ਚੰਡੀਗੜ੍ਹ(ਰਮਨਜੀਤ)— ਸਿਫਰਕਾਲ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਪੀਕਰ ਤੋਂ ਪੁੱਛਿਆ ਕਿ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਦੇ ਨਿਯਮਾਂ ਸਬੰਧੀ ਸਥਿਤੀ ਸਪੱਸ਼ਟ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਹੈ ਕਿ ਕਈ-ਕਈ ਵਾਰ ਆਪਣੇ ਅਸਤੀਫਿਆਂ ਦਾ ਐਲਾਨ ਕਰਨ ਵਾਲੇ ਅਜੇ ਵੀ ਸਦਨ 'ਚ ਆ ਰਹੇ ਹਨ। ਇਸ 'ਤੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਉਂਝ ਤਾਂ ਇਸ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੈ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਐੱਚ. ਐੱਸ. ਫੂਲਕਾ ਨੂੰ 20 ਫਰਵਰੀ ਨੂੰ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਅਸਤੀਫਾ ਠੀਕ ਫਾਰਮੇਟ ਵਿਚ ਨਹੀਂ ਪਰ ਫੂਲਕਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਫਾਰਮੇਟ ਠੀਕ ਹੈ। ਇਸ ਲਈ ਹੁਣ ਉਨ੍ਹਾਂ ਦੇ ਮਾਮਲੇ ਨੂੰ ਕਾਨੂੰਨੀ ਸਲਾਹ ਲਈ ਭੇਜਿਆ ਜਾ ਰਿਹਾ ਹੈ। ਉਥੇ ਹੀ ਸੁਖਪਾਲ ਸਿੰਘ ਖਹਿਰਾ ਦੇ ਅਸਤੀਫੇ ਸਬੰਧੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਵਲੋਂ ਤਿੰਨ ਵਾਰ ਰਜਿਸਟਰਡ ਪੱਤਰ ਭੇਜ ਕੇ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਤਿੰਨੇ ਵਾਰ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹੁਣ ਵਿਧਾਨ ਸਭਾ ਕੋਲ ਸਿਰਫ ਪਬਲੀਕੇਸ਼ਨ ਦਾ ਹੀ ਰਸਤਾ ਬਚਿਆ ਹੈ ਤੇ ਉਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਖੜ੍ਹੇ ਹੋ ਕੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਵਾਰ-ਵਾਰ ਅਸਤੀਫਾ ਦੇਣ ਦਾ ਐਲਾਨ ਕਰਨ ਵਾਲੇ ਸਰਕਾਰੀ ਖਜ਼ਾਨੇ ਤੋਂ ਸਾਰੀਆਂ ਸੁਵਿਧਾਵਾਂ ਲੈ ਰਹੇ ਹਨ। ਫੂਲਕਾ-ਖਹਿਰਾ ਦੇ ਨਾਲ ਹੀ ਮਾਸਟਰ ਬਲਦੇਵ ਸਿੰਘ ਵੀ ਅਜਿਹਾ ਹੀ ਕਹਿ ਚੁੱਕੇ ਹਨ ਪਰ ਫਿਰ ਵੀ ਸਥਿਤੀ ਸਪੱਸ਼ਟ ਨਹੀਂ ਕੀਤੀ ਜਾ ਰਹੀ। ਇਸ ਦਾ ਜਵਾਬ ਦਿੰਦਿਆਂ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਅਸਤੀਫਿਆਂ 'ਤੇ ਫੈਸਲਾ ਲੈਣਾ ਸਪੀਕਰ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ ਤੇ ਜੇਕਰ ਅਕਾਲੀ ਵਿਧਾਇਕਾਂ ਨੂੰ ਕੋਈ ਗਿਲਾ ਹੈ ਤਾਂ ਉਹ ਅਦਾਲਤ 'ਚ ਜਾ ਸਕਦੇ ਹਨ।
ਪੈਟਰੋਲ ਦੀ ਕੀਮਤ 'ਚ ਕਮੀ ਛੋਟੀ ਗੱਲ ਨਹੀਂ : ਕੰਬੋਜ- ਕਾਂਗਰਸ ਦੇ ਹਰਦਿਆਲ ਕੰਬੋਜ ਨੇ ਕਿਹਾ ਕਿ ਪੰਜਾਬ ਵਿਚ ਕੀਤੀ ਕਰਜ਼ਾ ਮੁਆਫ਼ੀ ਦਾ ਸੁਨੇਹਾ ਦੂਜੇ ਰਾਜਾਂ ਵਿਚ ਵੀ ਗਿਆ ਹੈ ਤੇ ਇਸ ਬਜਟ ਵਿਚ ਵੀ 3 ਹਜ਼ਾਰ ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਪੈਟਰੋਲ ਦੀ ਕੀਮਤ 'ਚ 5 ਰੁਪਏ ਪ੍ਰਤੀ ਲਿਟਰ ਦੀ ਕਮੀ ਕੋਈ ਛੋਟੀ ਗੱਲ ਨਹੀਂ। ਖੇਤ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਦਾ ਐਲਾਨ ਵੀ ਖੇਤ ਮਜ਼ਦੂਰਾਂ ਲਈ ਕਾਫ਼ੀ ਸਹਾਈ ਸਿੱਧ ਹੋਵੇਗਾ। ਕਾਂਗਰਸ ਦੇ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਪੋਸਟ ਮੈਟ੍ਰਿਕ ਵਜ਼ੀਫ਼ਾ ਰਾਸ਼ੀ ਕਾਫ਼ੀ ਨਹੀਂ ਤੇ ਇਸ ਨੂੰ ਵਧਾ ਕੇ ਦੁੱਗਣਾ ਕੀਤਾ ਜਾਣਾ ਚਾਹੀਦਾ ਹੈ। ਤਰੱਕੀਆਂ ਸਬੰਧੀ 85ਵੀਂ ਸੋਧ ਲਾਗੂ ਹੋਵੇ ਤੇ ਐੱਸ. ਸੀ. ਵਰਗ ਦੀਆਂ ਪੋਸਟਾਂ ਦਾ ਬੈਕਲਾਗ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਦੇ ਵਿਕਾਸ ਲਈ ਵਧੇਰੇ ਫੰਡ ਰੱਖੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਦੇ ਸਮੇਂ ਵਿਚ ਬੱਚਿਆਂ ਲਈ ਅੰਗਰੇਜ਼ੀ ਜ਼ਰੂਰੀ ਹੈ ਪਰ ਨਿੱਜੀ ਸਕੂਲਾਂ 'ਚ ਪੰਜਾਬੀ ਨੂੰ ਹੇਟ ਕੀਤਾ ਜਾਂਦਾ ਹੈ, ਜੋ ਕਿ ਵਾਜਿਬ ਨਹੀਂ। ਇਸ ਨੂੰ ਵੀ ਰੋਕਿਆ ਜਾਣਾ ਚਾਹੀਦਾ ਹੈ। ਅਕਾਲੀ ਦਲ ਦੇ ਐੱਨ. ਕੇ. ਸ਼ਰਮਾ ਨੇ ਕਵਿਤਾ ਰਾਹੀਂ ਹੀ ਬਜਟ ਬਾਰੇ ਆਪਣੀ ਗੱਲ ਕਹਿੰਦਿਆਂ ਸਰਕਾਰ 'ਤੇ ਨਿਸ਼ਾਨੇ ਸਾਧੇ। ਆਪ ਦੇ ਬਾਗੀ ਗਰੁੱਪ ਦੇ ਮੈਂਬਰ ਜਗਦੇਵ ਸਿੰਘ ਕਮਾਲੂ ਤੋਂ ਇਲਾਵਾ ਕਾਂਗਰਸ ਦੇ ਤਰਸੇਮ ਡੀ. ਸੀ. ਤੇ ਆਪ ਦੀ ਸਰਬਜੀਤ ਕੌਰ ਮਾਣੂਕੇ ਨੇ ਵੀ ਆਪਣੇ ਵਿਚਾਰ ਰੱਖੇ।
ਨਵੇਂ ਬਜਟ 'ਚ ਪਹਿਲਾਂ ਨਾਲੋਂ ਕੁੱਝ ਵੱਖਰਾ ਨਹੀਂ : ਮੀਤ ਹੇਅਰ- ਆਪ ਦੇ ਮੀਤ ਹੇਅਰ ਨੇ ਕਿਹਾ ਕਿ ਪੇਸ਼ ਕੀਤਾ ਗਿਆ ਨਵਾਂ ਬਜਟ ਪਹਿਲਾਂ ਨਾਲੋਂ ਕੁੱਝ ਵੀ ਵੱਖਰਾ ਨਹੀਂ। ਮੁਲਾਜ਼ਮਾਂ ਦਾ ਇਸ ਬਜਟ ਵਿਚ ਜ਼ਿਕਰ ਤੱਕ ਨਹੀਂ, ਜਦਕਿ ਆਪਣੀਆਂ ਹੱਕੀ ਮੰਗਾਂ ਲਈ ਅੰਦੋਲਨ ਕਰ ਰਹੇ ਮੁਲਾਜ਼ਮ ਹੁਣ ਸਰਕਾਰ ਤੋਂ ਸਵੈ ਇੱਛਾ ਨਾਲ ਮਰਨ ਦੀ ਆਗਿਆ ਮੰਗਣ ਲੱਗੇ ਹਨ। ਕਾਂਟ੍ਰੈਕਟ ਕਾਮਿਆਂ, ਆਸ਼ਾ ਵਰਕਰਾਂ ਤੇ ਮਿਡ-ਡੇ ਮੀਲ ਕਰਮਚਾਰੀਆਂ ਬਾਰੇ ਵੀ ਇਸ ਵਿਚ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਦਕਿ ਇਹ ਕਾਮੇ ਤਿੰਨ ਤੋਂ ਲੈ ਕੇ ਚਾਰ ਹਜ਼ਾਰ ਰੁਪਏ ਤੱਕ ਬਹੁਤ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 90 ਹਜ਼ਾਰ ਕਰੋੜ ਦੀ ਕਰਜ਼ਾ ਮੁਆਫ਼ੀ ਦੀ ਯੋਜਨਾ ਵਿਚੋਂ ਹਾਲੇ ਤੱਕ ਸਿਰਫ਼ 4-5 ਹਜ਼ਾਰ ਕਰੋੜ ਰੁਪਏ ਹੀ ਮੁਆਫ਼ ਹੋਏ ਹਨ, ਜਿਸ ਨਾਲ ਖੁਦਕੁਸ਼ੀਆਂ ਬੰਦ ਨਹੀਂ ਹੋ ਸਕਦੀਆਂ। ਖੇਤੀ ਵਿਕਾਸ ਦਰ 'ਚ ਆ ਰਹੀ ਕਮੀ ਖਤਮ ਕਰਨ ਲਈ ਐਗਰੋ ਆਧਾਰਿਤ ਇੰਡਸਟਰੀ ਲਾਉਣ ਦੀ ਲੋੜ ਹੈ।
ਅੰਮ੍ਰਿਤਸਰ-ਚੰਡੀਗੜ੍ਹ ਇੰਟਰਸਿਟੀ, ਜਨਸੇਵਾ, ਜੈਪੁਰ ਸਮੇਤ ਕਈ ਗੱਡੀਆਂ ਰੱਦ
NEXT STORY