ਚੰਡੀਗੜ੍ਹ,(ਰਮਨਜੀਤ)- ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਬੁਲਾਉਣ ਦੇ ਫ਼ੈਸਲੇ ’ਤੇ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੀਤੀ ਗਈ ਟਿੱਪਣੀ ਦੀ ਆਮ ਆਦਮੀ ਪਾਰਟੀ (ਆਪ) ਨੇ ਨਿਖੇਧੀ ਕੀਤੀ।
ਪੰਜਾਬ ਵਿਚ ‘ਆਪ’ ਦੇ ਸਹਿ-ਇੰਚਾਰਜ ਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਦੇ ਚੱਲਦਿਆਂ ਸਾਰਾ ਦੇਸ਼ ਕਿਸਾਨਾਂ ਦੇ ਹੱਕ ਵਿਚ ਖੜ੍ਹਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਫ਼ਰਤ ਕਰ ਰਿਹਾ ਹੈ ਪਰ ਪੰਜਾਬ ਦੀ ਕਾਂਗਰਸ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਮੌਕੇ ਕਰਵਾਏ ਜਾ ਰਹੇ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣ ਦੀ ਵਕਾਲਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਆਪਣੇ ਬੇਟੇ ਖਿਲਾਫ਼ ਹੋ ਰਹੇ ਈ. ਡੀ. ਦੇ ਛਾਪੇ ਤੋਂ ਪ੍ਰੇਸ਼ਾਨ ਤੇ ਬੇਵਸ ਹੋ ਗਏ ਹਨ। ਹੁਣ ਮੋਦੀ ਸ਼ਾਹ ਨੂੰ ਖ਼ੁਸ਼ ਰੱਖਣਾ ਉਨ੍ਹਾਂ ਦੀ ਮਜਬੂਰੀ ਹੈ। ਪੁੱਤ ਮੋਹ ਦੇ ਚੱਲਦਿਆਂ ਕੈ. ਅਮਰਿੰਦਰ ਸਿੰਘ ਆਪਣੇ ਮਾਲਕਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਇਸ ਲਈ ਕੈਪਟਨ ਸਾਹਿਬ ਮਜਬੂਰ ਹਨ ਕਿ ਧਾਰਮਿਕ ਸੰਸਥਾ ਜੋ ਪੂਰਨ ਤੌਰ ’ਤੇ ਆਪਣੇ ਫ਼ੈਸਲੇ ਲੈਣ ਵਿਚ ਸੁਤੰਤਰ ਹੈ, ਉਸ ਦੇ ਕੰਮਾਂ ਵਿੱਚ ਵੀ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਮੋਦੀ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ।
ਚੱਢਾ ਨੇ ਕੈਪਟਨ ਨੂੰ ਸਲਾਹ ਦਿੱਤੀ ਕਿ ਆਪਣੀਆਂ ਤੇ ਪਰਿਵਾਰ ਦੀਆਂ ਸਾਰੀਆਂ ਕਮਜ਼ੋਰੀਆਂ ’ਤੇ ਪਰਦਾ ਪਾਉਣ ਲਈ ਉਨ੍ਹਾਂ ਕੋਲ ਹੁਣ ਸੁਨਹਿਰੀ ਮੌਕਾ ਹੈ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਜਾਣ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੀ ਕਚਹਿਰੀ ਵਿਚ ਤਾਂ ਇਹ ਸਾਹਮਣੇ ਆ ਹੀ ਚੁੱਕਿਆ ਹੈ ਕਿ ਕਾਂਗਰਸੀ ਮੁੱਖ ਮੰਤਰੀ ਅਸਲ ਵਿਚ ਕੰਮ ਭਾਜਪਾ ਦੇ ਮੁੱਖ ਮੰਤਰੀ ਵਜੋਂ ਹੀ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿਚ ਜਨਤਾ ਉਨ੍ਹਾਂ ਨੂੰ ਜਵਾਬ ਦੇਵੇਗੀ ਤੇ ਜਨਤਾ ਦੇ ਨਾਲ ਕੀਤੇ ਗਏ ਧੋਖੇ ਤੇ ਗੱਦਾਰੀ ਲਈ 2022 ਦੀਆਂ ਚੋਣਾਂ ਵਿਚ ਸਬਕ ਸਿਖਾਏਗੀ।
ਕਿਸਾਨੀ ਅੰਦੋਲਨ ਤੋਂ ਵਾਪਸ ਪਰਤੇ ਮੌਲਵੀਵਾਲਾ ਦੇ ਕਿਸਾਨ ਦੀ ਮੌਤ
NEXT STORY