ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਲੜਾਈ ਲੰਬੀ ਖਿੱਚ ਸਕਦੀ ਹੈ। ਸਿੱਧੂ ਖੇਮੇ ਨੇ ਬੁੱਧਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਸਿੱਧੂ ਕੈਪਟਨ ਤੋਂ ਮੁਆਫ਼ੀ ਨਹੀਂ ਮੰਗਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਨੇ ਦੋ ਟੁਕ ਸ਼ਬਦਾਂ ਵਿਚ ਕਿਹਾ ਸੀ ਕਿ ਜਦੋਂ ਤੱਕ ਸਿੱਧੂ ਮੁੱਖ ਮੰਤਰੀ ਖ਼ਿਲਾਫ਼ ਕੀਤੀਆਂ ਗਈਆਂ ਭੱਦੀਆਂ ਟਿੱਪਣੀਆਂ ਲਈ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗ ਲੈਂਦੇ, ਤਦ ਤੱਕ ਮੁੱਖ ਮੰਤਰੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰਨਗੇ। ਇਸ ’ਤੇ ਬੁੱਧਵਾਰ ਨੂੰ ਪਲਟਵਾਰ ਕਰਦੇ ਹੋਏ ਸਿੱਧੂ ਦੇ ਬੇਹੱਦ ਕਰੀਬੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਨੂੰ ਹੀ ਨਸੀਹਤ ਦਿੰਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਵਿਚ ਅੱਜ ਅਨੁਸ਼ਾਸਨ ਦੀ ਲੋੜ ਹੈ ਅਤੇ ਪਾਰਟੀ ਨੂੰ ਅਨੁਸ਼ਾਸਨ ਭੰਗ ਕਰਨ ਵਾਲਿਆਂ ਦੀ ਕੋਈ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਹਿੰਦੂ ਮੰਤਰੀਆਂ ਤੋਂ 'ਨਵਜੋਤ ਸਿੱਧੂ' ਦੀ ਦੂਰੀ ਬਰਕਰਾਰ
ਰੰਧਾਵਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿੱਧੂ ਸਾਹਮਣੇ ਮੁਆਫ਼ੀ ਦੀ ਸ਼ਰਤ ਰੱਖ ਕੇ ਕਾਂਗਰਸ ਹਾਈਕਮਾਨ ਦੇ ਫ਼ੈਸਲੇ ਨੂੰ ਚੈਲੰਜ ਕੀਤਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਗੱਲਬਾਤ ਦੌਰਾਨ ਜੇਕਰ ਮੁੱਖ ਮੰਤਰੀ ਦੇ ਮਨ ਵਿਚ ਅਜਿਹੀ ਕੋਈ ਗੱਲ ਸੀ ਤਾਂ ਉਨ੍ਹਾਂ ਨੂੰ ਰੱਖਣੀ ਚਾਹੀਦੀ ਸੀ। ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਸੀ ਕਿ ਉਹ ਸਿੱਧੂ ਨੂੰ ਨਹੀਂ ਮਿਲਣਗੇ ਪਰ ਸਿੱਧੂ ਦੇ ਪ੍ਰਧਾਨ ਬਣਨ ’ਤੇ ਕੈਪਟਨ ਨੂੰ ਵੀ ਪਾਰਟੀ ਦਾ ਅਨੁਸ਼ਾਸਨ ਮੰਨਣਾ ਪਵੇਗਾ। ਰੰਧਾਵਾ ਨੇ ਰਾਹੁਲ ਗਾਂਧੀ ਦੀ ਗੱਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਹੈ ਕਿ ਕਾਂਗਰਸ ਵਿਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ। ਇਸ ਲਈ ਉਹ ਕਹਿਣਾ ਚਾਹੁੰਦੇ ਹਨ ਕਿ ਕਾਂਗਰਸ ਹਾਈਕਮਾਨ ਦੇ ਫ਼ੈਸਲੇ ’ਤੇ ਸਾਰਿਆਂ ਨੂੰ ਨਾਲ ਖੜ੍ਹੇ ਹੋਣਾ ਹੋਵੇਗਾ।
ਇਹ ਵੀ ਪੜ੍ਹੋ : ਸਿੱਧੂ ਦੇ ਪ੍ਰਧਾਨ ਬਣਦਿਆਂ ਹੀ 'ਕੈਪਟਨ' ਨੇ ਖੋਲ੍ਹਿਆ ਖਜ਼ਾਨੇ ਦਾ ਮੂੰਹ, ਪੂਰੀ ਤਰ੍ਹਾਂ ਹੋਏ ਸਰਗਰਮ
ਸਥਾਨਕ ਸਰਕਾਰਾਂ ਮੰਤਰੀ ਨੂੰ ਸਿੱਧੂ ਨੇ ਕੀਤਾ ਸੀ ਫੋਨ, ਮੰਤਰੀ ਨੇ ਕਿਹਾ ਸਿਹਤ ਠੀਕ ਨਹੀਂ
ਰੰਧਾਵਾ ਨੇ ਸਥਾਨਕ ਸਰਕਾਰਾਂ ਮੰਤਰੀ ਵਲੋਂ ਸਿੱਧੂ ਨੂੰ ਨਾ ਮਿਲਣ ਦੇ ਬਿਆਨ ਨੂੰ ਵੰਡ ਪਾਉਣ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਦੇ ਬਿਆਨ ਨਾਲ ਮਨ ਨੂੰ ਠੇਸ ਪਹੁੰਚੀ ਹੈ। ਰੰਧਾਵਾ ਨੇ ਕਿਹਾ ਕਿ ਸਿੱਧੂ ਨੇ ਮੰਤਰੀ ਨੂੰ ਫੋਨ ਕੀਤਾ ਸੀ ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਦੋ-ਚਾਰ ਦਿਨ ਬਾਅਦ ਮਿਲਣਗੇ। ਮੰਤਰੀ ਨੂੰ ਉਦੋਂ ਇਹ ਗੱਲ ਕਹਿ ਦੇਣੀ ਚਾਹੀਦੀ ਸੀ। ਰੰਧਾਵਾ ਨੇ ਕਿਹਾ ਕਿ ਕੈਪਟਨ ਦਾ ਕਰੀਬੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਜਦੋਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਬਣਨੇ ਸਨ, ਆਪਣੇ ਇਲਾਕੇ ਵਿਚ ਸਮਾਰੋਹ ਕਰਵਾਇਆ ਸੀ ਕਿਉਂਕਿ ਪਾਰਟੀ ਪ੍ਰਧਾਨ ਪ੍ਰਤੀ ਸਾਰੇ ਅਨੁਸ਼ਾਸਨ ਨਾਲ ਬੱਝੇ ਹਨ। ਰੰਧਾਵਾ ਨੇ ਵਿਧਾਇਕ ਸੁਖਪਾਲ ਖਹਿਰਾ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਖਹਿਰਾ ਨੇ ਤਾਂ ਕੈਪਟਨ ’ਤੇ ਨਿੱਜੀ ਹਮਲੇ ਤੱਕ ਕੀਤੇ ਅਤੇ ਅੱਜ ਉਹ ਨਸੀਹਤ ਦੇ ਰਹੇ ਹਨ, ਜੋ ਬੇਹੱਦ ਸ਼ਰਮਨਾਕ ਹੈ। ਰੰਧਾਵਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ਵਿਚ ਕਰੀਬ 150 ਕਦਮਾਂ ਦਾ ਫ਼ਾਸਲਾ ਸੀ ਅਤੇ ਇਸ ਫਾਸਲੇ ਨੂੰ ਖ਼ਤਮ ਕਰਨ ਲਈ 2016 ਵਿਚ ਸੁਖਜਿੰਦਰ ਸਿੰਘ ਰੰਧਾਵਾ ਨੇ ਪਹਿਲ ਕਦਮੀ ਕੀਤੀ ਸੀ।
ਇਹ ਵੀ ਪੜ੍ਹੋ : ਨੌਜਵਾਨ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਜਵਾਈ ਦਾ ਖ਼ੌਫਨਾਕ ਕਾਰਾ ਅੱਖੀਂ ਦੇਖ ਦਹਿਲ ਗਿਆ ਦਿਲ
ਹਵਾ ਦਾ ਰੁਖ ਬਦਲ ਰਿਹਾ ਹੈ : ਸਿੱਧੂ
ਉੱਧਰ, ਕੈਪਟਨ ਨਾਲ ਤਲਖੀ ਵਿਚਾਲੇ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਵਿਚ ਹਵਾਵਾਂ ਦਾ ਰੁਖ ਬਦਲ ਰਿਹਾ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਟਵੀਟ ਕਰ ਕੇ ਇਹ ਗੱਲ ਕਹੀ। ਉਨ੍ਹਾਂ ਨੇ ਲਿਖਿਆ ਕਿ ਬਦਲਾਅ ਦੀ ਪੌਣ, ਲੋਕਾਂ ਦੀ, ਲੋਕਾਂ ਲਈ, ਲੋਕਾਂ ਵਲੋਂ। ਇਸ ਟਵੀਟ ਨਾਲ ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ, ਜਿਸ ਵਿਚ 20 ਜੁਲਾਈ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਕੀਤੇ ਗਏ ਦੌਰੇ ਦੇ ਦ੍ਰਿਸ਼ ਜੋੜੇ ਗਏ ਹਨ। ਸਿੱਧੂ ਨੇ ਸੋਸ਼ਲ ਮੀਡੀਆ ’ਤੇ ਇਹ ਵੀ ਲਿਖਿਆ ਕਿ ਲੋਕਾਂ ਦਾ ਸੈਲਾਬ, ਬਦਲਾਅ ਅਤੇ ਇਨਕਲਾਬ। ਸਾਫ਼ ਹੈ ਕਿ ਸਿੱਧੂ ਨੇ ਲੋਕਾਂ ਦੇ ਮਿਲ ਰਹੇ ਸਮਰਥਨ ਦੇ ਸਬੰਧ ਵਿਚ ਇਹ ਗੱਲ ਲਿਖੀ ਹੈ ਪਰ ਬਦਲਾਅ ਦੀ ਗੱਲ ਕਹਿ ਕੇ ਉਨ੍ਹਾਂ ਇੱਕ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਹੈ। ਅਜਿਹਾ ਇਸ ਲਈ ਹੈ ਕਿ ਪੰਜਾਬ ਵਿਚ ਕਾਂਗਰਸ ਹੀ ਸੱਤਾ ਵਿਚ ਹੈ ਤਾਂ ਬਦਲਾਅ ਦੀ ਹਵਾ ਕਿਸ ਖਿਲਾਫ ਵਗ ਰਹੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬਦਲਾਅ ਦੀ ਹਵਾ ਦਾ ਬਦਲ ਦਰਅਸਲ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੀਫ ਇੰਜੀਨੀਅਰ ਨੇ ਸਰਹੱਦੀ ਜ਼ਿਲ੍ਹੇ ’ਚ ਸੰਵੇਦਨਸ਼ੀਲ ਥਾਵਾਂ ’ਤੇ ਲਿਆ ਦਰਿਆ ਦੀ ਸਥਿਤੀ ਦਾ ਜਾਇਜ਼ਾ
NEXT STORY