ਚੰਡੀਗੜ੍ਹ, (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੋਗਾ ਸੈਕਸ ਸਕੈਂਡਲ ਵਾਂਗ ਸੀ. ਬੀ. ਆਈ. ਤੋਂ ਜਾਂਚ ਕਰਵਾਈ ਜਾਵੇ ਪਰ ਇਸ ਦੀ ਜਾਂਚ ਅਤੇ ਟ੍ਰਾਇਲ ਸਮਾਂਬੱਧ ਹੋਵੇ। ਚੀਮਾ ਨੇ ਕਿਹਾ ਕਿ ਮੋਗਾ ਦੇ ਨਿਹਾਲ ਸਿੰਘ ਵਾਲਾ ਥਾਣਾ 'ਚ ਦਰਜ ਹੋਏ ਸੈਕਸ ਸਕੈਂਡਲ ਨੇ ਇਕ ਵਾਰ ਫੇਰ ਮੋਗਾ ਦੇ 2003 ਤੇ 2007 ਦੇ ਬਹੁਚਰਚਿਤ ਸੈਕਸ ਸਕੈਂਡਲਾਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ 2020 ਮੋਗਾ ਸੈਕਸ ਸਕੈਂਡਲ 'ਚ ਵੀ 2003 ਅਤੇ 2007 ਦੇ ਬਹੁਚਰਚਿਤ ਸੈਕਸ ਸਕੈਂਡਲਾਂ ਦੀ ਸ਼ੈਲੀ ਦੁਹਰਾਈ ਗਈ ਹੈ। ਪੁਲਸ ਅਫ਼ਸਰਾਂ-ਕਰਮਚਾਰੀਆਂ ਅਤੇ ਸਿਆਸਤਦਾਨਾਂ ਦੀ ਸਿੱਧੀ ਸ਼ਮੂਲੀਅਤ ਹੈ। ਚੀਮਾ ਨੇ ਮੁੱਖ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਜਦ ਸੱਤਾਧਾਰੀ ਧਿਰ ਨਾਲ ਸਬੰਧਤ ਧੜੱਲੇਦਾਰ ਆਗੂ ਅਤੇ ਉਨ੍ਹਾਂ ਦੀ ਅਤਿ ਨਜ਼ਦੀਕੀਆਂ ਸਮੇਤ ਖ਼ੁਦ ਪੁਲਸ ਅਫ਼ਸਰ ਅਜਿਹੇ ਗੰਭੀਰ ਅਪਰਾਧਾਂ 'ਚ ਸ਼ਾਮਲ ਹੋਣ ਤਾਂ ਪੰਜਾਬ ਪੁਲਸ ਦੀ ਜਾਂਚ ਕੋਈ ਮਾਇਨੇ ਨਹੀਂ ਰੱਖਦੀ, ਇਸ ਲਈ ਇਹ ਕੇਸ ਤੁਰੰਤ ਸੀ. ਬੀ. ਆਈ. ਦੇ ਹਵਾਲੇ ਕੀਤਾ ਜਾਵੇ।
ਚੀਮਾ ਨੇ ਮੋਗਾ ਦੇ ਮੌਜੂਦਾ ਐੱਸ. ਐੱਸ. ਪੀ. ਦੇ ਤੁਰੰਤ ਤਬਾਦਲੇ ਦੀ ਮੰਗ ਕਰਦਿਆਂ ਕਿਹਾ ਕਿ ਮੋਗਾ 'ਚ ਸਰਕਾਰ ਦਾ ਐੱਸ. ਐੱਸ. ਪੀ. ਨਹੀਂ ਹੈ, ਸਗੋਂ ਕਾਂਗਰਸ ਦਾ ਐੱਸ. ਐੱਸ. ਪੀ. ਹੈ। ਅਜਿਹੇ ਕਾਂਗਰਸੀ ਐੱਸ. ਐੱਸ. ਪੀ. ਕੋਲੋਂ ਦੋਸ਼ੀ ਪੁਲਸ ਅਫ਼ਸਰਾਂ ਅਤੇ ਕਾਂਗਰਸੀ ਆਗੂਆਂ ਖਿਲਾਫ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਐੱਸ. ਐੱਸ. ਪੀ. ਮੋਗਾ ਕਾਂਗਰਸੀ ਪਰਿਵਾਰ ਨਾਲ ਸਬੰਧਤ ਹਨ ਅਤੇ ਖਡੂਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਦੇ ਸਕੇ ਭਰਾ ਹਨ। ਇਸ ਲਈ ਇਹ ਕੇਸ ਤੁਰੰਤ ਸੀ. ਬੀ. ਆਈ. ਦੇ ਹਵਾਲੇ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਤਾਜ਼ਾ ਸਕੈਂਡਲ 'ਚ ਜਿੰਨ੍ਹਾ 2 ਏ. ਐੱਸ. ਆਈਜ਼ ਨੂੰ ਬਰਖ਼ਾਸਤ ਕਰਨ ਸਮੇਤ ਕੁੱਲ ਪੰਜ ਲੋਕਾਂ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ, ਇਹ ਮਹਿਜ਼ ਮੋਹਰੇ ਹਨ, ਜਦਕਿ ਇਸ ਪੂਰੇ ਧੰਦੇ ਦੀ ਸਰਪ੍ਰਸਤੀ ਕਰਨ ਵਾਲੀਆਂ ਵੱਡੀਆਂ ਮੱਛੀਆਂ ਅਜੇ ਵੀ ਕਾਨੂੰਨ ਦੀ ਪਹੁੰਚ ਤੋਂ ਬਾਹਰ ਹਨ, ਜਿਸ ਦੀ ਪੁਸ਼ਟੀ ਮੋਗਾ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਵਲੋਂ ਇਕ ਮਹਿਲਾ ਦਾ ਸਰੀਰਕ ਸ਼ੋਸ਼ਣ ਅਤੇ ਬਲੈਕਮੇਲਿੰਗ ਕਰਨ ਦੇ ਗੰਭੀਰ ਮਾਮਲੇ 'ਤੇ ਮੋਗਾ ਪੁਲਸ ਵਲੋਂ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ, ਜਦਕਿ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਜਿਹੇ ਗੰਭੀਰ ਕੇਸਾਂ 'ਚ ਪਹਿਲਾਂ ਐੱਫ. ਆਈ. ਆਰ. ਦਰਜ ਕੀਤੀ ਜਾਂਦੀ ਹੈ। ਹਰਪਾਲ ਚੀਮਾ ਨੇ ਕਿਹਾ ਕਿ 2020 ਦੇ ਇਸ ਸੈਕਸ ਸਕੈਂਡਲ ਵਾਂਗ ਹੀ 2003 ਅਤੇ 2007 ਵੀ ਮੋਗਾ ਸੈਕਸ ਸਕੈਂਡਲਾਂ 'ਚ ਵੀ ਤਤਕਾਲੀ ਸੱਤਾਧਾਰੀਆਂ ਅਤੇ ਪੁਲਸ ਪ੍ਰਸ਼ਾਸਨ ਦੀ ਸਿੱਧੀ ਭਾਗੀਦਾਰੀ ਰਹੀ ਹੈ। ਚੀਮਾ ਨੇ ਕਿਹਾ ਕਿ ਇਨ੍ਹਾਂ ਹਰਕਤਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਹਮਾਮ 'ਚ ਅਕਾਲੀ ਅਤੇ ਕਾਂਗਰਸੀ ਦੋਵੇਂ ਨੰਗੇ ਹਨ ਅਤੇ ਪੰਜਾਬ ਦੇ ਲੋਕ ਇਨ੍ਹਾਂ ਬਾਰੇ ਚੰਗੀ ਤਰ੍ਹਾਂ ਵਾਕਫ਼ ਹੋ ਚੁੱਕੇ ਹਨ।
ਬੀਜ ਘਪਲੇ ਬਾਰੇ ਮੁੱਖ ਮੰਤਰੀ ਚੁੱਪ ਤੋੜਣ : ਚੀਮਾ
NEXT STORY