ਮਾਛੀਵਾੜਾ ਸਾਹਿਬ (ਟੱਕਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਤੇ ਕਣਕ ਦੀ ਸਰਕਾਰੀ ਖਰੀਦ ਕਰਦੀ ਏਜੰਸੀ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਫੁਰਮਾਨ ਦਿੱਤਾ ਗਿਆ ਹੈ ਕਿ ਹੁਣ ਇਹ ਏਜੰਸੀ ਫਸਲ ਦੀ ਖਰੀਦ ਨਹੀਂ ਕਰੇਗੀ। ਇਸ ਦਾ ਸਿੱਧਾ ਅਸਰ ਫਸਲ ਖਰੀਦ 'ਤੇ ਪਵੇਗਾ, ਉਥੇ ਹੀ ਇਸ ਅਦਾਰੇ ਨਾਲ ਜੁੜੇ ਸੈਂਕੜੇ ਕਰਮਚਾਰੀ ਬੇਰੁਜ਼ਗਾਰ ਹੋ ਜਾਣਗੇ। ਪਿਛਲੇ ਕੁੱਝ ਮਹੀਨਿਆਂ ਤੋਂ ਇਹ ਚਰਚਾਵਾਂ ਸਨ ਕਿ ਪੰਜਾਬ ਸਰਕਾਰ ਦੀਆਂ ਏਜੰਸੀਆਂ ਮੰਡੀਆਂ 'ਚੋਂ ਫਸਲ ਖਰੀਦ ਤੋਂ ਹੱਥ ਖਿੱਚ ਰਹੀਆਂ ਹਨ ਅਤੇ ਅੱਜ ਸੂਬੇ ਦੀ ਕਾਂਗਰਸ ਸਰਕਾਰ ਨੇ ਆਪਣੀ ਪਹਿਲੀ ਸਰਕਾਰੀ ਏਜੰਸੀ ਨੂੰ ਖਰੀਦ ਕੰਮਾਂ ਤੋਂ ਹਟਾ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਐਗਰੋ ਫੂਡ ਹਰੇਕ ਸਾਲ ਸੂਬੇ ਦੀਆਂ ਮੰਡੀਆਂ 'ਚੋਂ 16 ਲੱਖ ਮੀਟਰਕ ਟਨ ਕਣਕ ਅਤੇ 20 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕਰਦੀ ਸੀ ਪਰ ਹੁਣ 2019-20 ਤੋਂ ਇਹ ਏਜੰਸੀ ਫਸਲਾਂ ਦੀ ਖਰੀਦ ਨਹੀਂ ਕਰੇਗੀ ਅਤੇ ਇਸ ਦਾ ਟੀਚਾ ਬਾਕੀ ਸਰਕਾਰੀ ਖਰੀਦ ਏਜੰਸੀਆਂ ਨੂੰ ਦੇਣ ਦੀ ਸਰਕਾਰ ਤਜਵੀਜ਼ ਬਣਾ ਰਹੀ ਹੈ। ਪੰਜਾਬ ਐਗਰੋ ਫੂਡ ਏਜੰਸੀ ਵਿਚ 430 ਕਰਮਚਾਰੀ ਪੱਕੇ ਤੌਰ 'ਤੇ ਹਨ ਜਦਕਿ 240 ਕਰਮਚਾਰੀ ਆਰਜ਼ੀ ਤੌਰ 'ਤੇ ਭਰਤੀ ਕੀਤੇ ਗਏ ਹਨ ਜੋ ਕਿ ਮੰਡੀਆਂ 'ਚ ਫਸਲ ਦੀ ਖਰੀਦ ਅਤੇ ਅਦਾਰੇ ਦਾ ਹੋਰ ਕੰਮ ਕਰਦੇ ਹਨ। ਅਦਾਰੇ ਵਲੋਂ 430 ਪੱਕੇ ਕਰਮਚਾਰੀਆਂ ਨੂੰ ਤਾਂ ਹੋਰ ਜੋ ਏਜੰਸੀ ਦੇ ਕੰਮ ਹਨ, ਉਨ੍ਹਾਂ 'ਚ ਤਬਦੀਲ ਕਰ ਦਿੱਤਾ ਜਾਵੇਗਾ ਜਦਕਿ ਜੋ 240 ਕਰਮਚਾਰੀ ਆਰਜ਼ੀ ਹਨ, ਉਨ੍ਹਾਂ 'ਚੇ ਬੇਰੁਜ਼ਗਾਰੀ ਦੀ ਤਲਵਾਰ ਲਟਕ ਗਈ ਹੈ ਜਿਨ੍ਹਾਂ ਨੂੰ ਸਰਕਾਰ ਕਦੇ ਵੀ ਹਟਾ ਸਕਦੀ ਹੈ।
ਪੰਜਾਬ ਸਰਕਾਰ ਦੇ ਇਸ ਨੋਟੀਫਿਕੇਸ਼ਨ ਤੋਂ ਬਾਅਦ ਪੰਜਾਬ ਐਗਰੋ ਫੂਡ ਦੇ 430 ਪੱਕੇ ਕਰਮਚਾਰੀ 15 ਦਿਨ ਦੀ ਲੰਬੀ ਛੁੱਟੀ 'ਤੇ ਚਲੇ ਗਏ ਹਨ ਅਤੇ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਉਹ ਸਾਰੇ ਫਿਰ ਲੰਬੀ ਛੁੱਟੀ 'ਤੇ ਚਲੇ ਜਾਣਗੇ ਜਦਕਿ ਆਰਜ਼ੀ ਤੌਰ 'ਤੇ ਰੱਖੇ ਕਰਮਚਾਰੀਆਂ ਨੇ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਦੀ ਹੈ ਜਦਕਿ ਦੂਜੇ ਪਾਸੇ ਉਨ੍ਹਾਂ ਨੂੰ ਰੁਜ਼ਗਾਰ 'ਤੇ ਲੱਗਿਆਂ ਨੂੰ ਹਟਾਉਣ ਦੀਆਂ ਤਿਆਰੀਆਂ ਕਰ ਉਨ੍ਹਾਂ ਦੇ 15000 ਪਰਿਵਾਰਕ ਮੈਂਬਰਾਂ ਦੇ ਢਿੱਡ 'ਤੇ ਲੱਤ ਮਾਰੀ ਜਾ ਰਹੀ ਹੈ।
ਪੰਜਾਬ ਐਗਰੋ ਦੀ ਫਸਲ ਦੀ ਖਰੀਦ ਦਾ ਹਿੱਸਾ ਬਾਕੀ ਏਜੰਸੀਆਂ ਖਰੀਦਣਗੀਆਂ : ਭਾਰਤ ਭੂਸ਼ਣ ਆਸ਼ੂ
ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਐਗਰੋ ਫੂਡਗ੍ਰੇਨ ਏਜੰਸੀ ਫਸਲ ਖਰੀਦ ਦਾ ਕੰਮ ਤਸੱਲੀਬਖ਼ਸ਼ ਨਹੀਂ ਸੀ ਅਤੇ ਕੁੱਝ ਹੋਰ ਤਕਨੀਕੀ ਕਾਰਨਾਂ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ ਹੈ ਕਿ ਇਸ ਏਜੰਸੀ ਨੂੰ ਫਸਲ ਖਰੀਦ ਦੇ ਕੰਮ ਤੋਂ ਹਟਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ 'ਚ ਕੋਈ ਮੁਸ਼ਕਿਲ ਨਹੀਂ ਆਵੇਗੀ ਕਿਉਂਕਿ ਸਰਕਾਰ ਦੀਆਂ ਬਾਕੀ 4 ਹੋਰ ਖਰੀਦ ਏਜੰਸੀਆਂ ਝੋਨੇ ਤੇ ਕਣਕ ਦੀ ਖਰੀਦ ਜਾਰੀ ਰੱਖਣਗੀਆਂ। ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਪੰਜਾਬ ਐਗਰੋ ਫੂਡਗ੍ਰੇਨ ਵਲੋਂ ਜੋ ਖਰੀਦੀ ਹੋਈ ਕਣਕ ਗੁਦਾਮਾਂ ਵਿਚ ਪਈ ਹੈ, ਉਸਦੀ ਸਹੀ ਸੰਭਾਲ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਸਬੰਧੀ ਮੀਟਿੰਗਾਂ ਕਰਕੇ ਯੋਗ ਫੈਸਲਾ ਲਿਆ ਜਾਵੇ ਤਾਂ ਜੋ ਇਹ ਖਰੀਦੀ ਗਈ ਫਸਲ ਖਰਾਬ ਹੋ ਨਾ ਹੋਵੇ।
ਪਾਣੀ ਵਾਲੀ ਟੈਂਕੀ 'ਤੇ ਚੜ੍ਹ ਮੁਲਾਜ਼ਮਾਂ ਨੇ ਫਿਲਮੀ ਅੰਦਾਜ਼ 'ਚ ਕੀਤਾ ਪ੍ਰਦਰਸ਼ਨ
NEXT STORY