ਰਾਜਾਸਾਂਸੀ/ਚੇਤਨਪੁਰਾ, (ਨਿਰਵੈਲ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦਿੱਲੀ ਦੀ ਇਕ ਹੀ ਕੰਪਨੀ ਵੱਲੋਂ ਠੇਕੇ 'ਤੇ ਚਲਾਈ ਜਾ ਰਹੀ ਕਾਰ ਪਾਰਕਿੰਗ ਤੇ ਰੈਸਟੋਰੈਂਟ ਦੇ ਕਰਮਚਾਰੀਆਂ ਵੱਲੋਂ ਡਿਊਟੀ ਦੀ ਰੰਜਿਸ਼ ਤਹਿਤ ਹੋਏ ਝਗੜੇ ਵਿਚ ਕਾਰ ਪਾਰਕਿੰਗ ਦੇ ਸੁਪਰਵਾਈਜ਼ਰ ਸਮੇਤ 2 ਕਰਮਚਾਰੀਆਂ ਦੀਆਂ ਪੱਗਾਂ ਲੱਥੀਆਂ, ਜਿਸ ਦੇ ਵਿਰੋਧ 'ਚ ਕਾਰ ਪਾਰਕਿੰਗ ਦੇ ਕਰਮਚਾਰੀਆਂ ਵੱਲੋਂ ਪੱਗਾਂ ਲਾਹੁਣ ਵਾਲੇ ਰੈਸਟੋਰੈਂਟ ਦੇ ਕਰਮਚਾਰੀਆਂ ਵਿਰੁੱਧ ਮੁਕੱਦਮਾ ਦਰਜ ਕਰਵਾਉਣ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਕਾਰ ਪਾਰਕਿੰਗ ਦੇ ਸੁਪਰਵਾਈਜ਼ਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਲਵਲੀਨ ਇੰਟਰਪ੍ਰਾਈਜ਼ਜ਼ ਨਾਂ ਦੀ ਕੰਪਨੀ ਅਧੀਨ ਲਗਭਗ 15 ਸਾਲਾਂ ਤੋਂ ਕੰਮ ਕਰ ਰਿਹਾ ਹੈ ਤੇ ਇਸੇ ਹੀ ਕੰਪਨੀ ਅਧੀਨ ਯਾਤਰੀ ਹਾਲ ਦੇ ਅੰਦਰ ਚੱਲਦੇ ਰੈਸਟੋਰੈਂਟ 'ਤੇ ਕਰੀਬ 5 ਸਾਲਾਂ ਤੋਂ ਕੰਮ ਕਰ ਰਹੇ ਯੂ. ਪੀ. ਵਾਸੀ ਪ੍ਰਦੀਪ ਕੁਮਾਰ ਤੇ ਸੰਦੀਪ ਕੁਮਾਰ ਨੇ ਉਨ੍ਹਾਂ ਪ੍ਰਤੀ ਕੋਈ ਰੰਜਿਸ਼ ਰੱਖੀ ਹੋਈ ਸੀ, ਕੁਝ ਦਿਨ ਪਹਿਲਾਂ ਕੰਪਨੀ ਦੇ ਮੁੱਖ ਦਫ਼ਤਰ ਦਿੱਲੀ ਤੋਂ ਪ੍ਰਵੀਨ ਕੁਮਾਰ ਨੂੰ ਕਾਰ ਪਾਰਕਿੰਗ ਦਾ ਇੰਚਾਰਜ ਲਾ ਦਿੱਤਾ ਗਿਆ ਤੇ ਬੀਤੀ ਰਾਤ ਪ੍ਰਵੀਨ ਕੁਮਾਰ ਨੇ ਸ਼ਰਾਬ ਦੇ ਨਸ਼ੇ 'ਚ ਬਜ਼ੁਰਗ ਕਰਮਚਾਰੀ ਹਰਨੇਕ ਸਿੰਘ ਨੂੰ ਅਪਸ਼ਬਦ ਬੋਲੇ ਤੇ ਗੰਦੀਆਂ ਗਾਲ੍ਹਾਂ ਕੱਢੀਆਂ ਤੇ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ, ਜਦ ਉਹ ਦਿਨ ਵੇਲੇ ਆਪਣੀ ਡਿਊਟੀ 'ਤੇ ਆਏ ਤਾਂ ਪ੍ਰਵੀਨ ਕੁਮਾਰ ਦੇ ਸਾਥੀ ਸੰਦੀਪ ਕੁਮਾਰ ਨੂੰ ਇਸ ਮਾਮਲੇ ਬਾਰੇ ਪੁੱਛਣਾ ਚਾਹਿਆ ਤਾਂ ਉਸ ਨੇ ਧਮਕੀ ਭਰੇ ਲਹਿਜੇ ਨਾਲ ਕਿਹਾ ਕਿ ਤੁਹਾਨੂੰ ਪੰਜਾਬੀਆਂ ਨੂੰ ਇਸੇ ਤਰ੍ਹਾਂ ਹੀ ਸੁਧਾਰਨਾ ਹੈ। ਇਹ ਕਹਿ ਕੇ ਸੰਦੀਪ ਨੇ ਉਸ ਨੂੰ ਗਲੋਂ ਫੜ ਕੇ ਪੱਗ ਲਾਹ ਦਿੱਤੀ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਜਦ ਕਾਰ ਪਾਰਕਿੰਗ ਵਾਲੇ ਕਰਮਚਾਰੀ ਇਕੱਠੇ ਹੋਏ ਤਾਂ ਉਹ ਦੌੜ ਕੇ ਰੈਸਟੋਰੈਂਟ ਅੰਦਰ ਜਾ ਵੜਿਆ। ਇਸ ਸਬੰਧੀ ਥਾਣਾ ਰਾਜਾਸਾਂਸੀ ਏਅਰਪੋਰਟ ਵਿਖੇ ਦਰਖਾਸਤ ਦਿੱਤੀ ਗਈ। ਜਦ ਥਾਣਾ ਮੁਖੀ ਇੰਸਪੈਕਟਰ ਪਰਮਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ 'ਚ ਸਮਝੌਤਾ ਹੋ ਗਿਆ ਹੈ।
ਕੌਣ ਤੋੜ ਰਿਹੈ ਜੇਲ ਦਾ ਸੁਰੱਖਿਆ ਕਵਚ
NEXT STORY