ਮੋਹਾਲੀ (ਕੁਲਦੀਪ) - ਏਅਰਪੋਰਟ ਰੋਡ 'ਤੇ ਅੱਜ ਸੈਕਟਰ-82 ਤੋਂ ਅੱਗੇ ਵਾਲੇ ਚੌਕ 'ਤੇ ਇਕ ਆਈ-20 ਕਾਰ ਵਲੋਂ ਅਚਾਨਕ ਯੂ-ਟਰਨ ਲੈਣ ਕਾਰਨ ਪਿੱਛੋਂ ਆ ਰਹੀ ਮੋਹਾਲੀ ਪੁਲਸ ਦੀ ਪੀ. ਸੀ. ਆਰ. ਵਾਲੀ ਗੱਡੀ ਉਸ ਦੇ ਨਾਲ ਟਕਰਾ ਗਈ, ਜਿਸ 'ਤੇ ਪੁਲਸ ਦੀ ਗੱਡੀ ਤੇ ਆਈ-20 ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ। ਦੋਵਾਂ ਵਾਹਨਾਂ ਨੂੰ ਸੋਹਾਣਾ ਪੁਲਸ ਸਟੇਸ਼ਨ ਲਿਆਂਦਾ ਗਿਆ। ਮੌਕੇ 'ਤੇ ਪਹੁੰਚੇ ਸੋਹਾਣਾ ਪੁਲਸ ਸਟੇਸ਼ਨ ਤੋਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀ. ਸੀ. ਆਰ. ਕਰਮਚਾਰੀ ਮੁਤਾਬਿਕ ਉਕਤ ਹਿਮਾਚਲ ਪ੍ਰਦੇਸ਼ ਨੰਬਰ ਦੀ ਆਈ-20 ਕਾਰ ਨੂੰ ਇਕ ਲੜਕੀ ਚਲਾ ਰਹੀ ਸੀ ਜੋ ਕਿ ਡਰਾਈਵਿੰਗ ਸਮੇਂ ਮੋਬਾਇਲ ਫੋਨ ਵੀ ਸੁਣਦੀ ਜਾ ਰਹੀ ਸੀ। ਏਅਰਪੋਰਟ ਰੋਡ 'ਤੇ ਸੈਕਟਰ-82 ਵਾਲੇ ਚੌਕ ਤੋਂ ਥੋੜ੍ਹਾ ਪਹਿਲਾਂ ਵਾਲੇ ਡਿਵਾਈਡਰ ਦੇ ਕੱਟ ਤੋਂ ਉਸਨੇ ਇਕਦਮ ਯੂ ਟਰਨ ਲੈ ਲਿਆ। ਅੱਜ ਏਅਰਪੋਰਟ 'ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਦੀ ਆਮਦ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਮੇਤ ਹੋਰ ਵੀ. ਵੀ. ਆਈ. ਪੀਜ਼ ਦੀ ਸੁਰੱਖਿਆ ਸਬੰਧੀ ਤੇ ਸੜਕ 'ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਸ ਦੀਆਂ ਗੱਡੀਆਂ ਗਸ਼ਤ ਕਰ ਰਹੀਆਂ ਸਨ। ਲੜਕੀ ਨੇ ਯੂ-ਟਰਨ ਲੈਣ ਲਈ ਇਕਦਮ ਕਾਰ ਮੋੜ ਲਈ ਤੇ ਕਾਰ ਦੀ ਰਫਤਾਰ ਇਕਦਮ ਹੌਲੀ ਹੋ ਗਈ। ਇਸੇ ਦੌਰਾਨ ਪਿੱਛੋਂ ਆ ਰਹੀ ਮੋਹਾਲੀ ਪੁਲਸ ਦੀ ਪੀ. ਸੀ. ਆਰ. ਦੀ ਗੱਡੀ ਉਸ 'ਚ ਜਾ ਵੱਜੀ। ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਦੋਵਾਂ ਵਾਹਨਾਂ ਨੂੰ ਥਾਣੇ ਪਹੁੰਚਾ ਦਿੱਤਾ ਗਿਆ ਹੈ ਤੇ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਸਹੁਰੇ ਤੋਂ ਤੰਗ ਆ ਕੇ ਨਵ-ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਵਸਤੂ
NEXT STORY