ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਦਾ ਧਰਨਾ ਵੱਡੇ ਪੱਧਰ ’ਤੇ ਕੋਰੋਨਾ ਫੈਲਣ ਦਾ ਕਾਰਣ ਬਣ ਸਕਦਾ ਹੈ। ਐਤਵਾਰ ਨੂੰ ਮੁੱਖ ਮੰਤਰੀ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੂੰ ਆਪਣੇ ਪ੍ਰਸਤਾਵਿਤ ਧਰਨੇ ਪ੍ਰਤੀ ਅੱਗੇ ਨਾ ਵਧਣ ਦੀ ਅਪੀਲ ਵੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਹਾਲਾਤ ਦਿੱਲੀ, ਮਹਾਰਾਸ਼ਟਰ ਜਿਹੇ ਸੂਬਿਆਂ ਵਰਗੇ ਹੋਣ ਤੋਂ ਰੋਕਣ ਲਈ ਸਖ਼ਤ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਤਿੰਨ ਦਿਨੀਂ ਪ੍ਰਸਤਾਵਿਤ ਧਰਨੇ ਵਰਗੀ ਕੋਈ ਵੀ ਗਤੀਵਿਧੀ ਸੂਬਾ ਸਰਕਾਰ ਦੇ ਹੁਣ ਤੱਕ ਦੇ ਯਤਨਾਂ ’ਤੇ ਪਾਣੀ ਫੇਰ ਸਕਦੀ ਹੈ।
ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਜ਼ਰੂਰੀ ਖਬ਼ਰ, ਅੱਜ ਇਨ੍ਹਾਂ ਥਾਵਾਂ 'ਤੇ ਲਾਈ ਜਾਵੇਗੀ 'ਕੋਰੋਨਾ ਵੈਕਸੀਨ'
ਅਮਰਿੰਦਰ ਸਿੰਘ ਨੇ ਕਿਸਾਨ ਜੱਥੇਬੰਦੀ ਨੂੰ ਲਾਪਰਵਾਹੀ ਵਾਲੇ ਰਵੱਈਏ ਨਾਲ ਗੈਰ-ਜ਼ਿੰਮੇਵਾਰੀ ਵਾਲਾ ਕੰਮ ਨਾ ਕਰਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿਚ ਨਾ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਦੀ ਉਲੰਘਣਾ ਪੰਜਾਬ ਅਤੇ ਇੱਥੇ ਦੇ ਲੋਕਾਂ ਦੇ ਹਿੱਤਾਂ ਲਈ ਬਹੁਤ ਹੀ ਘਾਤਕ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਧਰਨੇ ਵਿਚ ਮੁੱਖ ਤੌਰ ’ਤੇ ਪਿੰਡਾਂ ਦੇ ਲੋਕ ਸ਼ਾਮਲ ਹੋਣਗੇ, ਜਦੋਂ ਕਿ ਪਿੰਡ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕਿਸੇ ਨਾ ਕਿਸੇ ਹਾਲਾਤ ਵਿਚ ਸੰਕਟ 'ਚੋਂ ਲੰਘ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਜੱਥੇਬੰਦੀ ਦਾ ਇਹ ਕਦਮ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਇਨ੍ਹਾਂ ਕਈ ਮਹੀਨਿਆਂ ਦੌਰਾਨ ਸੰਘਰਸ਼ਸ਼ੀਲ ਕਿਸਾਨਾਂ ਦੇ ਨਾਲ ਸੂਬਾ ਸਰਕਾਰ ਦੇ ਸਦ੍ਰਿੜ ਸਹਿਯੋਗ ਨੂੰ ਵਿਚਾਰਦਿਆਂ ਪੂਰੀ ਤਰ੍ਹਾਂ ਅਣ-ਉਚਿਤ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਬਲੈਕ ਫੰਗਸ' ਨੇ ਮਚਾਈ ਤੜਥੱਲੀ, ਹੁਣ ਤੱਕ 5 ਲੋਕਾਂ ਦੀ ਮੌਤ
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਸੂਬੇ ਦੀ ਵਿਧਾਨ ਸਭਾ ਵਿਚ ਸੋਧ ਕਾਨੂੰਨ ਪਾਸ ਕੀਤੇ ਸਨ। ਹੁਣ ਬਦਲੇ ਵਿਚ ਕਿਸਾਨਾਂ ਵੱਲੋਂ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਸੂਬਾ ਸਰਕਾਰ ਨਾਲ ਸਹਿਯੋਗ ਕਰਨ ਦਾ ਸਮਾਂ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਕਿਸਾਨਾਂ ਦੇ ਹਿੱਤ ਪੰਜਾਬ ਨਾਲ ਜੁੜੇ ਹੋਏ ਹਨ, ਉਸੇ ਤਰ੍ਹਾਂ ਪੰਜਾਬ ਦੇ ਹਿੱਤ ਵੀ ਕੋਵਿਡ ਖ਼ਿਲਾਫ਼ ਲੜਾਈ ਵਿਚ ਉਨ੍ਹਾਂ ਦੀ ਸਰਕਾਰ ਨੂੰ ਕਿਸਾਨਾਂ ਦੇ ਸਹਿਯੋਗ ਕਰਨ ’ਤੇ ਨਿਰਭਰ ਹਨ।
ਇਹ ਵੀ ਪੜ੍ਹੋ : ਸ਼ਹੀਦ ਥਾਣੇਦਾਰ ਭਗਵਾਨ ਸਿੰਘ ਦੇ ਪਰਿਵਾਰ ਲਈ ਵੱਡਾ ਐਲਾਨ, ਪੰਜਾਬ DGP ਵੱਲੋਂ ਪੂਰਨ ਸਹਿਯੋਗ ਦਾ ਭਰੋਸਾ
ਅਮਰਿੰਦਰ ਸਿੰਘ ਨੇ ਮਹਾਮਾਰੀ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਵਿਚ ਉਨ੍ਹਾਂ ਦੀ ਸਰਕਾਰ ਦੇ ਨਾਕਾਮ ਰਹਿਣ ਦੇ ਲਗਾਏ ਸਾਰੇ ਦੋਸ਼ ਖਾਰਜ ਕਰਦਿਆਂ ਕਿਹਾ ਕਿ ਪੰਜਾਬ ਇਸ ਸਮੇਂ ਸਿਰਫ਼ ਵੈਕਸੀਨ ਦੀ ਕਮੀ ਦੀ ਗੰਭੀਰ ਸਮੱਸਿਆ ਵਿਚੋਂ ਲੰਘ ਰਿਹਾ ਹੈ ਅਤੇ ਇਹ ਵੀ ਸੂਬਾ ਸਰਕਾਰ ਦੇ ਕੁਪ੍ਰਬੰਧਾਂ ਦੇ ਕਾਰਣ ਨਹੀਂ, ਸਗੋਂ ਕੇਂਦਰ ਸਰਕਾਰ ਕਾਰਣ ਇਹ ਨੌਬਤ ਬਣੀ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਰਫਿਊ ਲਾਗੂ ਹੁੰਦੇ ਹੀ ਖੁੱਲ੍ਹ ਜਾਂਦੇ ਨੇ ਸਰਕਲ ਗੋਇੰਦਵਾਲ ਦੇ ਸ਼ਰਾਬ ਠੇਕੇ, ਪੁਲਸ ਪ੍ਰਸ਼ਾਸਨ ਨੇ ਖਡ਼੍ਹੇ ਕੀਤੇ ਹੱਥ
NEXT STORY