ਚੰਡੀਗੜ੍ਹ (ਭੁੱਲਰ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਈ ਦਿਨਾਂ ਤੋਂ ਜਿਥੇ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਖਿਲਾਫ਼ ਖੁਲ੍ਹੇਆਮ ਤਿੱਖੇ ਹਮਲੇ ਕਰ ਰਹੇ ਹਨ, ਉਥੇ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਨਰਾਜ਼ਗੀ ਜਤਾਈ।ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਦੀ ਇਕ ਮੀਟਿੰਗ ਦੌਰਾਨ ਆਪਣੇ ਮਨ ਦੀ ਭੜਾਸ ਕੱਢਦਿਆਂ ਅਸਿੱਧੇ ਤੌਰ ’ਤੇ ਸਰਕਾਰ ਦੀ ਅਫ਼ਸਰਸ਼ਾਹੀ ਪ੍ਰਤੀ ਆਪਣੀ ਨਰਾਜ਼ਗੀ ਪ੍ਰਗਟ ਕਰ ਦਿੱਤੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਰਾਜ ਦੇ ਨਵੇਂ ਬਜਟ ਦੇ ਮੱਦੇਨਜ਼ਰ ਪ੍ਰੀ ਬਜਟ ਨੂੰ ਲੈ ਕੇ ਵੱਖ-ਵੱਖ ਜ਼ਿਲਿਆਂ ਦੇ ਵਿਧਾਇਕਾਂ ਤੇ ਆਗੂਆਂ ਦੀਆਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਤਹਿਤ ਕਪੂਰਥਲਾ ਤੇ ਜਲੰਧਰ ਦੇ ਵਿਧਾਇਕਾਂ ਦੀ ਮੀਟਿੰਗ ਸੱਦੀ ਸੀ। ਇਸ ’ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਇਲਾਵਾ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ, ਵਿਧਾਇਕ ਪਰਗਟ ਸਿੰਘ ਤੇ ਨਵਤੇਜ ਸਿੰਘ ਚੀਮਾ ਆਦਿ ਮੌਜੂਦ ਸਨ। ਇਸ ’ਚ ਰਾਜ ਦੇ ਮੁੱਖ ਸਕੱਤਰ ਤੇ ਵਿੱਤ ਸਕੱਤਰ ਵੀ ਸੱਦੇ ਗਏ ਸਨ।
ਸੂਤਰਾਂ ਮੁਤਾਬਕ ਜਾਖੜ ਨੇ ਅਫ਼ਸਰਸ਼ਾਹੀ ਦੇ ਰਵੱਈਏ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਰਾਜ ਦੇ ਐਡਵੋਕੇਟ ਜਨਰਲ ਦਫ਼ਤਰ ਦੇ ਖਰਚਿਆਂ ਨੂੰ ਲੰਬੇ ਹੱਥੀਂ ਲੈਂਦਿਆਂ ਮੁੱਖ ਸਕੱਤਰ ਅਤੇ ਵਿੱਤ ਸਕੱਤਰ ਦੀ ਕਲਾਸ ਲਾਈ ਅਤੇ ਪੂਰਾ ਹਿਸਾਬ ਕਿਤਾਬ ਮੰਗਿਆ। ਉਨ੍ਹਾਂ ਏ. ਜੀ. ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕਾਨੂੰਨੀ ਅਧਿਕਾਰੀਆਂ ਦੀ ਫੌਜ ਅਤੇ ਏ. ਜੀ. ਦਫ਼ਤਰ ’ਤੇ ਤਿੰਨ ਸਾਲਾਂ ਦੌਰਾਨ ਭਾਰੀ ਖਰਚੇ ਕੀਤੇ ਗਏ ਹਨ ਪਰ ਨਤੀਜਾ ਕੁੱਝ ਵੀ ਸਾਹਮਣੇ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਭਾਵੇਂ ਬਿਜਲੀ ਸਮਝੌਤਿਆਂ ਦਾ ਮਾਮਲਾ ਹੋਵੇ, ਮਾਈਨਿੰਗ ਜਾਂ ਟਰਾਂਸਪੋਰਟ ਵਰਗੇ ਚਰਚਿਤ ਮੁੱਦੇ, ਕੋਰਟਾਂ ’ਚ ਚੱਲ ਰਹੇ ਕੇਸਾਂ ’ਚ ਸਰਕਾਰ ਨੂੰ ਅਸਫ਼ਲਤਾ ਦਾ ਮੂੰਹ ਦੇਖਣਾ ਪੈ ਰਿਹਾ ਹੈ ਪਰ ਏ. ਜੀ. ਦਫ਼ਤਰ ਦੇ ਖਰਚੇ ਲਗਾਤਾਰ ਵਧ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਜਾਖੜ ਨੇ ਮੁੱਖ ਸਕੱਤਰ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਅਜਿਹਾ ਹੋਣਾ ਹੈ ਤਾਂ ਏ. ਜੀ. ਦਫ਼ਤਰ ਦੀ ਕੋਈ ਲੋੜ ਨਹੀਂ ਅਤੇ ਇਸ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮੌਜੂਦ ਮੁੱਖ ਮੰਤਰੀ ਜਾਖੜ ਦੀਆਂ ਗੱਲਾਂ ਗੰਭੀਰਤਾ ਨਾਲ ਸੁਣਦੇ ਰਹੇ ਪਰ ਉਨ੍ਹਾਂ ਨੇ ਮੌਕੇ ’ਤੇ ਇਸ ਦਾ ਕੋਈ ਜ਼ਿਆਦਾ ਜਵਾਬ ਨਹੀਂ ਦਿੱਤਾ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਵਲੋਂ ਕਪੂਰਥਲਾ ਅਤੇ ਜਲੰਧਰ ਜ਼ਿਲਿਆਂ ਦੇ ਵਿਧਾਇਕਾਂ ਤੋਂ ਇਲਾਵਾ ਬਾਅਦ ’ਚ ਮੋਗਾ ਅਤੇ ਲੁਧਿਆਣਾ ਦੇ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਤੋਂ ਬਜਟ ਅਤੇ ਉਨ੍ਹਾਂ ਦੇ ਹਲਕਿਆਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਸਬੰਧੀ ਸੁਝਾਅ ਲਏ।
ਰੋਟੀ ਬਣਾਉਂਦੇ ਸਮੇਂ ਫਟਿਆ ਸਿਲੰਡਰ ਦਾ ਰੈਗੂਲੇਟਰ, 3 ਲੋਕ ਝੁਲਸੇ (ਵੀਡੀਓ)
NEXT STORY