ਚੰਡੀਗੜ੍ਹ (ਸ਼ਰਮਾ) : ਰਾਜ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਪੁਲਸ ਹਿਰਾਸਤ 'ਚ 13 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਸਦਨ 'ਚ ਰੱਖੀ ਗਈ। ਪ੍ਰਦਾਨ ਕੀਤੀ ਗਈ ਜਾਣਕਾਰੀ ਅੁਨਸਾਰ ਅਪ੍ਰੈਲ 2017 ਤੋਂ ਜੂਨ 2019 ਦੌਰਾਨ ਪੁਲਸ ਹਿਰਾਸਤ 'ਚ ਜੋ 13 ਮੌਤਾਂ ਸਾਹਮਣੇ ਆਈਆਂ ਹਨ, ਉਨ੍ਹਾਂ 'ਚ ਸਭ ਤੋਂ ਜ਼ਿਆਦਾ 5 ਲੁਧਿਆਣਾ ਜ਼ਿਲੇ ਨਾਲ ਜੁੜੀਆਂ ਹੋਈਆਂ ਹਨ, ਜਦੋਂ ਕਿ ਮੁਕਤਸਰ ਜ਼ਿਲੇ 'ਚ 2 ਮਾਮਲੇ ਪ੍ਰਕਾਸ਼ 'ਚ ਆਏ। ਇਸ ਤੋਂ ਇਲਾਵਾ ਫਰੀਦਕੋਟ, ਖੰਨਾ, ਹੁਸ਼ਿਆਰਪੁਰ, ਬਰਨਾਲਾ, ਐੱਸ. ਏ. ਐੱਸ. ਨਗਰ ਅਤੇ ਅੰਮ੍ਰਿਤਸਰ ਜ਼ਿਲੇ ਨਾਲ ਸਬੰਧਿਤ ਇਕ-ਇਕ ਮਾਮਲਾ ਹੈ। ਮਾਮਲਿਆਂ 'ਤੇ ਕੀਤੀ ਗਈ ਕਾਰਵਾਈ ਦੇ ਸਬੰਧ 'ਚ ਪ੍ਰਦਾਨ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਆਦਾਤਰ ਮਾਮਲੇ ਖੁਦਕੁਸ਼ੀਆਂ ਦੇ ਹਨ ਅਤੇ ਕਾਨੂੰਨੀ ਅਤੇ ਮਹਿਕਮਾਨਾ ਜਾਂਚ ਤੋਂ ਬਾਅਦ ਜ਼ਿਆਦਾਤਰ ਮਾਮਲਿਆਂ 'ਚ ਦੋਸ਼ੀ ਪੁਲਸ ਕਰਮਚਾਰੀਆਂ ਜਾਂ ਅਧਿਕਾਰੀਆਂ ਨੂੰ ਨਿਰਦੋਸ਼ ਪਾਇਆ ਗਿਆ ਹੈ।
ਬਲਾਚੌਰ ਸਮੇਤ ਰਾਜ 'ਚ ਖੋਲ੍ਹੇ ਜਾਣਗੇ 15 ਤਕਨੀਕੀ ਟ੍ਰੇਨਿੰਗ ਸੈਂਟਰ
ਵਿਧਾਇਕ ਦਰਸ਼ਨ ਲਾਲ ਦੇ ਸਵਾਲ ਦੇ ਜਵਾਬ 'ਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ ਰਾਜ ਦੀ ਕੈਪਟਨ ਸਰਕਾਰ ਵੱਲੋਂ 15 ਨਵੇਂ ਤਕਨੀਕੀ ਟ੍ਰੇਨਿੰਗ ਸੈਂਟਰ ਸਥਾਪਤ ਕਰਨ ਦਾ ਪ੍ਰਸਤਾਵ ਹੈ। ਇਨ੍ਹਾਂ ਸੈਂਟਰਾਂ 'ਚੋਂ ਇਕ ਬਲਾਚੌਰ 'ਚ ਵੀ ਸਥਾਪਤ ਹੋਵੇਗਾ। ਹਾਲਾਂਕਿ ਇਸ ਸਬੰਧ 'ਚ ਕੋਈ ਸਮਾਂ ਹੱਦ ਨਿਰਧਾਰਤ ਕਰਨ ਦਾ ਚੰਨੀ ਨੇ ਕੋਈ ਭਰੋਸਾ ਨਹੀਂ ਦਿੱਤਾ।
ਮੁਸਾਫਰਾਂ ਦੀ ਗਿਣਤੀ ਯਕੀਨੀ ਕਰਵਾ ਦਿਓ, ਸ਼ੁਰੂ ਕਰ ਦੇਵਾਂਗੇ ਪੀ. ਆਰ. ਟੀ. ਸੀ. ਦੀ ਬੱਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਸਵਾਲ 'ਤੇ ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਸਦਨ ਨੂੰ ਜਾਣਕਾਰੀ ਦਿੱਤੀ ਫਿਰੋਜ਼ਪੁਰ-ਖੋਸਾ, ਦਲ ਸਿੰਘ, ਹਰਦਾਸਾ, ਤਲਵੰਡੀ ਭਾਈ ਅਤੇ ਮੱਲਾਂਵਾਲਾ, ਕਾਮਲਵਾਲਾ, ਫਤਿਹਗੜ੍ਹ ਸਭਰਾ-ਹਰੀਕੇ ਰੂਟ 'ਤੇ ਨਵੀਆਂ ਬੱਸਾਂ ਚਲਾਉਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਅਨੁਪੂਰਕ ਪ੍ਰਸ਼ਨ ਦੇ ਰੂਪ 'ਚ ਇਕ ਵਿਸ਼ੇਸ਼ ਰੂਟ 'ਤੇ ਪੀ. ਆਰ. ਟੀ. ਸੀ. ਦੀ ਬੱਸ ਸੇਵਾ ਬੰਦ ਕਰਨ ਦੇ ਸਬੰਧ 'ਚ ਪੁੱਛੇ ਗਏ ਸਵਾਲ 'ਤੇ ਮੰਤਰੀ ਨੇ ਕਿਹਾ ਕਿ ਉਸ ਰੂਟ 'ਤੇ ਸਵਾਰੀਆਂ ਦੀ ਘਾਟ ਹੈ। ਜੇਕਰ ਮੁਸਾਫਰਾਂ ਦੇ ਬੱਸ ਪਾਸ ਬਣਵਾ ਕੇ ਉਚਿਤ ਗਿਣਤੀ ਯਕੀਨੀ ਕਰਵਾ ਦਿੱਤੀ ਜਾਵੇ ਤਾਂ ਬੱਸ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। ਹਾਲਾਂਕਿ ਇਕ ਹੋਰ ਅਨੁਪੂਰਕ ਪ੍ਰਸ਼ਨ ਦੇ ਰੂਪ 'ਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬੱਸ ਮਾਫੀਆ ਅਤੇ ਨਿੱਜੀ ਬੱਸ ਆਪਰੇਟਰਾਂ ਦੀ ਸਮਾਂ ਸਾਰਣੀ ਦਾ ਮਾਮਲਾ ਵੀ ਚੁੱਕਿਆ ਪਰ ਮੰਤਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹਾਲ ਹੀ 'ਚ ਵਿਭਾਗ ਦੀ ਜ਼ਿੰਮੇਵਾਰੀ ਸਾਂਭੀ ਹੈ, ਇਸ ਲਈ ਸਮਾਂ ਸਾਰਣੀ ਦੇ ਮਾਮਲੇ ਨੂੰ ਵੀ ਜਲਦੀ ਸੁਲਝਾ ਲਿਆ ਜਾਵੇਗਾ।
ਸਾਲ 2012 ਤੋਂ ਲਟਕੇ ਪਏ ਹਨ ਸ਼ਗਨ ਸਕੀਮ ਦੀ ਅਦਾਇਗੀ ਦੇ ਮਾਮਲੇ
ਵਿਧਾਇਕ ਅੰਗਦ ਸਿੰਘ ਵੱਲੋਂ ਨਵਾਂਸ਼ਹਿਰ ਵਿਧਾਨ ਸਭਾ ਖੇਤਰ 'ਚ ਸ਼ਗਨ ਸਕੀਮ, ਜਿਸ ਨੂੰ ਹੁਣ ਆਸ਼ੀਰਵਾਦ ਸਕੀਮ ਨਾਲ ਜਾਣਿਆ ਜਾਂਦਾ ਹੈ, ਦੇ ਲਾਭਪਾਤਰੀਆਂ ਦੇ ਸਬੰਧ 'ਚ ਮੰਗੀ ਗਈ ਜਾਣਕਾਰੀ ਦੇ ਜਵਾਬ 'ਚ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦੱਸਿਆ ਕਿ ਇਸ ਖੇਤਰ 'ਚ ਕੁਲ 66 ਮਾਮਲਿਆਂ 'ਚ ਸਾਲ 2012 ਤੋਂ ਜੂਨ 2019 ਤੱਕ ਅਦਾਇਗੀ ਨਹੀਂ ਕੀਤੀ ਗਈ ਹੈ। ਇਹ ਵੀ ਜਾਣਕਾਰੀ ਦਿੱਤੀ ਗਈ ਕਿ ਵਿੱਤ ਵਿਭਾਗ ਤੋਂ ਰਾਸ਼ੀ ਪ੍ਰਾਪਤ ਹੋਣ ਤੋਂ ਬਾਅਦ ਇਹ ਅਦਾਇਗੀ ਕਰ ਦਿੱਤੀ ਜਾਵੇਗੀ।
ਘਨੌਰ ਦੀ ਉਪ ਤਹਿਸੀਲ ਹੋਵੇਗੀ ਅਪਗ੍ਰੇਡ ਪਰ ਕਦੋਂ ਪਤਾ ਨਹੀਂ
ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਵਾਲ ਦੇ ਜਵਾਬ 'ਚ ਮਾਲੀਆ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਜਾਣਕਾਰੀ ਦਿੱਤੀ ਕਿ ਘਨੌਰ ਦੀ ਉਪ ਤਹਿਸੀਲ ਨੂੰ ਅਪਗ੍ਰੇਡ ਕਰਨ ਦਾ ਪ੍ਰਸਤਾਵ ਸਰਕਾਰ ਦੇ ਵਿਚਾਰ ਅਧੀਨ ਹੈ ਪਰ ਇਹ ਕਦੋਂ ਅਪਗ੍ਰੇਡ ਕੀਤੀ ਜਾਵੇਗੀ, ਇਸ ਦੀ ਸਮਾਂ ਹੱਦ ਤੈਅ ਨਹੀਂ ਕੀਤੀ ਗਈ ਹੈ।
ਜਨਵਰੀ 2020 ਤੋਂ ਬਾਅਦ ਹੀ ਮਿਲ ਸਕੇਗੀ ਲਾਂਡਰਾ ਚੌਕ 'ਤੇ ਜਾਮ ਤੋਂ ਨਿਜਾਤ
ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਦੇ ਸਵਾਲ 'ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਜਾਣਕਾਰੀ ਦਿੱਤੀ ਕਿ ਮੋਹਾਲੀ ਦੇ ਲਾਂਡਰਾ ਚੌਕ 'ਤੇ ਜਾਮ ਦੀ ਸਥਿਤੀ ਨਾਲ ਨਿਪਟਣ ਲਈ ਇਸ ਖੇਤਰ 'ਚ ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ 471 ਮਾਮਲਿਆਂ 'ਚੋਂ 71 ਜਾਇਦਾਦਾਂ ਦੇ ਮਾਲਕਾਂ ਨੇ ਹੀ ਆਪਣੀ ਸਹਿਮਤੀ ਪ੍ਰਦਾਨ ਕੀਤੀ, ਜਿਸ ਕਾਰਣ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦੇ ਜਨਵਰੀ 2020 ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਹੀ ਸੜਕ ਨੂੰ ਚਾਰ-ਮਾਰਗੀ ਬਣਾਉਣ ਦਾ ਕਾਰਜ ਸ਼ੁਰੂ ਹੋ ਸਕੇਗਾ।
ਮੁੱਖ ਮੰਤਰੀ ਨੇ ਫਿਰ ਨਕਾਰੀ ਝੋਨੇ ਦੀ ਬੀਜਾਈ 1 ਜੂਨ ਤੋਂ ਕਰਨ ਦੀ ਮੰਗ
ਵਿਧਾਇਕ ਕੁਲਤਾਰ ਸਿੰਘ ਸੰਧਵਾ ਦੀ ਮੰਗਲਵਾਰ ਨੂੰ ਇਕ ਵਾਰ ਫਿਰ ਤੋਂ ਝੋਨੇ ਦੀ ਬੀਜਾਈ ਦੀ ਮਨਜ਼ੂਰੀ 1 ਜੂਨ ਤੋਂ ਕਰਨ ਦੀ ਮੰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਕਾਰ ਦਿੱਤਾ। ਹਾਲਾਂਕਿ ਸੰਧਵਾ ਨੇ ਮੰਗਲਵਾਰ ਨੂੰ ਆਪਣਾ ਸਵਾਲ ਬਦਲ ਕੇ ਇਹ ਜਾਣਨਾ ਚਾਹਿਆ ਸੀ ਕਿ ਕੀ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਬੀਜਾਈ ਲਈ ਬਿਜਲੀ ਦੀ ਸਪਲਾਈ 1 ਜੂਨ ਤੋਂ ਉਪਲੱਬਧ ਕਰਵਾਉਣ 'ਤੇ ਵਿਚਾਰ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਬੀਜਾਈ ਦੀ ਮਨਜ਼ੂਰੀ 1 ਜੂਨ ਤੋਂ ਨਹੀਂ ਹੋਵੇਗੀ ਤਾਂ ਫਿਰ ਬਿਜਲੀ ਦੀ ਉਪਲੱਬਧਤਾ ਦਾ ਕੀ ਸਵਾਲ।
ਅੰਮ੍ਰਿਤਸਰ : ਗੈਂਗਰੇਪ ਦੇ ਮਾਮਲੇ 'ਚ 1 ਦੋਸ਼ੀ ਨੂੰ 20 ਸਾਲ ਦੀ ਕੈਦ, ਦੂਜੇ ਦੀ ਹੋ ਚੁੱਕੀ ਹੈ ਮੌਤ
NEXT STORY