ਜਲੰਧਰ (ਰਮਨਦੀਪ ਸੋਢੀ)-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਕਸਰ ਸਵਾਲਾਂ ’ਚ ਰਹਿੰਦੇ ਹਨ। ਕਦੇ ਆਪਣੇ ਅਸਤੀਫ਼ੇ ਨੂੰ ਲੈ ਕੇ, ਕਦੇ ਅਧਿਕਾਰੀਆਂ ਦੀ ਬਦਲੀ ਦੀ ਜ਼ਿੱਦ ਨੂੰ ਲੈ ਕੇ ਅਤੇ ਕਦੇ ਹਿੰਦੂ ਦੇਵੀ-ਦੇਵਤਿਆਂ ਦੇ ਦਰਬਾਰ ’ਚ ਹਾਜ਼ਰੀ ਭਰਨ ਨੂੰ ਲੈ ਕੇ। ਸਿੱਧੂ ਅਕਸਰ ਕਈ ਸਵਾਲਾਂ ਦਾ ਜਵਾਬ ਦੇਣ ਤੋਂ ਬਚਦੇ ਰਹੇ ਪਰ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ’ਚ ਉਨ੍ਹਾਂ ਆਪਣੇ ਜੀਵਨ ਦੇ ਕਈ ਅਣਛੂਹੇ ਪੱਖਾਂ ਦੀ ਤਸਵੀਰ ਪੇਸ਼ ਕੀਤੀ। ਨਾਲ ਹੀ ਉਨ੍ਹਾਂ ਆਪਣੇ ਜੀਵਨ ਦੇ ਕਈ ਛਿਪੇ ਰਾਜ਼ ਵੀ ਸ਼ੇਅਰ ਕੀਤੇ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼-
ਪੰਜਾਬ ਕਾਂਗਰਸ ਦਾ ਪ੍ਰਚਾਰ ਮੱਠਾ ਕਿਉਂ
ਕਦੀ ਵੀ ਕਾਂਗਰਸ ਢਿੱਲੀ ਨਹੀਂ ਪਈ ਹੈ। ਕਾਂਗਰਸ 50-50 ਰੈਲੀਆਂ ਪਹਿਲਾਂ ਹੀ ਕਰ ਚੁੱਕੀ ਹੈ। ਪਾਰਟੀ ਨੇ ਸੋਚ-ਸਮਝ ਕੇ ਟਿਕਟ ਦਿੱਤੀ ਹੈ, ਜਿਸ ਕਾਰਨ ਕਿਸੇ ਨੂੰ ਇਤਰਾਜ਼ ਨਹੀਂ ਹੈ। ਕਿਸੇ ਨਾਲ ਕੋਈ ਸੌਦੇਬਾਜ਼ੀ ਨਹੀਂ ਕੀਤੀ ਗਈ ਅਤੇ ਨਾ ਹੀ ਦੂਜਿਆਂ ਵਾਂਗ ਨਿੱਜੀ ਲਾਭ ਵੇਖਿਆ ਗਿਆ। ਸਿਰਫ ਅਤੇ ਸਿਰਫ ਪਾਰਟੀ ਨੂੰ ਉਪਰ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਹੀਂ ਕਿ ਵਿਰੋਧ ਜਾਂ ਆਪਣੀ ਦਲੀਲ ਨਹੀਂ ਰੱਖੀ, ਜਿੱਥੇ ਖੜ੍ਹਾ ਹੋਣਾ ਪਿਆ, ਉੱਥੇ ਖੜ੍ਹੇ ਵੀ ਹੋਏ।
ਇਹ ਵੀ ਪੜ੍ਹੋ : ਭਗਵੰਤ ਮਾਨ ਦਾ CM ਚੰਨੀ ਨੂੰ ਚੈਲੰਜ, ਕਿਹਾ-ਧੂਰੀ ਤੋਂ ਮੇਰੇ ਖ਼ਿਲਾਫ ਲੜਨ ਚੋਣ
ਸਿੱਧੂ ਕੀ ਕੈਪਟਨ ਤੇ ਮਜੀਠੀਆ ਵਿਰੁੱਧ ਲੜਨਗੇ?
ਮੈਂ ਤਾਂ ਆਪਣੀ ਚੋਣ ਲੜ ਰਿਹਾ ਹਾਂ। ਮੈਨੂੰ ਪਾਰਟੀ ਨੇ ਤਾਇਨਾਤ ਕੀਤਾ ਹੈ। ਇਹ ਸਿੱਧੂ ਹੈ ਜਿਸ ਨੇ ਕਿੰਨੇ ਅਹੁਦੇ ਛੱਡ ਦਿੱਤੇ ਪਰ ਆਪਣਾ ਇਲਾਕਾ ਨਹੀਂ ਛੱਡਿਆ। ਮੈਂ ਕਿਤੇ ਵੀ ਨਹੀਂ ਜਾ ਰਿਹਾ। ਮੈਂ ਅੰਮ੍ਰਿਤਸਰ ’ਚ ਹੀ ਹਾਂ। ਕੈਪਟਨ ਹੋਵੇ ਜਾਂ ਮਜੀਠੀਆ, ਜੋ ਮੇਰੇ ਵਿਰੁੱਧ ਚੋਣ ਲੜਨੀ ਚਾਹੁੰਦੇ ਹਨ ਤਾਂ ਮੋਸਟ ਵੈੱਲਕਮ। ਮੈਨੂੰ ਕਿਸੇ ਦਾ ਡਰ ਨਹੀਂ ਹੈ।
ਟਿਕਟ ਲਈ ਅਟੈਚੀ ਚੱਲਣ ਦੀ ਚਰਚਾ ਹੈ
ਸਿੱਧੂ ਲਈ ਅਟੈਚੀ ਤਾਂ ਵੱਡੀ ਗੱਲ ਕਹਿ ਦਿੱਤੀ। ਇਥੇ ਤਾਂ ਕਿਸੇ ਕੋਲੋਂ 20 ਹਜ਼ਾਰ ਰੁਪਏ ਵੀ ਲੈ ਲਓ ਤਾਂ ਉਹ 50 ਲੋਕਾਂ ਨੂੰ ਦੱਸਦਾ ਹੈ। ਇਸ਼ਕ-ਮੁਸ਼ਕ ਅਤੇ ਮਾੜੇ ਕਰਮ ਕਦੀ ਲੁਕਦੇ ਨਹੀਂ। ਟਿਕਟ ਵਿਕਣ ਦੀ ਗੱਲ ਕਾਂਗਰਸ ’ਚ ਕਿਤੇ ਨਹੀਂ ਹੈ। ਕਾਰਨ ਇਹ ਹੈ ਕਿ ਕਿਸੇ ’ਚ ਹਿੰਮਤ ਨਹੀਂ ਕਿ ਉਹ ਇਸ ਤਰ੍ਹਾਂ ਦੀ ਰਵਾਇਤ ਕਾਂਗਰਸ ’ਚ ਲੈ ਕੇ ਆਏ। ਜਦੋਂ ਆਪਣਾ ਪੰਜਾਬ ਨਹੀਂ ਵਿਕਣ ਦਿੱਤਾ ਤਾਂ ਪਾਰਟੀ ਕਿੱਥੋਂ ਵੇਚ ਦੇਵਾਂਗੇ। ਇਹ ਉਹ ਥਾਂ ਹੈ, ਜਿੱਥੇ ਈ. ਡੀ. ਦਾ ਡਰ ਨਹੀਂ ਰਹਿੰਦਾ। ਨਾ ਪਹਿਲੀ ਸੂਚੀ ’ਚ ਅਤੇ ਨਾ ਹੀ ਦੂਜੀ ਸੂਚੀ ’ਚ ਅਟੈਚੀ ਦੀ ਨਾਮੀਨੇਸ਼ਨ ਹੈ। ਸਿਰਫ ਉਮੀਦਵਾਰਾਂ ਨੂੰ ਵੇਖ ਕੇ ਟਿਕਟਾਂ ਦਿੱਤੀਆਂ ਗਈਆਂ ਹਨ। ਮੈਨੂੰ ਮੇਰੇ ਬਜ਼ੁਰਗਾਂ ਨੇ ਈਮਾਨਦਾਰੀ ਦਾ ਪਾਠ ਪੜ੍ਹਾਇਆ ਹੈ। ਇਹ ਸਬਕ ਮੈਂ ਕਦੀ ਵੀ ਭੁੱਲ ਨਹੀਂ ਸਕਦਾ।
ਲੋਕ ਕਾਂਗਰਸ ਨੂੰ ਸਾਢੇ 4 ਸਾਲ ਦੀ ਸਜ਼ਾ ਦੇਣ ਜਾਂ ਇਤਬਾਰ ਕਰਨ
ਲੋਕਾਂ ਕੋਲ ਬਦਲ ਹੀ ਕਿਹੜਾ ਹੈ? ਪੰਜਾਬ ’ਚ ਲੋਕਾਂ ਦਾ ਪੱਧਰ ਇੰਨਾ ਡਿੱਗ ਗਿਆ ਹੈ ਕਿ ਜੋ ਲੋਕ ਈਮਾਨਦਾਰ ਹੁੰਦੇ ਹਨ, ਉਨ੍ਹਾਂ ਨੂੰ ਡੇਗਿਆ ਜਾਂਦਾ ਹੈ। ਸਰਵੇਖਣ ਕਰਵਾ ਕੇ ਜਾਂ ਦੋਸ਼ ਲਾ ਕੇ ਅਜਿਹੇ ਲੋਕਾਂ ਨੂੰ ਡੇਗਿਆ ਜਾਂਦਾ ਹੈ। ਦਿੱਲੀ ’ਚ ਬੈਠੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਗਿਆ। ਇੱਥੇ ਮੁਸ਼ਕਿਲ ਇਹ ਹੈ ਕਿ ਘਰ ਬੈਠੇ ਕਰੋੜਾਂ ਰੁਪਏ ਕਮਾ ਰਹੇ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਕਿਉਂਕਿ ਉਨ੍ਹਾਂ ਦਾ ਸਮਾਂ ਜਾਣ ਵਾਲਾ ਹੈ।
ਇਹ ਵੀ ਪੜ੍ਹੋ : ਪੁੱਤਰ ਦੇ ਚੋਣ ਪ੍ਰਚਾਰ ਲਈ ਪਹੁੰਚੇ ਰਾਣਾ ਗੁਰਜੀਤ ਬੋਲੇ, ਨਵਤੇਜ ਚੀਮਾ ਜਿੱਤਿਆ ਤਾਂ ਛੱਡ ਦਿਆਂਗਾ ਸਿਆਸਤ
ਕੀ ਪੰਜਾਬ ਲਈ ਕੁਝ ਕਰਨ ਲਈ ਸੀ. ਐੱਮ. ਹੋਣਾ ਜ਼ਰੂਰੀ ਹੈ
ਬਿਲਕੁਲ ਨਹੀਂ। ਕੀ ਮਹਾਤਮਾ ਗਾਂਧੀ ਮੁੱਖ ਮੰਤਰੀ ਸਨ? ਸਰਦਾਰ ਪਟੇਲ ਕੀ ਪ੍ਰਧਾਨ ਮੰਤਰੀ ਸਨ? ਕਿਰਦਾਰ ਦਾ ਭਰੋਸਾ ਹੋਣਾ ਜ਼ਰੂਰੀ ਹੈ ਪਰ ਗੱਲ ਇਹ ਹੈ ਕਿ ਇਸ ਨੂੰ ਲਾਗੂ ਕੌਣ ਕਰੇ? ਜਿੱਥੇ ਕੰਮ ਨਾ ਕਰਨ ਦਿੱਤਾ ਜਾਵੇ, ਉੱਥੇ ਉਸਾਰੂ ਸੋਚ ਕੰਮ ਕਰਦੀ ਹੈ। ਸਮਾਂ ਵੀ ਚੱਲ ਰਿਹਾ ਹੈ ਅਤੇ ਉਸਾਰੂ ਵਿਰੋਧ ਵੀ ਚੱਲਦਾ ਹੈ ਨਾਲ-ਨਾਲ।
ਸਿੱਧੂ ਦੀ ਸਿਆਸਤ ‘ਮੈਂ-ਮੇਰਾ’ ਦੇ ਆਸ-ਪਾਸ ਘੁੰਮਦੀ ਹੈ
ਇਹ ਤਾਂ ਬਕਵਾਸ ਹੈ ਕਿ ਸਿੱਧੂ ਸੀ. ਐੱਮ. ਬਣਨ ਦਾ ਇੱਛੁਕ ਹੈ? ਅੱਜ ਵੀ ਈਮਾਨਦਾਰੀ ਦੀ ਵੈਲਿਊ ਹੈ। ਜੇ ਈਮਾਨਦਾਰੀ ਨਾ ਹੁੰਦੀ ਤਾਂ ਕੀ ਸਿੱਧੂ ਅੱਜ ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਾ? ਅੱਜ ਰਾਜੇ ਮਹਾਰਾਜੇ ਭਿਖਾਰੀ ਬਣ ਘੁੰਮ ਰਹੇ ਹਨ। ਪੰਜਾਬ ਦਾ ਦਰਦ ਹੈ ਤਾਂ ਪੰਜਾਬ ਦਾ ਪੈਸਾ ਛੱਡ ਕੇ ਬੈਠਾ ਹਾਂ। ਇਹ ਸਭ ਝੂਠ ਹੈ। ਪਾਈ-ਪਾਈ ਦਾ ਹਿਸਾਬ ਦਿੱਤਾ ਹੈ।
ਅਟੈਚੀ ਨਹੀਂ ਲੈਂਦੇ ਫਿਰ ਘਰ ਕਿਵੇਂ ਚਲਾ ਰਹੇ ਹੋ
ਸਿੱਧੂ ਦੇ ਬੈਂਕ ਖਾਤੇ ’ਚ 2 ਤੋਂ ਢਾਈ ਲੱਖ ਰੁਪਏ ਹਨ। ਪਤਨੀ ਨੂੰ ਲੱਗਭਗ 4 ਲੱਖ ਰੁਪਏ ਕਿਰਾਇਆ ਆਉਂਦਾ ਹੈ, ਜਿਸ ਨਾਲ ਪਰਿਵਾਰ ਚੱਲ ਰਿਹਾ ਹੈ। ਬੇਟਾ ਐਡਵੋਕੇਟ ਹੈ ਅਤੇ ਉਸ ਨੂੰ 40-50 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਈ ਹੈ। ਬੇਟੀ ਨੂੰ ਬਾਹਰ ਨਹੀਂ ਭੇਜ ਸਕਿਆ ਕਿਉਂਕਿ ਪੈਸਾ ਨਹੀਂ ਸੀ। ਕਦੇਂ ਸਮਝੌਤਾ ਨਹੀਂ ਕੀਤਾ। ਸਿੱਧੂ ਕੋਲ ਪਟਿਆਲਾ ’ਚ ਇਕ ਘਰ ਹੈ, ਜੋ ਉਨ੍ਹਾਂ ਦੇ ਪਿਤਾ ਦਾ ਹੈ। ਇਕ ਘਰ ਇਥੇ ਬਣਾਇਆ। ਮੇਰੇ ਜਨਮ ਤੋਂ ਪਹਿਲਾਂ ਮੇਰੇ ਪਰਿਵਾਰ ਨੂੰ 126 ਕਿੱਲੇ ਜ਼ਮੀਨ ਦੇ ਮੁਆਵਜ਼ੇ ਵਜੋਂ 1963 ਵਿਚ 2 ਕਰੋੜ ਰੁਪਏ ਮਿਲੇ ਸਨ। ਉਸ ਪੈਸੇ ਨਾਲ ਉਨ੍ਹਾਂ ਉਦੋਂ ਪਟਿਆਲੇ ਵਾਲਾ ਘਰ ਖਰੀਦਿਆ ਸੀ। ਕਾਂਗਰਸ ਦਾ ਸਿਸਟਮ ਸਭ ਤੋਂ ਚੰਗਾ ਹੈ। ਇਥੇ ਬਿਨਾਂ ਕਾਰਨ ਟਿਕਟ ਜਾਰੀ ਨਹੀਂ ਹੁੰਦੀ। ਪੂਰੀ ਤਰ੍ਹਾਂ ਛਾਣਬੀਣ ਕਰ ਕੇ ਉਮੀਦਵਾਰ ਖੜ੍ਹਾ ਕੀਤਾ ਜਾਂਦਾ ਹੈ।
ਸਿੱਧੂ ਕੋਲ ਦਸਤਾਰ ਵੀ ਹੈ ਅਤੇ ਧਾਗੇ-ਮੌਲੀਆਂ ਵੀ
ਮੇਰੇ ਪਿਤਾ ਸਿੱਖ ਸਨ ਅਤੇ ਮੇਰੀ ਮਾਂ ਹਿੰਦੂ ਪਰਿਵਾਰ ’ਚੋਂ ਸੀ। ਮੇਰੇ ਜਨਮ ਲਈ ਮੇਰੀ ਮਾਂ ਅਤੇ ਪਿਤਾ ਨੇ ਬਹੁਤ ਤਪੱਸਿਆ ਕੀਤੀ। ਮੇਰਾ ਜਨਮ ਬੇਹੱਦ ਔਖੇ ਹਾਲਾਤ ’ਚ ਹੋਇਆ। ਮੇਰੀਆਂ ਦੋ ਵੱਡੀਆਂ ਭੈਣਾਂ ਪਹਿਲਾਂ ਸਨ। ਮੇਰੀ ਮਾਂ ਦੇ ਮੂੰਹ ਬੋਲੇ ਭਰਾ ਜੋ ਵੈਸ਼ਨੋ ਦੇਵੀ ਦੇ ਪੱਕੇ ਭਗਤ ਸਨ, ਨੇ ਕਿਹਾ ਕਿ ਤੇਰੇ ਘਰ ਬੇਟੇ ਦਾ ਜਨਮ ਹੋਵੇਗਾ। ਜਦੋਂ ਮੇਰਾ ਜਨਮ ਹੋਇਆ ਤਾਂ ਮੇਰੀ ਮਾਂ ਬਿਨਾਂ ਕਿਸੇ ਨੂੰ ਦੱਸੇ ਮੈਨੂੰ ਲੈ ਕੇ ਵੈਸ਼ਨੋ ਦੇਵੀ ਚਲੀ ਗਈ। ਮੇਰੇ ਪਿਤਾ ਵੀ ਉਥੇ ਪਹੁੰਚ ਗਏ ਅਤੇ ਲੱਗਭਗ ਡੇਢ ਮਹੀਨਾ ਉਨ੍ਹਾਂ ਦੀ ਮਾਂ ਹਸਪਤਾਲ ’ਚ ਰਹੀ। ਕੋਈ ਕਹੇ ਮੌਲੀ ਬੰਨ੍ਹਦਾ ਹੈ ਤਾਂ ਕਹਿੰਦਾ ਰਹੇ। ਮੈਨੂੰ ਮੇਰੇ ਦਾਦਾ, ਪਿਤਾ, ਮਾਂ ਤੋਂ ਧਰਮ ਦੀ ਨਸੀਹਤ ਮਿਲੀ ਹੈ।
ਸਿੱਧੂ ਪਰਿਵਾਰ ਤੋਂ ਨਾਰਾਜ਼ ਹੋ ਕੇ ਅੰਮ੍ਰਿਤਸਰ ਹੀ ਬੈਠੇ ਰਹੇ
ਨਾਰਾਜ਼ਗੀ ਕੋਈ ਨਹੀਂ ਸੀ। ਇਹ ਤਾਂ ਸੰਕਲਪ ਸੀ ਅੰਮ੍ਰਿਤਸਰ ਦੇ ਲੋਕਾਂ ਨਾਲ, ਜਿਨ੍ਹਾਂ ਨੇ ਸਿੱਧੂ ’ਚ ਭਰੋਸਾ ਪ੍ਰਗਟ ਕੀਤਾ ਸੀ। ਢਾਈ ਸਾਲ ਪਟਿਆਲੇ ਨਹੀਂ ਗਿਆ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਪੁਰਾਣਾ ਕੇਸ ਕਢਵਾਇਆ ਕਿਉਂਕਿ ਮੇਰੇ ਪਟਿਆਲਾ ਤੋਂ ਚੋਣ ਲੜਨ ਦੀ ਚਰਚਾ ਚੱਲ ਰਹੀ ਸੀ। ਕੈਪਟਨ ਨੇ ਵਾਰ-ਵਾਰ ਕੇਸ ਖੁੱਲ੍ਹਵਾਇਆ। ਇਸ ਦੌਰਾਨ ਮੈਂ ਬੀਮਾਰ ਹੋ ਗਿਆ ਅਤੇ ਮੇਰੀ ਪਤਨੀ ਮੈਨੂੰ ਪਟਿਆਲਾ ਲੈ ਆਈ।
ਚੰਨੀ ਦੇ ਪਰਿਵਾਰ ’ਤੇ ਈ. ਡੀ. ਦੀ ਰੇਡ ਬਾਰੇ ਕੀ ਕਹੋਗੇ
ਸੁਣੋ, ਜਦੋਂ ਜੋ ਖੁੱਲ੍ਹਣਾ ਹੈ, ਖੁੱਲ੍ਹ ਜਾਏ, ਕੌਣ ਰੋਕ ਰਿਹਾ ਹੈ। ਪਰ ਸਵਾਲ ਇਹ ਹੈ ਕਿ ਚੰਨੀ ਦੇ ਰਿਸ਼ਦੇਤਾਰ ’ਤੇ 2018 ’ਚ ਕੇਸ ਪਾਏ ਗਏ ਸਨ, ਜਦੋਂ ਕੈਪਟਨ ਸੀ. ਐੱਮ. ਸਨ। ਉਦੋਂ ਕਿਉਂ ਸੁੱਤੇ ਰਹੇ? ਉਦੋਂ ਕਿਹਾ ਜਾਂਦਾ ਸੀ ਕਿ ਪਾਰਟੀ ਦੇ 25 ਲੋਕ ਮਾਈਨਿੰਗ ਕਰਦੇ ਹਨ। ਉਨ੍ਹਾਂ ਦੀਆਂ ਫਾਈਲਾਂ ਦਿੱਤੀਆਂ ਗਈਆਂ ਹਾਈਕਮਾਨ ਨੂੰ, ਉਦੋਂ ਕਿਉਂ ਨਹੀਂ ਅੰਦਰ ਕੀਤਾ ਗਿਆ ਕਿਸੇ ਨੂੰ? ਇਹ ਕਾਰਵਾਈ ਕਿਉਂ ਨਹੀਂ ਕੀਤੀ ਗਈ? ਬਾਕੀ ਜੋ ਕਾਨੂੰਨ ਕਹਿੰਦਾ ਹੈ, ਕਰੋ। ਸਵਾਲ ਤਾਂ ਇਹ ਵੀ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ ਇਹ ਸਭ ਕਿਉਂ?
ਸਿੱਧੂ ਦੀ ਮਜੀਠੀਆ ਨਾਲ ਨਿੱਜੀ ਖੁੰਦਕ ਹੈ
ਬਿਲਕੁਲ ਬਕਵਾਸ। ਸਿੱਧੂ ਕਿਸੇ ਨਾਲ ਖੁੰਦਕ ਨਹੀਂ ਰੱਖਦਾ। 2018 ਵਿਚ ਹਾਈਕੋਰਟ ਨੇ ਜੋ ਕਿਹਾ, ਮੈਂ ਤਾਂ ਉਸ ’ਤੇ ਹੀ ਸਵਾਲ ਉਠਾਏ। ਅਦਾਲਤ ਨੇ ਕਿਹਾ ਕਿ ਪੰਜਾਬ ਸਰਕਾਰ ਖੁਦ ਦੋਸ਼ੀਆਂ ਨੂੰ ਸ਼ੈਲਟਰ ਕਰ ਰਹੀ ਹੈ। ਨਰੰਜਣ ਸਿੰਘ ਦੀ ਈ. ਡੀ. ਦੀ ਰਿਪੋਰਟ ਨੂੰ ਕਲੱਬ ਕਰ ਕੇ ਮੈਂ ਸਵਾਲ ਉਠਾਏ। ਜਿਹੜੀ ਫੋਟੋ ਸਾਹਮਣੇ ਆਈ, ਉਸ ’ਤੇ ਮੈਂ ਸਵਾਲ ਖੜ੍ਹੇ ਕੀਤੇ। ਆਪਣੇ ਕੋਲੋਂ ਕੁਝ ਨਹੀਂ ਕਿਹਾ। ਫਿਰ ਸਿੱਧੂ ਨੂੰ ਦਰਮਿਆਨ ’ਚ ਕਿਉਂ ਘਸੀਟਿਆ ਗਿਆ? ਨਰੰਜਣ ਸਿੰਘ ਦੀ ਜਾਂ ਐੱਸ. ਟੀ. ਐੱਫ. ਦੇ ਇੰਚਾਰਜ ਦੀ ਬਦਲੀ ਕਿਉਂ ਕੀਤੀ ਗਈ? ਫਿਰ ਕਿਸ ਨੇ ਕਿਹਾ ਕਿ ਸਿੱਧੂ ਕਿਸੇ ਨਾਲ ਖੁੰਦਕ ਰੱਖ ਰਿਹਾ ਹੈ। ਐੱਫ. ਆਈ. ਆਰ. ਦੇ ਦਿਓ, ਉਸ ਨੂੰ ਕੀ? ਐੱਫ. ਆਈ. ਆਰ. ਤਾਂ ਬੇਅਦਬੀ ਕੇਸ ’ਚ ਵੀ ਦਾਖਲ ਹੋਈ ਪਰ ਕੀ ਬਣਿਆ?
ਬੇਅਦਬੀ ਬਾਰੇ ਸਿੱਧੂ ਦੇ ਸਟੈਂਡ ਦਾ ਕੀ ਬਣਿਆ?
ਸਿੱਧੂ ਨੇ ਇਸ ਮਾਮਲੇ ’ਚ ਪੂਰਾ ਸਟੈਂਡ ਲਿਆ। ਡੀ. ਜੀ. ਪੀ. ਜਿਸ ਨੇ ਸੁਖਬੀਰ ਬਾਦਲ ਨੂੰ ਕਲੀਨ ਚਿੱਟ ਦਿੱਤੀ, ਉਹ ਕੀ ਇਨਸਾਫ ਕਰੇਗਾ? ਉਸ ਨੂੰ ਬਦਲਣ ਲਈ ਸਿੱਧੂ ਨੇ ਅਸਤੀਫਾ ਦਿੱਤਾ, ਜਿਸ ’ਤੇ ਸੁਣਵਾਈ ਹੋਈ। ਬਾਕੀ ਰਹੀ ਐੱਸ. ਆਈ. ਟੀ. ਬਣਾਉਣ ਦੀ ਗੱਲ ਤਾਂ ਉਸ ਦੀ ਲੋੜ ਕੀ ਸੀ? ਜਦੋਂ ਮਾਮਲਾ ਦਰਜ ਹੋਇਆ ਤਾਂ ਦੋਸ਼ੀ ਨੂੰ ਸਿੱਧਾ ਫੜ ਕੇ ਲਿਆਓ। ਐੱਸ. ਆਈ. ਟੀ. ਦੀ ਲੋੜ ਕੀ ਹੈ।
ਚਰਚਾ ਹੈ ਚੰਨੀ ਅਤੇ ਸਿੱਧੂ ਦੀ ਬਣਦੀ ਨਹੀਂ
ਮੇਰੀ ਅਤੇ ਚੰਨੀ ਦੀ ਕੋਈ ਲੜਾਈ ਨਹੀਂ। ਜ਼ਰੂਰੀ ਨਹੀਂ ਕਿ ਅਸੀਂ ਦੋਵੇਂ ਇਕੋ ਥਾਂ ਜਾਈਏ। ਸਮੇਂ ਮੁਤਾਬਕ ਜੋ ਜਿਥੇ ਪਹੁੰਚ ਜਾਏ, ਉਹੀ ਠੀਕ। ਗੱਲ ਤਾਂ ਇਹ ਹੈ ਕਿ ਪਾਰਟੀ ਲਈ ਕੰਮ ਹੋਣਾ ਚਾਹੀਦਾ ਹੈ।
ਚੰਨੀ, ਸਿੱਧੂ ਜਾਂ ਜਾਖੜ ’ਚੋਂ ਸੀ. ਐੱਮ. ਕੌਣ ਹੋਵੇਗਾ
ਪੰਜਾਬ ’ਚ ਸੀ. ਐੱਮ. ਤੋਂ ਪਹਿਲਾਂ ਵਿਧਾਇਕ ਬਣਨੇ ਹਨ। ਜੇ ਪਾਰਟੀ ਦੇ 60 ਵਿਧਾਇਕ ਹੀ ਨਾ ਬਣ ਸਕੇ ਤਾਂ ਕੀ ਫਾਇਦਾ? ਹਾਈਕਮਾਨ ਨੇ ਵੀ ਇਹ ਕਿਹਾ ਹੈ ਕਿ ਵਿਧਾਨ ਸਭਾ ਤੈਅ ਕਰੇਗੀ ਕਿ ਕੌਣ ਸੀ. ਐੱਮ. ਬਣੇਗਾ। ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੇਰੀ ਪਹਿਲ ਹੈ ਕਿ ਕਾਂਗਰਸ ਦਾ ਹਰ ਉਮੀਦਵਾਰ ਜਿੱਤੇ। ਕਿਤੇ ਕਿਸੇ ਨਾਲ ਕੋਈ ਰੋਸ ਨਹੀਂ। ਬਸ ਸੀਟ ਆਉਣੀ ਚਾਹੀਦੀ ਹੈ। ਮੇਰੀ ਨਾ ਲਾੜਾ ਬਣਨ ਦੀ ਇੱਛਾ ਹੈ ਅਤੇ ਨਾ ਹੀ ਸਰਬਾਲਾ ਬਣਨ ਦੀ ਕੋਸ਼ਿਸ਼। ਸਿਰਫ ਪੰਜਾਬ ਦੀ ਹਾਲਤ ਅਤੇ ਸਿਸਟਮ ਨੂੰ ਸੁਧਾਰਨ ਦੀ ਇੱਛਾ ਹੈ।
ਕਹਿ ਰਹੇ ਹਨ ਕਿ ਸਿੱਧੂ ‘ਆਪ’ ਦੇ ਸੀ. ਐੱਮ. ਉਮੀਦਵਾਰ ਭਗਵੰਤ ਮਾਨ ਦੀ ਹਮਾਇਤ ਕਰ ਰਹੇ ਹਨ
ਭਗਵੰਤ ਮੇਰਾ ਛੋਟਾ ਭਰਾ ਹੈ ਅਤੇ ਉਸ ਦਾ ਸਵਾਗਤ ਹੈ। ਮੇਰੀ ਕਿਸੇ ਨਾਲ ਨਿੱਜੀ ਰੰਜਿਸ਼ ਜਾਂ ਖੁੰਦਕ ਨਹੀਂ ਹੈ। ਜੇ ਕੇਜਰੀਵਾਲ ਝੂਠਾ ਹੈ, ਦੀਪ ਮਲਹੋਤਰਾ ਨਾਲ ਸਮਝੌਤੇ ਹਨ, ਸ਼ਬਦਾਂ ਤੋਂ ਮੁੱਕਰ ਜਾਂਦਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਸਭ ਨਾਲ ਖੁੰਦਕ ਰੱਖਾਂ। ਭਗਵੰਤ ਮਾਨ ਤਾਂ ਅਜੇ ਇਸ ਅਹੁਦੇ ਲਈ ਨਵੇਂ ਹਨ ਅਤੇ ਇਸ ਸਬੰਧੀ ਬਿਨਾਂ ਕਾਰਨ ਬੋਲਣ ਦਾ ਕੋਈ ਮਤਲਬ ਨਹੀਂ।
ਕੈਪਟਨ ਦਾ ਨਾਂ ਲਏ ਬਿਨਾਂ ਵਰ੍ਹੇ ਸਿੱਧੂ
ਪੰਜਾਬ ’ਚ ਏਜੰਡਾ ਬਣਾਇਆ ਹੈ। ਉਸ ਨੂੰ ਲੈ ਕੇ ਮੈਂ ਸਵਾਲ ਖੜ੍ਹੇ ਕਰਦਾ ਰਿਹਾ ਹਾਂ। ਕੈਪਟਨ ਦਾ ਨਾਂ ਲਏ ਬਿਨਾਂ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵਾਅਦਾ ਖਿਲਾਫੀ ਹੋਈ ਹੈ, ਉਸ ਲਈ ਉਹ ਲੜੇ ਹਨ। ਪੰਜਾਬ ਦੇ ਏਜੰਡੇ ਤੋਂ ਵੱਡੀ ਗੱਲ ਹੈ ਕਿ ਏਜੰਡੇ ਨੂੰ ਲਾਗੂ ਕੌਣ ਕਰੇਗਾ? ਇਕ ਸਿਸਟਮ ਨੂੰ ਤੋੜਨ ਦਾ ਏਜੰਡਾ ਹੈ। ਪੰਜਾਬ ਨੂੰ ਗਿਰਵੀ ਰੱਖਿਆ ਜਾ ਰਿਹਾ ਹੈ। ਪੰਜਾਬ ਦੇ ਵਿਧਾਇਕਾਂ ਉਪਰ ਅਧਿਕਾਰੀ ਬਿਠਾਏ ਜਾ ਰਹੇ ਹਨ। ਅਧਿਕਾਰੀਆਂ ਨਾਲ ਮਿਲ ਕੇ ਕਾਲੋਨੀਆਂ ਕੱਟੀਆਂ ਗਈਆਂ ਅਤੇ ਹੋਰ ਵੀ ਬਹੁਤ ਕੁਝ ਹੋਇਆ। ਇਹ ਉਲਟਾ ਸਿਸਟਮ ਹੈ, ਜੋ ਪੰਜਾਬ ’ਚ ਚੱਲਦਾ ਰਿਹਾ ਹੈ। ਇਸ ਸਿਸਟਮ ਨੂੰ ਬਦਲਣ ਲਈ ਨੈਤਿਕਤਾ ਵਾਲਾ ਇਨਸਾਨ ਚਾਹੀਦਾ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਪਟਿਆਲਾ ਤੋਂ ਹੀ ਲੜਾਂਗਾ ਚੋਣ, ਆਪਣੇ ਪਰਿਵਾਰ ਦਾ 300 ਸਾਲ ਪੁਰਾਣਾ ਘਰ ਨਹੀਂ ਛੱਡਾਂਗਾ: ਕੈਪਟਨ
NEXT STORY