ਗੁਰਦਾਸਪੁਰ (ਜ. ਬ.) : ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਅੱਜ ਪੁਲਸ ਸਟੇਸ਼ਨ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਡੀਡਾ ਸ਼ਾਂਸੀਆਂ ਦੇ ਇਕ ਘਰ ’ਚ ਜਾਅਲੀ ਸੀ.ਬੀ.ਆਈ ਟੀਮ ਬਣ ਕੇ 37 ਤੋਲੇ ਸੋਨਾ ਅਤੇ 4ਲੱਖ ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 8 ਮੁਲਜ਼ਮਾਂ ’ਚੋਂ ਇਕ ਔਰਤ ਸਮੇਤ ਪੰਜ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਘਟਨਾ ’ਚ ਦੋਸ਼ੀਆਂ ਵੱਲੋਂ ਵਰਤੀਆਂ ਗਈਆਂ ਦੋ ਇਨੋਵਾਂ ਗੱਡੀਆਂ ਸਮੇਤ 1ਲੱਖ 80 ਹਜ਼ਾਰ ਰੁਪਏ ਦੀ ਨਗਦੀ ਵੀ ਪੁਲਸ ਨੇ ਬਰਾਮਦ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ 2-6-21 ਨੂੰ ਸਵੇਰੇ ਕਰੀਬ 5 ਵਜੇ 7-8 ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਡੀਡਾ ਸ਼ਾਂਸੀਆਂ ਵਿਖੇ ਸ਼ਿਮਲਾ ਪਤਨੀ ਮਲਕੀਤ ਵਾਸੀ ਦੇ ਘਰ ਜਾਅਲੀ ਸੀ.ਬੀ.ਆਈ ਟੀਮ ਬਣ ਕੇ ਹਥਿਆਰਾਂ ਦੇ ਬਲ ’ਤੇ ਘਰ ਤੋਂ 37ਤੋਲੇ ਸੋਨਾ ਅਤੇ 4ਲੱਖ ਰੁਪਏ ਲੁੱਟ ਕੇ ਲੈ ਗਏ ਸੀ। ਇਸ ਘਟਨਾ ਦੀ ਇਤਲਾਹ ਮਿਲਣ ’ਤੇ ਪੁਲਸ ਤੁਰੰਤ ਹਰਕਤ ’ਚ ਆ ਗਈ ਸੀ ਅਤੇ ਇਸ ਸਬੰਧੀ ਕਾਜਲ ਪਤਨੀ ਲੇਟ ਅਸ਼ਵਨੀ ਕੁਮਾਰ ਵਾਸੀ ਸੰਨੀ ਥਾਣਾ ਡਮਟਾਲ ਦੇ ਬਿਆਨਾਂ ’ਤੇ ਦੋਸ਼ੀਆਂ ਖ਼ਿਲਾਫ਼ ਧਾਰਾ 392,342,170,120 ਬੀ, 25-54-59 ਅਸਲਾ ਐਕਟ ਥਾਣਾ ਦੀਨਾਨਗਰ ਦਰਜ ਕੀਤਾ ਗਿਆ ਸੀ।
ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਮਹੇਸ਼ ਸੈਣੀ ਡੀ.ਐੱਸ.ਪੀ ਦੀਨਾਨਗਰ , ਇੰਸਪੈਕਟਰ ਸ਼ਾਮ ਲਾਲ ਥਾਣਾ ਮੁਖੀ ਦੀਨਾਨਗਰ ਅਤੇ ਇੰਸਪੈਕਟਰ ਵਿਸ਼ਵਾਨਾਥ ਇੰਚਾਰਜ਼ ਸੀ.ਆਈ.ਏ ਸਟਾਫ ਗੁਰਦਾਸਪੁਰ ’ਤੇ ਆਧਾਰਿਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿਨ੍ਹਾਂ ਨੇ 24 ਘੰਟਿਆਂ ਦੇ ਅੰਦਰ ਸਾਰੇ ਲੁਟੇਰਿਆਂ ਤੇ ਵਾਰਦਾਤ ਸਮੇਂ ਵਰਤੀਆਂ ਗੱਡੀਆਂ ਦੀ ਸ਼ਨਾਖਤ ਕਰ ਲਈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰ ਲਈ ਹਿਮਾਚਲ ਪ੍ਰਦੇਸ਼, ਪਟਿਆਲਾ ਅਤੇ ਚੰਡੀਗੜ੍ਹ ਵਿਖੇ ਵੱਖ-ਵੱਖ ਜਗ੍ਹਾ ’ਤੇ ਛਾਪਾਮਾਰੀ ਕੀਤੀ। ਇਸ ਦੌਰਾਨ 4-6-21 ਨੂੰ ਚਾਰ ਦੋਸ਼ੀਆਂ ਅਮਰਿੰਦਰ ਸਿੰਘ ਉਰਫ ਰਾਜੂ ਪੁੱਤਰ ਪ੍ਰਦੂਮਣ ਸਿੰਘ, ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਜਸਬੀਰ ਸਿੰਘ ,ਗੁਰਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਭਾਗ ਸਿੰਘ ਤਿੰਨ ਨਿਵਾਸੀ ਰਨਬੀਰਪੁਰਾ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਅਤੇ ਲਖਬੀਰ ਸਿੰਘ ਉਰਫ ਲੱਕੀ ਪੁੱਤਰ ਲੇਟ ਬਲਵਿੰਦਰ ਸਿੰਘ ਵਾਸੀ ਹੈਬਤਪੁਰ ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਇਕ ਔਰਤ ਅਨਾਮੀਕਾ ਭਾਨੀਆ ਪੁੱਤਰੀ ਗੁਲਸ਼ਨ ਕੁਮਾਰ ਵਾਸੀ ਛੰਨੀ ਬੇਲੀ ਡਮਟਾਲ ਹਿਮਾਚਲ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ ਵਾਰਦਾਤ ਦੌਰਾਨ ਵਰਤੀਆਂ ਦੋ ਇਨੋਵਾ ਗੱਡੀਆਂ ਨੰਬਰ ਪੀਬੀ29 ਐੱਚ 4572 ਅਤੇ ਪੀਬੀ06 ਏ.ਵੀ 8810 ਅਤੇ ਲੁੱਟ ਕੀਤੀ ਰਕਮ ਵਿਚੋਂ 1 ਲੱਖ 80 ਹਜ਼ਾਰ ਰੁਪਏ ਨਗਦੀ ਬਰਾਮਦ ਕੀਤੀ।
ਐੱਸ.ਐੱਸ.ਪੀ ਨੇ ਦੱਸਿਆ ਕਿ ਇਨਾਂ ਦੇ ਤਿੰਨ ਸਾਥੀ ਜੋਤੀ ਉਰਫ ਬੱਬੂ ਵਾਸੀ ਦਿੱਲੀ, ਪ੍ਰਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪ੍ਰਤਾਪ ਨਗਰ ,ਪਟਿਆਲਾ ਤੇ ਵੀਨਾ ਦੇਵੀ ਪਤਨੀ ਗੁਲਸ਼ਨ ਕੁਮਾਰ ਵਾਸੀ ਛੰਨੀ ਬੇਲੀ ਡਮਟਾਲ ਹਿਮਾਚਲ ਪ੍ਰਦੇਸ਼ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦਾ 5 ਦਿਨ ਦਾ ਪੁਲਸ ਰਿਮਾਂਡ ਹਾਂਸਲ ਕੀਤਾ ਗਿਆ ਹੈ ਅਤੇ ਇਨ੍ਹਾਂ ਕੋਲੋਂ ਇਨਾਂ ਦੇ ਬਾਕੀ ਸਾਥੀਆਂ ਅਤੇ ਹੋਰ ਵਾਰਦਾਤਾਂ ਬਾਰੇ ਪਤਾ ਲਗਾਇਆ ਜਾਵੇਗਾ ਅਤੇ ਲੁੱਟਿਆ ਸਾਮਾਨ ਬਰਾਮਦ ਕੀਤਾ ਜਾਵੇਗਾ।
ਰੂਪਨਗਰ 'ਚ ਸ਼ਾਤਿਰ ਚੋਰਾਂ ਦਾ ਵੱਡਾ ਕਾਰਨਾਮਾ, ATM ਨੂੰ ਨਿਸ਼ਾਨਾ ਬਣਾ ਕੇ ਇੰਝ ਉਡਾਈ ਲੱਖਾਂ ਦੀ ਨਕਦੀ
NEXT STORY