ਫਿਰੋਜ਼ਪੁਰ, (ਕੁਮਾਰ, ਮਲਹੋਤਰਾ, ਭੁੱਲਰ, ਹਰਚਰਨ, ਬਿੱਟੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਏ ਦਿਨ ਵਿਘਨ ਪੈਦਾ ਕਰਨ ਵਾਲੀਆਂ ਬੇਕਾਰ ਦੀਆਂ ਬਿਆਨਬਾਜ਼ੀਆਂ ਕਰ ਰਹੇ ਹਨ ਅਤੇ ਮੇਰੀ ਉਨ੍ਹਾਂ ਨੂੰ ਹੱਥ ਜੋਡ਼ ਕੇ ਬੇਨਤੀ ਹੈ ਕਿ ਉਹ 12 ਤਾਰੀਖ ਤੱਕ ਆਪਣੀ ਜ਼ੁਬਾਨ ਬੰਦ ਰੱਖਣ ਅਤੇ ਸਾਨੂੰ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦੇਣ ਅਤੇ ਆਪ ਵੀ ਖੁਸ਼ੀਆਂ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ। ਇਹ ਅਪੀਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਫਿਰੋਜ਼ਪੁਰ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਛਾਉਣੀ ਵਿਖੇ ਸਾਬਕਾ ਸਿੰਚਾਈ ਮੰਤਰੀ ਪੰਜਾਬ ਜਨਮੇਜਾ ਸਿੰਘ ਸੇਖੋਂ ਦੀ ਰਿਹਾਇਸ਼ ’ਤੇ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਕੀਤੀ ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਹਿੰਦੁਸਤਾਨ ਨੂੰ ਪਾਕਿਸਤਾਨ ਤੋਂ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ ਅਤੇ ਇਹ ਲਾਂਘਾ ਖੁੱਲ੍ਹਣ ਨਾਲ ਸੰਗਤਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਾਂ ਦਾ ਇਕ ਚੰਗਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਬੰਧੀ ਬਣਾਈ ਗਈ ਵੀਡੀਓ ਵਿਚ ਸਰਕਾਰ ਦੇ ਪ੍ਰਤੀਨਿਧੀ ਗੁਰੂ ਸਾਹਿਬ ਨੂੰ ਮੱਥਾ ਟੇਕਣ ਦੀ ਥਾਂ ਉਸ ਰਾਹੁਲ ਗਾਂਧੀ ਨੂੰ ਮੱਥਾ ਟੇਕ ਰਹੇ ਹਨ, ਜਿਸ ਦੇ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਨਾਲ ਹਮਲਾ ਕਰਵਾਇਆ ਸੀ। ਸੁਖਬੀਰ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੰਗਤਾਂ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਅਤੇ ਦੂਸਰੇ ਪਾਸੇ ਬਡ਼ਾ ਦੁੱਖ ਹੁੰਦਾ ਹੈ ਕਿ ਜਿਹਡ਼ੀ ਪੰਜਾਬ ਸਰਕਾਰ ਵੱਲੋਂ ਸਟੇਜ ਲਾਈ ਗਈ ਸੀ, ਉਸ ’ਤੇ ਪ੍ਰੋਗਰਾਮ ਦਾ ਆਗਾਜ਼ ਡਾਂਸ ਕਰਵਾ ਕੇ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਗੁਰ-ਮਰਿਆਦਾ ਤੋਂ ਅਣਜਾਣ ਹਨ ਅਤੇ ਉਹ ਫੋਕੀਆਂ ਅਤੇ ਝੂਠੀਆਂ ਬਿਆਨਬਾਜ਼ੀਆਂ ਕਰ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਦਾ ਵੱਖਰੀ ਸਟੇਜ ਲਾਉਣ ਦਾ ਫੈਸਲਾ ਸਰਾਸਰ ਗਲਤ ਹੈ ਅਤੇ ਉਨ੍ਹਾਂ ਨੂੰ ਨਨਕਾਣਾ ਸਾਹਿਬ ਤੋਂ ਆਏ ਨਗਰ ਕੀਰਤਨ ਦਾ ਖੁਦ ਜਾ ਕੇ ਸਵਾਗਤ ਕਰਨਾ ਚਾਹੀਦਾ ਸੀ, ਜੋ ਉਨ੍ਹਾਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਵਿਕਾਸ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ, ਉਹ ਸਾਰੇ ਹੀ ਪ੍ਰਾਜੈਕਟ ਅੱਜ ਬੰਦ ਪਏ ਹਨ, ਜਿਸ ਕਾਰਣ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹਨ।
ਉਨ੍ਹਾਂ ਕਿਹਾ ਕਿ ਉਹ ਖੁਦ ਫਿਰੋਜ਼ਪੁਰ ਛਾਉਣੀ ਦੇ ਲੋਕਾਂ ਨੂੰ ਪੁਰਾਣੇ ਕੰਟੋਨਮੈਂਟ ਐਕਟ ਨੂੰ ਲੈ ਕੇ ਰਜਿਸਟਰੀਆਂ ਅਤੇ ਉਸਾਰੀ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਜਨਮੇਜਾ ਸਿੰਘ ਸੇਖੋਂ, ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਅਤੇ ਸੁਰਿੰਦਰ ਸਿੰਘ ਬੱਬੂ ਪ੍ਰਧਾਨ ਆਦਿ ਨਾਲ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਸੀ ਅਤੇ ਰਾਜਨਾਥ ਸਿੰਘ ਵੱਲੋਂ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਉਹ ਕਮੇਟੀ ਕੰਮ ਕਰ ਰਹੀ ਹੈ।
ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਕੇਂਦਰ ਵੱਲੋਂ ਫਿਰੋਜ਼ਪੁਰ ਵਿਖੇ ਪੀ. ਜੀ. ਆਈ. ਸੈਟੇਲਾਈਟ ਸੈਂਟਰ ਦਾ ਨਿਰਮਾਣ ਸ਼ੁਰੂ ਕਰਵਾਉਣ ਲਈ 500 ਕਰੋਡ਼ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਛੇਤੀ ਹੀ ਇਥੇ ਪ੍ਰਾਜੈਕਟ ਸ਼ੁਰੂ ਹੋ ਜਾਵੇਗਾ। ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਚੇਅਰਮੈਨ ਅਵਤਾਰ ਸਿੰਘ ਮਿੰਨਾ ਜ਼ੀਰਾ, ਗੁਰੂਹਰਸਹਾਏ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ, ਰੋਹਿਤ ਕੁਮਾਰ ਮੋਂਟੂ ਵੋਹਰਾ ਪ੍ਰਧਾਨ ਨਗਰ ਕੌਂਸਲ ਗੁਰੂਹਰਸਹਾਏ, ਮਾਸਟਰ ਗੁਰਨਾਮ ਸਿੰਘ, ਅਸ਼ਵਨੀ ਕੁਮਾਰ, ਨੰਦ ਕਿਸ਼ੋਰ ਗੁਗਨ, ਸ਼ੀਲਾ, ਮਹਿੰਦਰ ਸਿੰਘ ਵਿਰਕ , ਐਡਵੋਕੇਟ ਅਸ਼ਵਨੀ ਧੀਂਗਡ਼ਾ, ਸਰਬਜੀਤ ਸਿੰਘ ਛਾਬਡ਼ਾ, ਸੁਰਿੰਦਰ ਸਿੰਘ ਸੂਚ ਵਕੀਲ, ਗੋਬਿੰਦ ਰਾਮ ਅਗਰਵਾਲ, ਡਾ. ਕੁਲਸ਼ਭੂਸ਼ਣ ਸ਼ਰਮਾ ਅਤੇ ਹੋਰ ਸੀਨੀਅਰ ਅਕਾਲੀ ਨੇਤਾ ਮੌਜੂਦ ਸਨ।
PM ਮੋਦੀ ਪਰਾਲੀ ਪ੍ਰਬੰਧਨ ਮਸ਼ੀਨਰੀ ਲਈ ਸੰਸਦ ਮੈਂਬਰਾਂ ਨੂੰ ਅਖਤਿਆਰੀ ਫੰਡ ਵਰਤਣ ਦੀ ਦੇਣ ਇਜਾਜ਼ਤ : ਹਰਸਿਮਰਤ
NEXT STORY