ਚੰਡੀਗੜ੍ਹ,(ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤੇ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਾਂਝੇ ਸਮਾਗਮਾਂ ਵਿਚ ਭਾਗ ਲੈਣ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਠੁਕਰਾ ਕੇ ਆਪਣਾ ਅਸਲੀ ਰੰਗ ਵਿਖਾ ਦਿੱਤਾ ਹੈ ਅਤੇ ਉਹ ਸ਼ਰੇਆਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦੇਣ ਲੱਗਿਆ ਹੈ।
ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਸੱਚਾਈ ਸਿੱਖ ਸੰਗਤ ਦੇ ਸਾਹਮਣੇ ਹੈ। ਦੋ ਮਹੀਨੇ ਤੋਂ ਲੁਕਣਮੀਚੀ ਦੀ ਖੇਡ ਖੇਡਣ ਅਤੇ ਇਹ ਦਾਅਵਾ ਕਰਨ ਮਗਰੋਂ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਚੱਲੇਗਾ, ਮੁੱਖ ਮੰਤਰੀ ਨੇ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਦਾ ਨਿਰਾਦਰ ਕਰਨ ਦੀ ਕਾਂਗਰਸੀ ਯੋਜਨਾ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਾਂਗਰਸ ਦੀ ਬੀ ਟੀਮ 'ਆਮ ਆਦਮੀ ਪਾਰਟੀ' ਅਤੇ ਸਿੱਖ ਧਰਮ ਵਿਚ ਵਿਸ਼ਵਾਸ ਨਾ ਰੱਖਣ ਵਾਲੀਆਂ ਤਾਕਤਾਂ ਜਾਂ ਸੂਬੇ ਦੇ ਲੋਕਾਂ ਅੰਦਰ ਕੋਈ ਆਧਾਰ ਨਾ ਰੱਖਣ ਵਾਲੇ ਕੁੱਝ ਧੜਿਆਂ ਦੀ ਅਖੌਤੀ ਸਰਬ ਪਾਰਟੀ ਮੀਟਿੰਗ ਸੱਦ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਰੁੱਧ ਇਕ ਸਾਂਝਾ ਫਰੰਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਨ੍ਹਾਂ ਪਾਰਟੀਆਂ ਨੇ ਆਪਣੇ ਸੌੜੇ ਹਿੱਤਾਂ ਦੀ ਖਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਥਾਰਟੀ ਨੂੰ ਚੁਣੌਤੀ ਦੇਣ ਲਈ ਹੱਥ ਮਿਲਾ ਲਏ ਹਨ।
ਆਪਰੇਸ਼ਨ ਬਲਿਊ ਸਟਾਰ ਸਮੇਂ ਬੈਰਕਾਂ ਛੱਡਣ ਵਾਲੇ ਫੌਜੀਆਂ ਲਈ ਕੀਤੀ ਰਾਹਤ ਦੀ ਮੰਗ
ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਆਪਰੇਸ਼ਨ ਬਲਿਊ ਸਟਾਰ ਮਗਰੋਂ ਸਦਮੇ ਵਿਚ ਬੈਰਕਾਂ ਛੱਡਣ ਵਾਲੇ 309 ਸਿੱਖ ਫੌਜੀਆਂ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦੇਣ। ਅੱਜ ਪ੍ਰਧਾਨ ਮੰਤਰੀ ਨੂੰ ਲਿਖੀ ਇਕ ਚਿੱਠੀ ਵਿਚ ਉਨ੍ਹਾਂ ਕਿਹਾ ਕਿ 1984 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਰਵਾਏ ਹਮਲੇ ਮਗਰੋਂ ਸਦਮੇ ਵਜੋਂ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ 309 ਸਿੱਖ ਫੌਜੀ ਆਪਣੀਆਂ ਬੈਰਕਾਂ ਛੱਡ ਕੇ ਚਲੇ ਗਏ ਸਨ। ਇਸ ਹਮਲੇ ਨੂੰ ਦੁਨੀਆਭਰ ਦੇ ਸਿੱਖਾਂ ਵੱਲੋਂ ਆਪਣੀਆਂ ਰੂਹਾਂ ਉੱਤੇ ਹੋਇਆ ਹਮਲਾ ਮੰਨਿਆ ਗਿਆ ਸੀ। ਇਸ ਕਾਰਵਾਈ ਲਈ ਬਾਅਦ ਵਿਚ ਸਿੱਖ ਫੌਜੀਆਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਸੀ। ਇਹ ਟਿੱਪਣੀ ਕਰਦਿਆਂ ਕਿ ਸੱਤਾਧਾਰੀ ਕਾਂਗਰਸ ਸਰਕਾਰ ਵੱਲੋਂ ਕੀਤਾ ਅਪਰਾਧ ਇਸ ਨਾਲ ਕਿਤੇ ਵੱਡਾ ਅਤੇ ਨਾਮੁਆਫੀਯੋਗ ਸੀ, ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੋਰਟ ਮਾਰਸ਼ਲ ਕੀਤੇ 309 ਫੌਜੀਆਂ ਨੂੰ ਸਾਬਕਾ ਫੌਜੀ ਕਰਾਰ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਸਾਰੇ ਫੌਜੀ ਲਾਭ ਬਹਾਲ ਕੀਤੇ ਜਾਣ।
ਮਾਂ ਦੇ ਅੰਤਿਮ ਸੰਸਕਾਰ ਲਈ ਛੁੱਟੀ ਲੈ ਕੇ ਆ ਰਿਹਾ ਸੀ ਫੌਜੀ ਪੁੱਤ, ਰਸਤੇ 'ਚ ਹੋਈ ਮੌਤ
NEXT STORY