੰਜਾਬ ਨੂੰ ਅਸਥਿਰ ਬਣਾਉਣਾ ਹੈ। ਇਸ ਦੇ ਪਿੱਛੇ ਕੁਝ ਕੱਟੜਵਾਦੀ ਤਾਕਤਾਂ ਲੱਗੀਆਂ ਹੋਈਆਂ ਹਨ, ਜੋ ਵਿਦੇਸ਼ਾਂ 'ਚ ਬੈਠ ਕੇ ਪਾਕਿਸਤਾਨ ਦੀ ਏਜੰਸੀ ਆਈ. ਐੱਸ. ਆਈ. ਦੇ ਨਾਲ ਸੰਪਰਕ ਬਣਾਏ ਹੋਏ ਹਨ। ਪੰਜਾਬ ਦੇ ਲੋਕਾਂ ਨੇ ਲੰਬਾ ਸੰਤਾਪ ਝਲਿਆ ਹੈ, ਇਸ ਲਈ ਸੂਬੇ ਦੇ ਲੋਕ ਇਨ੍ਹਾਂ ਮੁੱਠੀ ਭਰ ਕੱਟੜਪੰਥੀ ਤੱਤਾਂ ਦੀਆਂ ਗੱਲਾਂ 'ਚ ਨਹੀਂ ਆ ਰਹੇ ਹਨ। ਉਦਯੋਗਿਕ ਵਿਕਾਸ ਦਾ ਏਜੰਡਾ ਸਰਕਾਰ ਦੀ ਤਰਜੀਹ ਤੋਂ ਸਭ ਤੋਂ ਉੱਪਰ ਹੈ। ਪੰਜਾਬ 'ਚ ਬਿਜਲੀ ਦਰਾਂ ਹੋਰ ਸੂਬਿਆਂ ਦੀ ਤੁਲਨਾ 'ਚ ਘੱਟ ਹਨ। ਸੂਬਾ ਸਰਕਾਰ ਦੀ ਆਰਥਿਕ ਸਥਿਤੀ ਜਿਵੇਂ ਹੀ ਵਧੀਆ ਹੋਵੇਗੀ, ਸਰਕਾਰ ਘਰੇਲੂ ਖਪਤਕਾਰਾਂ ਨੂੰ ਵੀ ਬਿਜਲੀ ਦਰਾਂ 'ਚ ਰਾਹਤ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ।
ਜ਼ਿਲਾ ਪ੍ਰੀਸ਼ਦ ਚੋਣਾਂ ਲਈ ਦੋਆਬਾ 'ਚ 'ਆਪ' ਨੇ ਚੋਣ ਮੈਦਾਨ 'ਚ ਉਤਾਰੇ ਸਿਰਫ 6 ਉਮੀਦਵਾਰ
NEXT STORY