ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕਰਵਾਏ ਗਏ ਸਮਾਗਮਾਂ ਅਤੇ ਪ੍ਰਬੰਧਾਂ ਲਈ ਦੁਨੀਆਂ ਭਰ 'ਚ ਵਾਹੋ-ਵਾਹੀ ਹੋ ਰਹੀ ਹੈ, ਜਿਸ ਲਈ ਮੁੱਖ ਮੰਤਰੀ ਨੂੰ ਦੁਨੀਆਂ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਮੁੱਖ ਮੰਤਰੀ ਨੇ ਇਸ ਸਬੰਧੀ ਜਾਣਕਾਰੀ 2 ਦਸੰਬਰ, 2019 ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਸਾਂਝੀ ਕੀਤੀ, ਇਸ ਦਾ ਸਿਹਰਾ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਹੈ, ਜਿਸ ਲਈ ਸਮੁੱਚੀ ਕੈਬਨਿਟ ਵਲੋਂ ਚੰਨੀ ਦਾ ਵਿਸੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।
ਕੈਬਨਿਟ ਮੀਟਿੰਗ ਦੌਰਾਨ ਲਏ ਫੈਸਲੇ ਅਨੁਸਾਰ ਪ੍ਰਕਾਸ਼ ਪੁਰਬ ਸਮਾਗਮਾਂ ਦੇ ਵਧੀਆ ਪ੍ਰਬੰਧਾਂ ਲਈ ਕੈਪਟਨ ਅਮਰਿੰਦਰ ਸਿੰਘ ਨੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੋਜ਼ਗਾਰ ਉਤਪਤੀ ਅਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪ੍ਰਸੰਸਾ ਪੱਤਰ ਭੇਜਿਆ ਹੈ। ਕੈਪਟਨ ਨੇ ਆਪਣੇ ਪੱਤਰ 'ਚ ਸਾਲ ਭਰ ਚੱਲਣ ਵਾਲੇ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਜਿੰਮੇਵਾਰੀ ਚਰਨਜੀਤ ਸਿੰਘ ਚੰਨੀ ਨੂੰ ਸੌਂਪਦਿਆਂ ਆਸ ਪ੍ਰਗਟਾਈ ਹੈ ਕਿ ਗੁਰੂ ਸਾਹਿਬ ਨੂੰ ਸਮਰਪਿਤ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਲਈ ਵੀ ਵਧੀਆ ਪ੍ਰਬੰਧ ਕੀਤੇ ਜਾਣਗੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਨੂੰ ਸਮਰਪਿਤ ਆਰੰਭੇ ਗਏ ਵਿਕਾਸ ਕਾਰਜ ਵੀ ਮਿਤੀ ਬੱਧ ਮੁਕੰਮਲ ਕੀਤੇ ਜਾਣਗੇ। ਓਧਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚਰਨਜੀਤ ਸਿੰਘ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ 'ਤੇ ਪ੍ਰਗਟਾਏ ਭਰੋਸੇ ਅਤੇ ਹੱਲਾਸ਼ੇਰੀ ਦੇਣ ਲਈ ਧੰਨਵਾਦ ਕੀਤਾ ਹੈ। ਚੰਨੀ ਨੇ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸਹਿਯੋਗ ਕਰਨ ਵਾਲੀਆਂ ਸਮੁੱਚੀ ਨਾਨਕ ਨਾਨਕ ਨਾਮ ਲੇਵਾ ਸੰਗਤਾਂ, ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ, ਪ੍ਰਾਈਵੇਟ ਅਦਾਰਿਆਂ, ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਦਾ ਵਿਸੇਸ਼ ਧੰਨਵਾਦ ਕੀਤਾ ਹੈ।
ਇਸ ਦੇ ਨਾਲ ਹੀ ਚੰਨੀ ਨੇ ਭਰੋਸਾ ਦੁਆਇਆ ਕਿ ਇਸ ਸਾਲ ਗੁਰੂ ਨਾਨਕ ਦੇ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੀਆਂ ਗਤੀਧੀਆਂ ਅਤੇ ਵਿਕਾਸ ਕਰਾਜ ਵੀ ਮਿਤੀ ਬੱਧ ਪੂਰੇ ਕਰ ਲਏ ਜਾਣਗੇ। ਮੀਟਿੰਗ ਦੌਰਾਨ ਮੰਤਰੀ ਚੰਨੀ ਨੇ ਅੀਧਕਾਰੀਆਂ ਦੀ ਵਧੀਆ ਕਰਗੁਜਾਰੀ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਇਸ ਸਾਲ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਸਫਲਤਾ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਪੰਜਾਬ ਤੇ ਹਰਿਆਣਾ 'ਚ ਸੀਤ ਲਹਿਰ ਜਾਰੀ
NEXT STORY