ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਹਾਥਰਸ ਮਾਮਲੇ 'ਚ ਉੱਤਰ ਪ੍ਰਦੇਸ਼ ਸਰਕਾਰ ਦੀ ਢਿੱਲੀ ਕਾਰਵਾਈ ਦੇ ਉਲਟ ਉਨ੍ਹਾਂ ਦੀ ਸਰਕਾਰ ਨੇ ਹੁਸ਼ਿਆਰਪੁਰ ਜਬਰ-ਜ਼ਿਨਾਹ ਤੇ ਕਤਲ ਮਾਮਲੇ 'ਚ ਤੁਰੰਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਚਲਾਨ ਇਸੇ ਹਫ਼ਤੇ ਅਦਾਲਤ 'ਚ ਪੇਸ਼ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਇਸ ਮਾਮਲੇ 'ਚ ਫੌਰੀ ਤੌਰ 'ਤੇ ਕਾਰਵਾਈ ਕਰਦੇ ਹੋਏ ਬਿਨਾ ਦੇਰੀ ਕੀਤਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਕਿ ਹਾਥਰਸ ਮਾਮਲੇ 'ਚ ਅਜਿਹਾ ਨਹੀਂ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਇਹੋ ਕਾਰਨ ਹੈ ਕਿ ਰਾਹੁਲ ਗਾਂਧੀ ਨੂੰ ਪੀੜਤ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਾਥਰਸ ਜਾਣਾ ਪਿਆ ਅਤੇ ਹੁਸ਼ਿਆਰਪੁਰ ਜਾਣ ਦੀ ਲੋੜ ਨਹੀਂ ਪਈ। ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਚੋਣਵੇਂ ਤੌਰ 'ਤੇ ਗੁੱਸੇ ਦਾ ਇਜ਼ਹਾਰ ਕਰਨ ਸਬੰਧੀ ਕੀਤੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਾਂ ਪੁਲਸ ਹੁਸ਼ਿਆਰਪੁਰ ਮਾਮਲੇ 'ਚ ਤੇਜ਼ੀ ਨਾ ਵਿਖਾਉਂਦੀ ਤਾਂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਹੋਰਨਾਂ ਨੇ ਉਸੇ ਤਰ੍ਹਾਂ ਪ੍ਰਤਿਕਿਰਿਆ ਦੇਣੀ ਸੀ ਜਿਵੇਂ ਕਿ ਉਨ੍ਹਾਂ ਨੇ ਹਾਥਰਸ ਮਾਮਲੇ 'ਚ ਦਿੱਤੀ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਉਹ ਨਿਰਮਲਾ ਸੀਤਾਰਮਨ ਦੇ ਬਿਆਨ ਬਾਰੇ ਬੀਤੇ ਕੱਲ੍ਹ ਹੀ ਟਿੱਪਣੀ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੰਜਾਬ ਕਾਂਗਰਸ 'ਚ ਨਵਜੋਤ ਸਿੰਘ ਸਿੱਧੂ ਦਰਕਿਨਾਰ ਹਨ ਅਤੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, “ਕੌਣ ਕਹਿੰਦਾ ਹੈ ਕਿ ਨਵਜੋਤ ਸਿੱਧੂ ਦਰਕਿਨਾਰ ਹਨ ?” ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਆਪਣੀ ਅਪੀਲ ਦੁਹਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਥਾਂ ਦਿੱਲੀ 'ਚ ਧਰਨੇ ਲਾਉਣੇ ਚਾਹੀਦੇ ਹਨ ਕਿਉਂ ਜੋ ਪੰਜਾਬ 'ਚ ਧਰਨਿਆਂ ਕਾਰਨ ਆਰਥਿਕ ਗਤੀਵਿਧੀਆਂ ਨੂੰ ਢਾਹ ਲੱਗ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਦੇ ਮੰਤਰੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਇਸ ਤੱਥ ਵੱਲ ਇਸ਼ਾਰਾ ਕੀਤਾ ਕਿ ਸੂਬੇ ਕੋਲ ਸਿਰਫ ਇਕ ਦਿਨ ਦਾ ਕੋਲੇ ਦਾ ਸਟਾਕ ਅਤੇ ਸਿਰਫ਼ 10 ਫੀਸਦੀ ਯੂਰੀਆ ਬਚਿਆ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੌਮੀ ਗਰਿੱਡ ਤੋਂ ਬਿਜਲੀ ਖਰੀਦਣ ਦਾ ਬਦਲ ਸੂਬੇ ਕੋਲ ਨਹੀਂ ਹੈ ਕਿਉਂਕਿ ਸੂਬੇ ਕੋਲ ਪੈਸਾ ਨਹੀਂ ਹੈ।
ਸ੍ਰੀ ਮੁਕਸਤਰ ਸਾਹਿਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਲੁੱਟ ਤੋਂ ਬਾਅਦ ਬੇਹਰਿਮੀ ਨਾਲ ਕਤਲ
NEXT STORY