ਚੰਡੀਗੜ੍ਹ (ਰਮਨਜੀਤ) - ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਲਗਾਤਾਰ ਨੌਜਵਾਨਾਂ ਦੀ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦੇ ਮਾਮਲੇ ਵਿਚ ਕੈਪਟਨ ਸਰਕਾਰ 'ਤੇ ਸਖ਼ਤ ਹਮਲਾ ਕਰਦਿਆਂ ਕਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦੇ ਹਨ ਕਿ ਹੁਣ ਉਹ ਇਕ ਵਾਰ ਫਿਰ ਤੋਂ ਨਸ਼ਾ ਖਤਮ ਕਰਨ ਲਈ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਤੇ ਕਹਿਣ ਕੇ ਨਸ਼ਾ ਤੇ ਨਸ਼ਾ ਸਮੱਗਲਰ ਖਤਮ ਹੋ ਜਾਣਗੇ। ਉਹ 'ਆਪ' ਦੇ ਵਿਧਾਇਕਾਂ ਸਮੇਤ ਅਨੇਕਾਂ ਡਰੱਗ ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇ ਜਿਨ੍ਹਾਂ ਨੇ ਡਰੱਗਸ ਕਾਰਨ ਆਪਣੀਆਂ ਜਾਨਾਂ ਗੁਆ ਲਈਆਂ ਜੋ ਕਿ ਸੋਸ਼ਲ਼ ਮੀਡੀਆ ਉੱਪਰ ਖੂਬ ਵਾਇਰਲ ਹੋਈਆਂ। ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਸੋਸ਼ਲ਼ ਮੀਡੀਆ ਉੱਪਰ ਵਾਇਰਲ ਹੋਈਆਂ ਉਕਤ ਨੌਜਵਾਨਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਮੌਤਾਂ ਪੰਜਾਬ ਵਿਚ ਫੈਲੇ ਡਰੱਗਸ ਦੇ ਕੋਹੜ ਦਾ ਮਹਿਜ ਇਕ ਨਮੂਨਾ ਮਾਤਰ ਹਨ। ਖਹਿਰਾ ਨੇ ਕਿਹਾ ਕਿ ਖੁੱਲ੍ਹੇਆਮ ਮਿਲ ਰਹੇ ਡਰਗੱਸ ਕਾਰਨ ਰੋਜ਼ਾਨਾ ਵੱਡੀ ਗਿਣਤੀ ਵਿਚ ਨੌਜਵਾਨ ਮਰ ਰਹੇ ਹਨ ਪਰ ਸਮਾਜਿਕ ਕਾਰਨਾਂ ਕਰ ਕੇ ਮਾਤਾ-ਪਿਤਾ ਅਕਸਰ ਆਪਣੇ ਬੱਚਿਆਂ ਦੀ ਮੌਤ ਦਾ ਅਸਲ ਕਾਰਨ ਛੁਪਾਉਂਦੇ ਹਨ। ਖਹਿਰਾ ਨੇ ਕਿਹਾ ਕਿ ਜੇਕਰ ਆਜ਼ਾਦ ਏਜੰਸੀਆਂ ਰਾਹੀਂ ਨਿਰਪੱਖ ਸਰਵੇਖਣ ਕਰਵਾਇਆ ਜਾਵੇ ਤਾਂ ਡਰੱਗਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਹੈਰਾਨੀਜਨਕ ਹੋਵੇਗੀ।
ਖਹਿਰਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵੱਲੋਂ ਅਜਿਹੇ ਵੱਡੇ ਪੱਧਰ ਉੱਪਰ ਡਰੱਗਸ ਦਾ ਸੇਵਨ ਕਰਨਾ ਉਨ੍ਹਾਂ ਦੀ ਗਲਤੀ ਨਹੀਂ ਹੈ, ਇਹ ਬੇਰੋਜ਼ਗਾਰੀ ਅਤੇ ਖੇਤੀਬਾੜੀ ਅਰਥਵਿਵਸਥਾ ਦੇ ਫੇਲ ਹੋਣ ਦਾ ਨਤੀਜਾ ਹੈ ਜਿਸ ਕਾਰਨ ਨੌਜਵਾਨ ਡਰੱਗਸ ਦੇ ਜਾਲ ਵਿਚ ਫਸ ਜਾਂਦੇ ਹਨ। ਜੂਨੀਅਰ ਬਾਦਲ ਦੇ ਨਕਸ਼ੇ ਕਦਮਾਂ ਉੱਪਰ ਚੱਲਣ ਵਾਲੇ ਕੈਪਟਨ ਅਮਰਿੰਦਰ ਸਿੰਘ ਉੱਪਰ ਵਰ੍ਹਦੇ ਹੋਏ ਖਹਿਰਾ ਨੇ ਕਿਹਾ ਕਿ ਕੈਪਟਨ ਨੇ 50,000 ਤੋਂ ਵੀ ਜ਼ਿਆਦਾ ਲਾਚਾਰ ਨਸ਼ੇੜੀਆਂ ਅਤੇ ਛੋਟੇ ਡਰੱਗਸ ਸੱਮੱਗਲਰਾਂ ਨੂੰ ਸੂਬੇ ਦੀਆਂ ਜੇਲਾਂ ਵਿਚ ਬੰਦ ਕਰ ਦਿੱਤਾ ਪਰ ਵੱਡੇ ਸਮੱਗਲਰ ਅਤੇ ਮਾਫੀਆ ਆਜ਼ਾਦ ਘੁੰਮ ਰਹੇ ਹਨ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਬਿਕਰਮ ਮਜੀਠੀਆ, ਮੌਜੂਦਾ ਡੀ. ਜੀ. ਪੀ. ਅਤੇ ਡੀ. ਜੀ. ਪੀ. ਇੰਟੈਲੀਜੈਂਸ ਖਿਲਾਫ ਜਾਂਚ ਸ਼ੁਰੂ ਕਰਵਾਉਣ ਜਿਨ੍ਹਾਂ ਨੂੰ ਕਿ ਚੱਟੋਪਾਧਿਆਏ ਡੀ. ਜੀ. ਪੀ. ਦੀ ਐਸ. ਆਈ. ਟੀ. ਰਿਪੋਰਟ ਵਿਚ ਦੋਸ਼ੀ ਪਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਜਦ ਤੱਕ ਕੈਪਟਨ ਸਿਆਸਤਦਾਨਾਂ-ਪੁਲਸ-ਡਰੱਗ ਮਾਫੀਆ ਦੀ ਗੰਢ-ਤੁੱਪ ਨੂੰ ਤੋੜ ਨਹੀਂ ਦਿੰਦੇ ਸੂਬੇ ਵਿਚ ਡਰੱਗਸ ਨੂੰ ਕਾਬੂ ਕਰਨਾ ਨਾਮੁਮਕਿਨ ਹੈ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਉੱਪਰ ਟਿੱਪਣੀ ਕੀਤੀ ਕਿ ਉਹ ਡਰੱਗਸ ਮਾਫੀਆ ਕੋਲੋਂ ਆਪਣੇ ਐਕਸ ਆਰਮੀ ਪਰਸਨ ਨੂੰ ਵੀ ਨਹੀਂ ਬਚਾ ਸਕੇ। ਖਹਿਰਾ ਨੇ ਤਰਨਤਾਰਨ ਦੇ ਐਕਸ ਫੌਜੀ ਜਸਬੀਰ ਸਿੰਘ ਦੇ ਮਾਮਲੇ ਦਾ ਹਵਾਲਾ ਦਿੱਤਾ ਜਿਸ ਨੂੰ ਚੁੱਪ ਕਰਵਾਉਣ ਲਈ ਡਰੱਗ ਮਾਫੀਆ ਨੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਸਨ।
ਡਰਾਈਵਰ ਨੂੰ ਬੰਨ੍ਹ ਕੇ ਮੱਕੀ ਦਾ ਭਰਿਆ ਕੈਂਟਰ ਲੁੱਟਿਆ
NEXT STORY