ਚੰਡੀਗੜ੍ਹ (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਟੈੱਟ ਪ੍ਰੀਖਿਆ ਲਈ ਕੇਂਦਰ ਵਿਦਿਆਰਥੀਆਂ ਦੇ ਘਰਾਂ ਤੋਂ 300 ਕਿਲੋਮੀਟਰ ਤੱਕ ਦੂਰ ਬਣਾਉਣ ਲਈ ਸਿੱਖਿਆ ਵਿਭਾਗ ਪੰਜਾਬ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ, ਜਿਨ੍ਹਾਂ ’ਚ ਜ਼ਿਆਦਾ ਗਿਣਤੀ ਵਿਦਿਆਰਥਣਾਂ ਦੀ ਹੈ, ਨੂੰ ਇਸ ਬੇਲੋੜੀ ਖੱਜਲ-ਖੁਆਰੀ ਤੋਂ ਬਚਾਉਣ ਲਈ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਜ਼ੱਦੀ ਜ਼ਿਲਿਆਂ ਅੰਦਰ ਤਬਦੀਲ ਕੀਤੇ ਜਾਣ।
ਇਸ ਸਬੰਧ ’ਚ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਚਰਨਜੀਤ ਬਰਾੜ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਟੈੱਟ (ਅਧਿਆਪਕ ਯੋਗਤਾ ਟੈਸਟ) ਦੀ ਪ੍ਰੀਖਿਆ, ਜੋ 22 ਦਸੰਬਰ 2019 ਨੂੰ ਲਈ ਜਾਣੀ ਸੀ, ਦੇ ਪ੍ਰੀਖਿਆ ਕੇਂਦਰ ਦੂਰ-ਦੁਰਾਡੇ ਜ਼ਿਲਿਆਂ ’ਚ ਬਣਾ ਕੇ ਵਿਦਿਆਰਥੀਆਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲੇ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਫਗਵਾੜਾ, ਜਲੰਧਰ, ਪਠਾਨਕੋਟ ਅਤੇ ਲੁਧਿਆਣਾ ਜਿਹੇ ਦੂਰ-ਦੁਰੇਡੇ ਸ਼ਹਿਰਾਂ ਵਿਚ ਬਣਾਉਣਾ ਕਿਸੇ ਵੀ ਢੰਗ ਨਾਲ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ। ਧੁੰਦ ਭਰੇ ਮੌਸਮ ’ਚ 300 ਕਿਲੋਮੀਟਰ ਦਾ ਸਫਰ ਕਰਕੇ ਵਿਦਿਆਰਥੀ ਸਵੇਰੇ 9:30 ਵਜੇ ਪ੍ਰੀਖਿਆ ਕੇਂਦਰ ਕਿਵੇਂ ਪਹੁੰਚ ਸਕਦੇ ਹਨ?
ਸਿੱਖਿਆ ਵਿਭਾਗ ਦੇ ਇਸ ਲਾਪਰਵਾਹੀ ਵਾਲੇ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ‘ਟੈੱਟ’ ਦੀ ਇਸ ਪ੍ਰੀਖਿਆ ਲਈ ਜ਼ਿਆਦਾਤਰ ਲੜਕੀਆਂ ਨੇ ਅਪਲਾਈ ਕੀਤਾ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ 300 ਕਿਲੋਮੀਟਰ ਦਾ ਸਫਰ ਕਰ ਪੇਪਰ ਦੇਣ ਪਹੁੰਚੀਆਂ ਲੜਕੀਆਂ ਨੂੰ ਘਰ ਵਾਪਸੀ ਸਮੇਂ ਕਾਫੀ ਹਨੇਰਾ ਹੋ ਜਾਵੇਗਾ। ਬਰਾੜ ਨੇ ਸਿੱਖਿਆ ਵਿਭਾਗ ਦੇ ਉਸ ਅਧਿਕਾਰੀ ਨੂੰ ਸਖ਼ਤ ਤਾੜਨਾ ਕਰਨ ਦੀ ਅਪੀਲ ਕੀਤੀ ਹੈ, ਜਿਸ ਨੇ ਅਜਿਹੀ ਗੈਰ-ਜ਼ਿੰਮੇਵਾਰਾਨਾ ਹਰਕਤ ਕਰ ਨਾ ਸਿਰਫ ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਦੀ ਮਾਨਸਿਕ ਪ੍ਰੇਸ਼ਾਨੀ ਵਧਾਈ, ਸਗੋਂ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਵੀ ਖਤਰੇ ’ਚ ਪਾਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਪ੍ਰਤੀ ਅਜਿਹੀ ਸੰਵੇਦਨਹੀਣਤਾ ਸਿੱਖਿਆ ਵਿਭਾਗ ਦੀ ‘ਦੀਵੇ ਥੱਲੇ ਹਨੇਰਾ’ ਵਾਲੀ ਮਾਨਸਿਕਤਾ ਨੂੰ ਬਿਆਨ ਕਰਦੀ ਹੈ।
...ਤੇ ਹੁਣ ਪੇਂਡੂ ਇਲਾਕਿਆਂ 'ਤੇ ਲੋਕਾਂ ਨੂੰ ਵੀ ਮਿਲਣਗੀਆਂ ਸ਼ਹਿਰ ਵਰਗੀਆਂ ਸਹੂਲਤਾਂ
NEXT STORY