ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਵਿਧਾਨ ਸਭਾ ਹਲਕਾ ਲੰਬੀ ਦਾ ਪਿੰਡ ਹੈ ਸ਼ਾਮਕੋਟ ਜਿਸ ਨੂੰ ਸ਼ਾਮਖੇੜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਲੰਬੀ ਵਿਧਾਨ ਸਭਾ ਜਿੱਥੇ 2017 ’ਚ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਆਹਮੋ-ਸਾਹਮਣੀ ਟੱਕਰ ਸੀ ਅਤੇ ਇਸ ਵਿਧਾਨ ਸਭਾ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਜੇਤੂ ਰਹੇ। ਪਰ ਉਸ ਸਮੇਂ ਦੌਰਾਨ ਲੰਬੀ ਹਲਕੇ ਦੇ ਪਿੰਡਾਂ ’ਚ ਚੋਣ ਦੌਰੇ ’ਤੇ ਆਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਪਿੰਡ ’ਚ ਵੀ ਨਸ਼ਿਆਂ ਦਾ ਲੱਕ ਤੋੜਣ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਹੋਇਆ ਨਹੀਂ। ਅੱਜ ਨਸ਼ੇ ਨਾਲ ਇਸ ਪਿੰਡ ਦੇ ਪਰਿਵਾਰਾਂ ਦਾ ਲੱਕ ਤੋੜ ਰਹੇ ਹਨ। ਪਿੰਡ ਦੀ ਪੰਚਾਇਤ ਦੀ ਮੰਨੀਏ ਤਾਂ ਬੀਤੇ ਕੁਝ ਦਿਨਾਂ ’ਚ ਪਿੰਡ ’ਚ ਚਿੱਟੇ ਦੇ ਨਸ਼ੇ ਕਾਰਨ 5 ਤੋਂ 7 ਮੌਤਾਂ ਹੋ ਚੁੱਕੀਆਂ ਹਨ। ਹੁਣ ਪਿੰਡ ਦੀ ਪੰਚਾਇਤ ਨੇ ਲੋਕਾਂ ਦੀ ਹਾਜ਼ਰੀ ’ਚ ਇਕ ਮਤਾ ਪਾ ਕੇ ਪੁਲਸ ਨੂੰ ਦਿੱਤਾ ਕਿ ਉਹ ਪਿੰਡ ’ਚ ਕਿਸੇ ਵੀ ਹਾਲਤ ’ਚ ਨਸ਼ਾ ਨਹੀਂ ਵਿਕਣ ਦੇਣਗੇ। ਪੁਲਸ ਨਸ਼ਾ ਤਸਕਰਾਂ ’ਤੇ ਸਖ਼ਤ ਕਾਰਵਾਈ ਕਰੇ। ਨਸ਼ਿਆਂ ’ਚ ਜਿਨ੍ਹਾਂ ਦੇ ਘਰਾਂ ਦੇ ਜੀਅ ਚਲੇ ਗਏ ਉਨ੍ਹਾਂ ਦੇ ਬੋਲ ਕਾਲਜਾ ਚੀਰਦੇ ਹਨ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਗ੍ਰੰਥੀ ਨੇ ਵਰਤਾਈ ਦੇਗ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ,ਲੀਡਰ ਵੀ ਸਨ ਭੋਗ ’ਚ ਸ਼ਾਮਲ
ਇਸ ਸਬੰਧੀ ਪਿੰਡ ਦੇ ਸਰਪੰਚ ਪ੍ਰੀਤਮ ਸਿੰਘ ਜੋ ਸਾਬਕਾ ਸੈਨਿਕ ਹਨ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਨਸ਼ਿਆਂ ਦੇ ਵਿਰੁੱਧ ਹਨ। ਉਨ੍ਹਾਂ ਤੇ ਨਸ਼ਾ ਤਸਕਰਾਂ ਨੇ ਉਨ੍ਹਾਂ ਦੇ ਘਰ ਤੇ ਹਮਲਾ ਵੀ ਕੀਤਾ ਸੀ ਪਰ ਉਨ੍ਹਾਂ ਪਿੰਡ ਨਾਲ ਇਕੱਠੇ ਹੋ ਇਹ ਲੜਾਈ ਵਿਢੀ ਹੈ ਕਿ ਪਿੰਡ ’ਚ ਨਸ਼ਾ ਨਹੀਂ ਵਿਕਣ ਦੇਣਗੇ ਅਤੇ ਪੁਲਸ ਪ੍ਰਸ਼ਾਸਨ ਅਜਿਹੇ ਅਨਸਰਾਂ ’ਤੇ ਠੋਸ ਕਾਰਵਾਈ ਕਰੇ। ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਕਰ ਰਹੀ ਮਾਤਾ ਦੱਸਦੀ ਹੈ ਕਿ ਉਸਦੇ ਦੋ ਪੁੱਤਰ ਚਿੱਟੇ ਦੀ ਭੇਟ ਚੜ੍ਹ ਗਏ। ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਪਿੰਡ ਜਦ ਵੋਟਾਂ ਲਈ ਆਏ ਤਾਂ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰਕੇ ਗਏ ਪਰ ਹੋਇਆ ਕੁਝ ਨਹੀਂ।
ਇਹ ਵੀ ਪੜ੍ਹੋ: ਕਾਂਗਰਸ ਅੰਦਰ ਮਚੇ ਘਮਸਾਨ ਨੂੰ ਹੁਣ ਸ਼ਾਂਤ ਕਰਨਗੇ ਰਾਹੁਲ ਗਾਂਧੀ!
ਬਾਪੂ ਮੁਖਤਿਆਰ ਸਿੰਘ ਦਾ ਇਕ ਪੁੱਤਰ ਨਸ਼ੇ ਕਾਰਨ ਦੁਨੀਆ ਤੋਂ ਚਲਾ ਗਿਆ। ਨਵਸੰਗੀਤ ਦਾ ਭਰਾ ਚਾਰ ਸਾਲ ਦੇ ਮਾਸੂਮ ਨੂੰ ਰੋਂਦੇ ਕਰਲਾਉਂਦੇ ਛੱਡ ਚਿੱਟੇ ਦੇ ਵਹਿਣ ’ਚ ਵਹਿ ਗਿਆ। ਅੱਠਵੀ ਸ਼੍ਰੇਣੀ ਦੀ ਮਹਿਕਦੀਪ ਨਸ਼ਿਆਂ ਵਿਰੁੱਧ ਹੱਥੀ ਪੋਸਟਰ ਤਿਆਰ ਕਰ ਰਹੀ ਕਿ ਇਹ ਪਿੰਡ ’ਚ ਲਾਏ ਜਾਣਗੇ, ਮਹਿਕਦੀਪ ਦੇ ਚਾਚੇ ਦੀ ਮੌਤ ਕੁਝ ਦਿਨ ਪਹਿਲਾਂ ਚਿੱਟੇ ਕਾਰਨ ਹੋ ਗਈ ਸੀ। ਪਿੰਡ ਦੇ ਕਈ ਘਰਾਂ ਦੀ ਇਹ ਦਾਸਤਾਨ ਹੈ। ਨਸ਼ਿਆਂ ਦੀ ਮਾਰ ਹੇਠ ਆਏ ਪਰਿਵਾਰ ਚਾਹੁੰਦੇ ਹਨ ਕਿ ਹੁਣ ਪਿੰਡ ਦੇ ਹੋਰ ਨੌਜਵਾਨ ਇਸ ਨਸ਼ਿਆਂ ਦੀ ਦਲਦਲ ’ਚ ਨਾ ਜਾਣ। ਇਸ ਲਈ ਉਨ੍ਹਾਂ ਇਹ ਮਤਾ ਪਾਸ ਕਰਨ ’ਚ ਪਿੰਡ ਦੀ ਪੰਚਾਇਤ ਦਾ ਸਹਿਯੋਗ ਦਿੰਦਿਆਂ ਇਹ ਪ੍ਰਣ ਕੀਤਾ ਕਿ ਉਹ ਪਿੰਡ ’ਚ ਚਿੱਟਾ ਸਮੈਕ ਗੋਲੀਆਂ ਜਿਹਾ ਨਸ਼ਾ ਨਹੀਂ ਵਿਕਣ ਦੇਣਗੇ। ਪੰਚਾਇਤੀ ਮਤੇ ਸਬੰਧੀ ਥਾਣਾ ਕਬਰਵਾਲਾ ਦੇ ਐੱਸ.ਐੱਚ.ਓ. ਕਹਿੰਦੇ ਹਨ ਕਿ ਪਿੰਡ ਨੇ ਆਪਣੇ ਪੱਧਰ ’ਤੇ ਕਮੇਟੀ ਬਣਾਈ ਜੋ ਨਸ਼ਾ ਤਸਕਰਾਂ ਵਿਰੁੱਧ ਸਹਿਯੋਗ ਦੇਵੇਗੀ ਅਤੇ ਪੁਲਸ ਵੱਲੋ ਵੀ ਪਿੰਡ ਦਾ ਪੂਰਾ ਸਾਥ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਜੂਨ ਦੇ ਅੰਤ ’ਚ ਪੰਜਾਬ ਪਹੁੰਚ ਸਕਦਾ ਹੈ ਮਾਨਸੂਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੇਵਾਮੁਕਤੀ ਦਾ ਮਿਲਿਆ ਤੋਹਫ਼ਾ, ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਹੋਏ ਚਾਰਜਸ਼ੀਟ
NEXT STORY