ਚੰਡੀਗੜ੍ਹ (ਅਸ਼ਵਨੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੌਮਾਂਤਰੀ ਮਜਦੂਰ ਦਿਵਸ ਮੌਕੇ ਆਪਣੇ ਘਰ ਤੋਂ ਤਿਰੰਗਾ ਲਹਿਰਾ ਕੇ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਖਿਲਾਫ਼ ਅਤੇ ਸੂਬੇ ਦੀਆਂ ਹੱਕੀ ਮੰਗਾਂ ਦੇ ਹੱਕ 'ਚ ਅਵਾਜ ਬੁਲੰਦ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਸਮੂਹ ਕਿਰਤੀਆਂ ਨੂੰ ਮਈ ਦਿਵਸ ਦੀਆਂ ਸੁਭਕਾਮਨਾਵਾਂ ਦਿੰਦਿਆਂ ਆਖਿਆ ਕਿ ਕਾਂਗਰਸ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਪੂਰਤੀ ਲਈ ਵਚਨਬੱਧ ਹੈ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੂਬਾ ਕੋਵਿਡ ਨਾਲ ਜਿੱਤ ਦਾ ਜ਼ਜਬਾ ਮਨ 'ਚ ਲੈ ਕੇ ਲੜ ਰਿਹਾ ਹੈ ਅਤੇ ਪੰਜਾਬੀਆਂ ਨੇ ਤਿਰੰਗਾ ਲਹਿਰਾ ਕੇ ਪੰਜਾਬ ਸਰਕਾਰ ਦੇ ਉਪਰਾਲਿਆਂ ਨਾਲ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ : ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਟਾਂਡਾ ਦੇ 9 ਸ਼ਰਧਾਲੂਆਂ ਦੀ ਰਿਪੋਰਟ ਆਈ ਪਾਜ਼ੇਟਿਵ
ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਇਹ ਸਹਿਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਤੀ ਸੰਕਲਪ ਨੂੰ ਹੋਰ ਬਲ ਦੇਵੇਗਾ। ਜਾਖੜ ਨੇ ਕਿਹਾ ਕਿ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਦਾ ਰਵਈਆ ਲਗਾਤਾਰ ਪੰਜਾਬ ਪ੍ਰਤੀ ਭੇਦਭਾਵ ਵਾਲਾ ਬਣਿਆ ਹੋਇਆ ਹੈ ਅਤੇ ਪੰਜਾਬ ਨੂੰ ਕੋਈ ਆਰਥਿਕ ਮਦਦ ਦੇਣ ਦੀ ਬਜਾਏ ਕੇਂਦਰ ਸਰਕਾਰ ਪੰਜਾਬ ਦੇ ਬਣਦੇ ਹੱਕ ਵੀ ਸਮੇਂ ਸਿਰ ਨਹੀਂ ਦੇ ਰਹੀ ਹੈ। ਜਾਖੜ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨ ਦਾ ਕਟੋਰਾ ਹੈ ਅਤੇ ਇਸ ਨੇ ਦੇਸ਼ ਦੀਆਂ ਹੱਦਾਂ ਦੀ ਰਾਖੀ ਲਈ ਵੀ ਕੁਰਬਾਨੀ ਕਰਦੇ ਸਮੇਂ ਕਦੇ ਸਿਰਾਂ ਦੀ ਗਿਣਤੀ ਨਹੀਂ ਕੀਤੀ ਪਰ ਜਦ ਮੁਸ਼ਕਿਲ ਦੌਰ ਆਇਆ ਤਾਂ ਭਾਜਪਾ ਸਰਕਾਰ ਨੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਪੰਜਾਬ ਨੂੰ ਵਿਸਾਰ ਦਿੱਤਾ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਕੋਈ ਭੀਖ ਨਹੀਂ ਮੰਗਦਾ ਸਗੋਂ ਆਪਣਾ ਹੱਕ ਮੰਗਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਰਥਿਕ ਮੰਦੀ 'ਚੋਂ ਕੱਢਣ 'ਚ ਪੰਜਾਬ ਮੋਹਰੀ ਰੋਲ ਅਦਾ ਕਰ ਸਕਦਾ ਹੈ। ਇਸ ਲਈ ਕੇਂਦਰ ਸਰਕਾਰ ਤੁਰੰਤ ਪੰਜਾਬ ਨੂੰ ਆਰਥਿਕ ਪੈਕੇਜ਼ ਦੇਵੇ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਪੰਜਾਬ ਦੀ ਇਹ ਮੰਗ ਪੂਰੀ ਨਹੀਂ ਹੁੰਦੀ ਕਾਂਗਰਸ ਪਾਰਟੀ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਉਨ੍ਹਾਂ ਨੇ ਅੱਜ ਕੌਮਾਂਤਰੀ ਮਜਦੂਰ ਦਿਵਸ ਮੌਕੇ ਰਾਜ ਭਰ 'ਚ ਪੰਜਾਬ ਦੀਆਂ ਹੱਕੀ ਮੰਗਾਂ ਲਈ ਤਿਰੰਗਾ ਲਹਿਰਾਉਣ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ।
ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਅਨੇਕਾਂ ਦੁਸ਼ਵਾਰੀਆਂ ਦਾ ਕਰਨਾ ਪੈ ਰਿਹੈ ਸਾਹਮਣਾ
NEXT STORY