ਚੰਡੀਗੜ੍ਹ : ਆਮ ਚੋਣਾਂ ਦੌਰਾਨ ਵਧੀ ਖਾਦੀ ਕੱਪੜਿਆਂ ਦੀ ਮੰਗ, ਪਿਛਲੇ ਸਾਲ ਨਾਲੋਂ 29 ਫੀਸਦੀ ਵਧਿਆ ਕਾਰੋਬਾਰ ਆਮ ਚੋਣਾਂ ਦੌਰਾਨ ਖਾਦੀ ਦੇ ਕੁੜਤਾ ਪਜਾਮਾ, ਲੰਗੋਟ, ਪਰਨੇ ਦੀ ਮੰਗ ਕਾਫੀ ਵਧੀ ਹੈ ਅਤੇ ਇਹੀ ਵਜ੍ਹਾ ਹੈ ਕਿ ਮਾਰਚ 'ਚ ਵਿੱਤੀ ਸਾਲ 2018-19 ਦੌਰਾਨ ਖਾਦੀ ਦਾ ਕਾਰੋਬਾਰ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਲਗਭਗ 29 ਫੀਸਦੀ ਦੀ ਜ਼ੋਰਦਾਰ ਵਾਧੇ ਨਾਲ 3215 ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਖਾਦੀ ਗ੍ਰਾਮ ਉਦਯੋਗ ਕਮਿਸ਼ਨ (ਕੇ. ਵੀ. ਆਈ. ਸੀ.) ਦੇ ਚੇਅਰਮੈਨ ਵਿਨੇ ਕੁਮਾਰ ਸਕਸੈਨਾ ਨੇ ਦੱਸਿਆ ਕਿ ਪਿਛਲੇ 5 ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2013-14 ਤੋਂ ਬਾਅਦ ਖਾਦੀ ਦੇ ਕਾਰੋਬਾਰ 'ਚ 4 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2013-14 'ਚ ਖਾਦੀ ਦਾ ਕਾਰੋਬਾਰ 811 ਕਰੋੜ ਰਿਹਾ ਸੀ, ਜੋ 2018-19 'ਚ ਵਿੱਤੀ ਸਾਲ 3215 ਕਰੋੜ 'ਤੇ ਪਹੁੰਚ ਗਿਆ।
ਸਕਸੈਨਾ ਨੇ ਕਿਹਾ ਕਿ ਬੀਤੇ ਵਿੱਤੀ ਸਾਲ 'ਚ ਆਮ ਚੋਣਾਂ ਨੂੰ ਦੇਖਦੇ ਹੋਏ ਖਾਦੀ ਦੇ ਕੱਪੜਿਆਂ ਦੀ ਮੰਗ ਚੰਗੀ ਰਹੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਹੋਣ ਦੀ ਵਜ੍ਹਾ ਨਾਲ ਨੇਤਾਵਾਂ ਤੇ ਰਾਜਨੀਤਕ ਕਾਰਜਕਰਤਾਵਾਂ ਨੂੰ ਧੁੱਪ ਤੇ ਗਰਮੀ 'ਚ ਕੰਮ ਕਰਨਾ ਪੈਂਦਾ ਹੈ। ਗਰਮੀ ਦੇ ਮੌਸਮ 'ਚ ਖਾਦੀ ਦਾ ਕੱਪੜਾ ਜ਼ਿਆਦਾ ਪਹਿਨਿਆ ਜਾਂਦਾ ਹੈ। ਇਹ ਗਰਮੀ 'ਚ ਆਰਾਮਦਾਇਕ ਹੁੰਦਾ ਹੈ। ਸਿਹਤ ਦੇ ਲਿਹਾਜ਼ ਨਾਲ ਵੀ ਖਾਦੀ ਦੇ ਕੱਪੜੇ ਅਨੁਕੂਲ ਤੇ ਫਾਇਦੇਮੰਦ ਦੱਸੇ ਗਏ ਹਨ।
ਕੇ. ਵੀ. ਆਈ. ਸੀ. ਦੇ ਚੇਅਰਮੈਨ ਨੇ ਕਿਹਾ ਕਿ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ, ਉੱਤਰ ਪ੍ਰਦੇਸ਼ ਤੇ ਬਿਹਾਰ ਸਮੇਤ ਦੇਸ਼ ਦੇ ਸਾਰੇ ਰਾਜਾਂ 'ਚ ਖਾਦੀ ਦੇ ਕੱਪੜਿਆਂ ਤੇ ਖਾਸ ਤੌਰ 'ਤੇ ਸਿਲਵਾਏ ਕੱਪੜਿਆਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਦੌਰਾਨ ਖਾਦੀ ਦੀ ਵਿਕਰੀ 'ਚ 40 ਫੀਸਦੀ ਹਿੱਸਾ ਕੱਪੜੇ ਦਾ ਰਿਹਾ ਹੈ ਜਦੋਂਕਿ 60 ਫੀਸਦੀ ਵਿਕਰੀ ਸਿਲਾਏ ਕੱਪੜਿਆਂ ਦੀ ਹੋਈ ਹੈ। ਦੇਸ਼ ਦੇ ਦੂਰਦਰਾਜ ਪਿੰਡਾਂ 'ਚ ਕਾਰੀਗਰਾਂ ਵਲੋਂ ਖਾਦੀ ਦਾ ਕੁੜਤਾ-ਪਜਾਮਾ, ਜੈਕੇਟ, ਲੰਗੋਟ, ਪਰਨਾ, ਔਰਤਾਂ ਲਈ ਸੂਟ ਸਲਵਾਰ, ਧੋਤੀ ਸਾੜ੍ਹੀ ਦੀ ਲਗਾਤਾਰ ਮੰਗ ਬਣੀ ਹੋਈ ਹੈ।
ਅਮਿਤ ਸ਼ਾਹ ਨੇ ਕਾਂਗਰਸ ਸਰਕਾਰ ਨੂੰ ਲਿਆ ਲੰਮੇ ਹੱਥੀਂ
NEXT STORY