ਜਲੰਧਰ(ਗੁਲਸ਼ਨ)— ਨਵੀਂ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ 'ਚ ਸਫਰ ਕਰਨ ਵਾਲੇ ਅਮਨਦੀਪ ਸਿੰਘ ਨੇ ਪਰੋਸੇ ਗਏ ਡਿਨਰ 'ਚ ਕਾਕਰੋਚ ਕੱਢਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਵੈਂਡਰ ਤੋਂ ਵਾਰ-ਵਾਰ ਮੰਗਣ ਦੇ ਬਾਵਜੂਦ ਉਸ ਨੇ ਸ਼ਿਕਾਇਤ ਬੁੱਕ ਨਹੀਂ ਦਿੱਤੀ।
ਯੂ. ਐੱਸ. ਏ. ਦੇ ਰਹਿਣ ਵਾਲੇ ਅਮਨਦੀਰ ਸਿੰਘ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਜਲੰਧਰ ਦੇ ਉਦੈ ਨਗਰ 'ਚ ਰਹਿਣ ਵਾਲੇ ਆਪਣੇ ਭਰਾ ਜੰਗ ਬਹਾਦੁਰ ਸਿੰਘ ਦੇ ਨਾਲ ਨਵੀਂ ਦਿੱਲੀ ਤੋਂ ਸ਼ਤਾਬਦੀ ਐਕਸਪ੍ਰੈੱਸ (12013) ਦੇ ਸੀ-11 ਕੋਚ ਦੀ ਸੀਟ ਨੰਬਰ 66 ਅਤੇ 67 (ਪੀ.ਐੱਨ.ਆਰ. 2722182642) 'ਚ ਸਫਰ ਕਰ ਰਹੇ ਸਨ। ਟਰੇਨ ਜਦੋਂ ਰਾਜਪੁਰਾ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਨੂੰ ਖਾਣਾ ਸਰਵ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਖਾਣਾ ਲੱਗੇ ਤਾਂ ਨਾਨਵੈੱਜ 'ਚ ਉਨ੍ਹਾਂ ਨੂੰ ਕਾਕਰੋਚ ਦਿਖਾਈ ਦਿੱਤਾ। ਇਸ ਦੀ ਸ਼ਿਕਾਇਤ ਸਰਵ ਕਰ ਰਹੇ ਵੈਂਡਰ ਨੂੰ ਕੀਤੀ ਗਈ ਤਾਂ ਉਸ ਨੇ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ। ਜਦੋਂ ਉਸ ਨੂੰ ਆਪਣੇ ਸੀਨੀਅਰ ਨੂੰ ਬੁਲਾਉਣ ਲਈ ਕਿਹਾ ਗਿਆ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਜਦੋਂ ਉਸ ਤੋਂ ਸ਼ਿਕਾਇਤ ਦੀ ਕਿਤਾਬ ਮੰਗੀ ਗਈ ਤਾਂ ਉਸ ਨੇ ਇਨਕਾਰ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਉਹ ਫੀਡਬੈਕ ਫਾਰਮ ਲੈ ਕੇ ਆਇਆ ਤਾਂ ਕਿਹਾ ਕਿ ਆਪਣੀ ਸ਼ਿਕਾਇਤ ਲਿਖ ਦੋ। ਇਹ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ।
ਅਮਨਦੀਪ ਨੇ ਦੋਸ਼ ਲਗਾਇਆ ਕਿ ਜਿਸ ਤਰ੍ਹਾਂ ਨਾਲ ਟਰੇਨ ਦੇ ਸਟਾਫ ਦੁਆਰਾ ਉਨ੍ਹਾਂ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ ਉਹ ਕਾਫੀ ਨਿੰਦਾਯੋਗ ਹੈ। ਵੈਂਡਰ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਖਾਣੇ 'ਚ ਕਾਕਰੋਚ ਕਿਵੇਂ ਆਇਆ। ਖਾਣੇ 'ਚ ਨਿਕਲੇ ਕਾਕਰੋਚ ਦੀ ਤਸਵੀਰ ਉਨ੍ਹਾਂ ਨੇ ਆਪਣੇ ਮੋਬਾਇਲ 'ਚ ਖਿੱਚ ਲਈ। ਅਮਨਦੀਪ ਨੇ ਕਿਹਾ ਕਿ ਇਸ ਬਾਰੇ ਰੇਲ ਮੰਤਰੀ ਪੀਊਸ਼ ਗੋਇਲ ਦੇ ਇਲਾਵਾ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਵੀ ਆਨਲਾਈਨ ਸ਼ਿਕਾਇਤ ਭੇਜ ਦਿੱਤੀ ਹੈ।
ਆਰਗੇਨਾਈਜ਼ ਕ੍ਰਾਈਮ ਕੰਟਰੋਲ ਟੀਮ ਵਲੋਂ ਗੌਂਡਰ ਦੇ ਦੋ ਸਾਥੀ ਗ੍ਰਿਫਤਾਰ
NEXT STORY