ਚੰਡੀਗੜ (ਕਮਲ) : ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਗਿਆਨ ਵਿਹੂਣਾ ਦੱਸਦਿਆਂ ਦੋਸ਼ ਲਾਇਆ ਹੈ ਕਿ ਭਾਜਪਾ ਆਗੂ ਦਾ ਦਲਿਤ ਅਤੇ ਘੱਟ ਗਿਣਤੀ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਕਿਉਂਕਿ ਪਹਿਲਾ ਸਾਂਪਲਾ ਵਲੋਂ ਪੰਜਾਬ ਦੇ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਬਾਰੇ ਅੜਿੱਕਾ ਢਾਹਿਆ ਗਿਆ ਅਤੇ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਬਾਰੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸਪੋਰਟ ਦੀ ਸ਼ਰਤ ਰੱਖੇ ਜਾਣ ਨੂੰ ਵਾਜਬ ਦੱਸ ਕੇ ਸਾਂਪਲਾ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਨਾਲ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਾਂਪਲਾ ਦਲਿਤ ਤੇ ਘੱਟ ਗਿਣਤੀ ਵਿਰੋਧੀ ਸੋਚ ਰੱਖਦੇ ਹਨ।
ਧਰਮਸੌਤ ਨੇ ਆਖਿਆ ਕਿ ਸਾਂਪਲਾ ਨੂੰ ਗਿਆਨ ਹੋਣਾ ਚਾਹੀਦਾ ਕਿ ਹਰ ਵਿਅਕਤੀ ਕੋਲ ਪਾਸਪੋਰਟ ਨਹੀਂ ਹੈ ਅਤੇ ਬਹੁਤ ਸਾਰੇ ਵਿਅਕਤੀ ਅਜਿਹੇ ਹਨ, ਜੋ ਪਾਸਪੋਰਟ ਤੋਂ ਸੱਖਣੇ ਹਨ, ਇਸ ਲਈ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਣ ਲਈ ਪਾਸਪੋਰਟ ਤੋਂ ਬਿਨਾਂ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਂਪਲਾ ਜਾਣ–ਬੁੱਝ ਕੇ ਸਿੱਖਾਂ ਦੀ ਇਹ ਮੰਗ ਪੂਰੀ ਹੋਣ 'ਚ ਅੜਿੱਕਾ ਬਣ ਰਹੇ ਹਨ ਅਤੇ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਪ੍ਰਕਿਰਿਆ ਨੂੰ ਗੁੰਝਲਦਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਰਤਾਰਪੁਰ ਲਾਂਘੇ ਦਾ ਸਿਹਰਾ ਤਾਂ ਲੈਣਾ ਚਾਹੁੰਦੀ ਹੈ ਪਰ ਲਾਂਘੇ ਦੀ ਪ੍ਰਕਿਰਿਆ ਨੂੰ ਸੌਖਾਲਾ ਨਹੀਂ ਕਰਨਾ ਚਾਹੁੰਦੀ। ਭਾਜਪਾ ਦੀ ਨੀਅਤ ਤੇ ਨੀਤੀ ਸਾਫ਼ ਨਹੀਂ ਹੈ।
ਪੰਜਾਬ ਸਰਕਾਰ ਨਵਾਂ 'ਡੀ. ਜੀ. ਪੀ.' ਲਾਉਣ ਦੀ ਤਿਆਰੀ 'ਚ!
NEXT STORY