ਚੰਡੀਗੜ੍ਹ (ਬਿਊਰੋ) : ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਨਵਜੋਤ ਸਿੱਧੂ ਨੂੰ ਲੰਚ ਕਰਨ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਵੱਡਾ ਸਵਾਲ ਇਹ ਹੈ ਕਿ ਰੁਸੇਵਿਆਂ ਦੇ ਬਾਵਜੂਦ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ ’ਤੇ ਲੱਚ ਕਰਨ ਉਨ੍ਹਾਂ ਦੇ ਘਰ ਜਾਣਗੇ? ਦੂਜੇ ਪਾਸੇ ਇਸ ਗੱਲ ਦਾ ਪਤਾ ਲੱਗਣ ’ਤੇ ਸਿਆਸੀ ਗਲਿਆਰਿਆਂ 'ਚ ਨਵੀਂ ਚਰਚਾ ਛਿੜ ਗਈ ਹੈ। ਸਿਆਸੀ ਗਲਿਆਰੇ ਇਹ ਸੋਚ ਰਹੇ ਹਨ ਕਿ ਇਸ ਨਾਲ ਨਵਜੋਤ ਸਿੰਧੂ ਨੂੰ ਕਿਹੜਾ ਅਹੁਦਾ ਦਿੱਤਾ ਜਾਵੇਗਾ? ਕੀ ਸਿੱਧੂ ਨੂੰ ਪੁਰਾਣਾ ਅਹੁਦਾ ਦਿੱਤਾ ਜਾਵੇਗਾ? ਕੀ ਉਸ ਨੂੰ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ? ਕੀ ਸਿੱਧੂ ਨੂੰ ਡਿਪਟੀ ਸੀ.ਐੱਮ. ਬਣਾਉਣ ਦਾ ਫ਼ੈਸਲਾ ਲਿਆ ਜਾਵੇਗਾ?
ਸਾਲ 2022 ’ਚ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੀਆਂ ਤਿਆਰੀਆਂ ਹਰੇਕ ਪਾਰਟੀ ਵਲੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਆਪਣੇ 4 ਸਾਲ ਪੂਰੇ ਕਰ ਚੁੱਕੀ ਪੰਜਾਬ ਦੀ ਕਾਂਗਰਸ ਸਰਕਾਰ ਨਵਜੋਤ ਸਿੰਘ ਸਿੱਧੂ ਦੀ ਮੁੜ ਤੋਂ ਪੰਜਾਬ ਦੀ ਸਿਆਸਤ ਵਿੱਚ ਵਾਪਸੀ ਕਰਦੀ ਵਿਖਾਈ ਦੇ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਸਰਕਾਰ ਵਿੱਚ ਵਾਪਸੀ ਦੇ ਆਸਾਰ ਮੁੜ ਜ਼ੋਰ ਫੜਦੇ ਦਿਖਾਈ ਦੇ ਰਹੇ ਹਨ। ਵਾਰ-ਵਾਰ ਹਾਈਕਮਾਨ ਨਾਲ ਹੋ ਰਹੀਆਂ ਮੀਟਿੰਗਾਂ ਦੇ ਦੌਰ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਤੋਂ ਨਵਜੋਤ ਸਿੱਧੂ ਨੂੰ 17 ਮਾਰਚ ਯਾਨੀ ਬੁੱਧਵਾਰ ਵਾਲੇ ਦਿਨ ਇਕੱਠੇ ਲੰਚ ਕਰਨ ਦਾ ਸੱਦਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਸਿੱਧੂ ਨਾਲ ਇਹ ਮੁਲਾਕਾਤ ਆਪਣੇ ਸਿਸਵਾਂ ਵਾਲੇ ਘਰ ਵਿੱਚ ਕਰਨਗੇ।
![PunjabKesari](https://static.jagbani.com/multimedia/15_39_126505027captain navjot sindhu lunch2-ll.jpg)
ਦੱਸ ਦੇਈਏ ਕਿ ਸਿੱਧੂ ਵੱਲੋਂ ਸਾਲ 2019 ਵਿੱਚ ਮੰਤਰੀ ਮੰਡਲ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦੀ ਇਹ ਲੰਚ ਦੀ ਦੂਜੀ ਮੀਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ 25 ਨਵੰਬਰ, 2020 ਨੂੰ ਕੈਪਟਨ ਨੇ ਨਵਜੋਤ ਸਿੱਧੂ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਿਆ ਸੀ।
ਮਿਲ ਸਕਦੀਆਂ ਹਨ ਇਹ ਜ਼ਿੰਮੇਵਾਰੀਆਂ
ਸੂਤਰਾਂ ਮੁਤਾਬਕ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਪਾਰਟੀ ਵਿਚ ਅਹਿਮ ਭੂਮਿਕਾ ਸੌਂਪੀ ਜਾ ਸਕਦੀ ਹੈ। ਚਰਚਾਵਾਂ ਇਹ ਵੀ ਹੋ ਰਹੀਆਂ ਹਨ ਕਿ ਕੈਪਟਨ ਸਿੱਧੂ ਨੂੰ ਉਨ੍ਹਾਂ ਦੇ ਮਨਪਸੰਦ ਦਾ ਮੰਤਰਾਲੇ ਮੁੜ ਤੋਂ ਸਥਾਨਕ ਸਰਕਾਰਾਂ ਵਾਲੇ ਮੰਤਰਾਲੇ ਦੀ ਆਫ਼ਰ ਕਰ ਸਕਦੇ ਹਨ। ਇਸ ਤੋਂ ਇਲਾਵਾ ਡਿਪਟੀ ਸੀ.ਐੱਮ. ਬਣਾਉਣ ਦੀਆਂ ਚਰਚਾਵਾਂ ਵੀ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ ਸੂਬਾ ਕਾਂਗਰਸ ਪ੍ਰਧਾਨ ਬਣਾਉਣ ਬਾਰੇ ਵੀ ਗੱਲਬਾਤ ਹੋ ਰਹੀ ਹੈ। ਦੱਸ ਦੇਈਏ ਕਿ ਸਥਾਨਕ ਚੋਣਾਂ ਵਿੱਚ ਜ਼ਬਰਦਸਤ ਜਿੱਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ ਨਾਲ ਸਿਆਸੀ ਤੋਲ-ਮੋਲ ਕਰਨ ਵਿੱਚ ਹੱਥ ਸਭ ਤੋਂ ਜ਼ਿਆਦਾ ਹੈ।
![PunjabKesari](https://static.jagbani.com/multimedia/15_39_125255120captain navjot sindhu lunch1-ll.jpg)
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਇਹ ਨਹੀਂ ਚਾਹੁਣਗੇ ਕੀ ਉਹ ਸਖ਼ਸ ਸੂਬਾ ਪ੍ਰਧਾਨ ਬਣੇ, ਜੋ ਉਨ੍ਹਾਂ ਦੇ ਨਜ਼ਦੀਕੀ ਨਾ ਹੋਵੇ, ਕਿਉਂਕਿ ਟਿਕਟ ਵੰਡ ਤੋਂ ਪ੍ਰਚਾਰ ਤੱਕ ਅਹਿਮ ਜ਼ਿੰਮੇਵਾਰੀ ਸੂਬਾ ਪ੍ਰਧਾਨ ਦੀ ਹੁੰਦੀ ਹੈ। ਦੂਜੇ ਪਾਸੇ ਜੇਕਰ ਸਿੱਧੂ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ। ਇਸ ਨਾਲ ਜਿਥੇ ਇਕ ਪਾਸੇ ਵਿਧਾਇਕਾਂ ’ਚ ਗਲਤ ਸੁਨੇਹੇ ਜਾ ਸਕਦੇ ਹਨ, ਉਥੇ ਹੀ ਦੂਜੇ ਪਾਸੇ ਡਿਪਟੀ ਸੀਐੱਮ ਦਾ ਅਹੁਦਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਿੱਚ ਮਜ਼ਬੂਤੀ ਨੂੰ ਚੁਣੌਤੀ ਦੇਵੇਗਾ।
![PunjabKesari](https://static.jagbani.com/multimedia/15_39_127442658captain navjot sindhu lunch3-ll.jpg)
ਪੰਜਾਬ ਕਾਂਗਰਸ ਦੇ ਮੁਖੀ ਹਰੀਸ਼ ਰਾਵਤ ਨੇ ਕੈਪਟਨ ਨਾਲ ਕੀਤੀ ਸੀ ਬੈਠਕ
9 ਮਾਰਚ ਨੂੰ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਕੈਪਟਨ ਅਮਰਿੰਦਰ ਸਿੰਘ ਨੂੰ ਖਾਣੇ 'ਤੇ ਮਿਲੇ ਸਨ। ਇਸ ਦੌਰਾਨ ਉਨ੍ਹਾਂ ਨੇ ਹਾਈਕਮਾਨ ਦੀ ਸਿੱਧੂ ਨੂੰ ਸੌਂਪੀ ਜਾਣ ਵਾਲੀ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਅਗਲੇ ਦਿਨ 10 ਮਾਰਚ ਨੂੰ ਹਰੀਸ਼ ਰਾਵਤ ਨੇ ਬਜਟ ਤੋਂ ਪਹਿਲਾਂ ਨਵਜੋਤ ਸਿੱਧੂ ਨਾਲ ਬ੍ਰੇਕ ਫਾਸਟ 'ਤੇ ਮੀਟਿੰਗ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਰਾਵਤ ਨੇ ਸਿੱਧੂ ਦੀ ਗੇਂਦ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ ਵਿੱਚ ਸੁੱਟ ਦਿੱਤੀ ਸੀ। ਹਰੀਸ਼ ਰਾਵਤ ਨੇ ਇਸ ਮੀਟਿੰਗ ’ਚ ਸਿੱਧੂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਉਨ੍ਹਾਂ ਨੇ ਹਾਈਕਮਾਨ ਦੀ ਸਿੱਧੂ ਨੂੰ ਲੈ ਕੇ ਸੋਚ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ ਹੈ ਪਰ ਅੰਤਿਮ ਫ਼ੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਨਾ ਹੈ। ਇਸੇ ਲਈ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੇ ਸਿਆਸੀ ਭਵਿੱਖ ਦਾ ਅਹਿਮ ਫ਼ੈਸਲਾ ਲੈ ਸਕਦੇ ਹਨ।
ਚੰਡੀਗੜ੍ਹ ਤੋਂ ਵੱਡੀ ਖ਼ਬਰ : 'CM ਖੱਟੜ' ਦੇ ਘਿਰਾਓ ਮਾਮਲੇ 'ਚ 9 ਅਕਾਲੀ ਵਿਧਾਇਕਾਂ ਖ਼ਿਲਾਫ਼ FIR ਦਰਜ
NEXT STORY