ਚੰਡੀਗੜ੍ਹ (ਰਸ਼ਿਮ ਰੋਹਿਲਾ) : 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆ ਸ਼ੁਰੂ ਹੋਣ ਵਿਚ ਕੁਝ ਹੀ ਦਿਨ ਬਚੇ ਹਨ ਅਤੇ ਸੀ. ਬੀ. ਐੱਸ. ਈ. ਬੋਰਡ ਨੇ ਪ੍ਰੀਖਿਆਵਾਂ ਸ਼ਾਂਤੀਪੂਰਵਕ ਕਰਵਾਉਣ ਲਈ ਇਕ ਵੱਡਾ ਬਦਲਾਅ ਕੀਤਾ ਹੈ। ਬੋਰਡ ਦੇ ਇਸ ਬਦਲਾਅ ਨਾਲ ਪੇਪਰ ਲੀਕ ਹੋਣ ਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਹੋਣ ਦੀ ਕੋਈ ਚਿੰਤਾ ਨਹੀਂ ਰਹੇਗੀ। ਇਹ ਸਭ ਕੁਝ ਹੋਵੇਗਾ ਸਕਿਓਰਿਟੀ ਐਪ ਦੀ ਮਦਦ ਨਾਲ। ਇਸ ਸਬੰਧੀ ਚੰਡੀਗੜ੍ਹ ਵਿਚ ਬਣੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟਾਂ ਦੀ ਸੀ. ਬੀ. ਐੱਸ. ਈ. ਬੋਰਡ ਨੇ ਸੋਮਵਾਰ ਨੂੰ ਇਕ ਵਰਕਸ਼ਾਪ ਵੀ ਲਾਈ ਸੀ, ਜਿਸ ਵਿਚ ਸਾਰੇ ਸੁਪਰਡੈਂਟਾਂ ਨੂੰ ਦੱਸਿਆ ਗਿਆ ਸੀ ਕਿ ਕਿਵੇਂ ਪ੍ਰੀਖਿਆਵਾਂ ਵਿਚ ਪ੍ਰਸ਼ਨ ਪੱਤਰ ਸਬੰਧੀ ਸੁਰੱਖਿਆ ਬਣਾਈ ਰੱਖਣ ਲਈ ਇਸ ਐਪ ਦੀ ਵਰਤੋਂ ਕਰਨੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਵਿਚ ਪੇਪਰ ਲੀਕ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਸਨ। ਇਸ ਲਈ ਬੋਰਡ ਨੇ ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਪੇਪਰਾਂ ਦੀ ਸੁਰੱਖਿਆ ਸਬੰਧੀ ਇਸ ਸਕਿਓਰਿਟੀ ਐਪ ਦੀ ਮਦਦ ਲਈ ਹੈ।
ਇੰਝ ਕੰਮ ਕਰੇਗੀ ਇਹ ਐਪ
ਬੋਰਡ ਪ੍ਰੀਖਿਆਵਾਂ ਦੌਰਾਨ ਸੈਕਟਰ-18 ਦੇ ਗੌਰਮਿੰਟ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੂੰ ਵੀ ਸੈਂਟਰ ਬਣਾਇਆ ਗਿਆ ਹੈ। ਸਕੂਲ ਦੀ ਪ੍ਰਿ. ਰਾਜ ਬਾਲਾ ਇਸ ਸੈਂਟਰ ਦੀ ਸੁਪਰਡੈਂਟ ਹੈ। ਉਨ੍ਹਾਂ ਦੱਸਿਆ ਕਿ ਸੀ. ਬੀ. ਐੱਸ. ਈ. ਬੋਰਡ ਨੇ ਸਾਰੇ ਦੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟਾਂ ਨੂੰ ਐਪ ਨਾਲ ਜੋੜਿਆ ਹੈ, ਜੋ ਪ੍ਰੀਖਿਆ ਸ਼ੁਰੂ ਹੋਣ ਤੋਂ ਲੈ ਕੇ ਪ੍ਰੀਖਿਆ ਖਤਮ ਹੋਣ ਤੱਕ ਸਾਰੀ ਜਾਣਕਾਰੀ ਇਸ ਐਪ ਜ਼ਰੀਏ ਬੋਰਡ ਨੂੰ ਦੇਣਗੇ। ਇਸ ਵਿਚ ਪ੍ਰਸ਼ਨ ਪੱਤਰਾਂ ਦਾ ਬੰਡਲ ਪ੍ਰਾਪਤ ਹੋਣ ਤੋਂ ਲੈ ਕੇ ਉਨ੍ਹਾਂ ਨੂੰ ਸੀਲ ਮੁਕਤ ਕਰਨ ਤਕ ਦੀ ਸਾਰੀ ਜਾਣਕਾਰੀ ਫੋਟੋ ਸਮੇਤ ਇਸ ਐਪ 'ਤੇ ਭੇਜੀ ਜਾਵੇਗੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪ੍ਰਸ਼ਨ ਪੱਤਰਾਂ ਦੀ ਬੰਡਲਾਂ ਦੀ ਪੂਰੀ ਜ਼ਿੰਮੇਵਾਰੀ ਸੁਪਰ ਹੋਵੇਗੀ।
ਦੇਰੀ ਹੋਈ ਤਾਂ ਨਹੀਂ ਮਿਲੇਗੀ ਐਂਟਰੀ
ਇਸ ਵਾਰ ਬੋਰਡ ਨੇ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਪ੍ਰੀਖਿਆ ਵਿਚ ਦੇਰੀ ਨਾਲ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿਚ ਐਂਟਰੀ ਨਹੀਂ ਮਿਲੇਗੀ। ਯਾਨੀ 10.15 ਵਜੇ ਪ੍ਰਸ਼ਨ ਪੱਤਰ ਵੰਡਣੇ ਸ਼ੁਰੂ ਹੁੰਦੇ ਹਨ ਤਾਂ ਪ੍ਰੀਖਿਆਰਥੀ 10.15 ਵਜੇ ਤੱਕ ਪ੍ਰੀਖਿਆ ਕੇਂਦਰ ਵਿਚ ਐਂਟਰੀ ਕਰ ਸਕਣਗੇ ਪਰ ਇਸ ਤੋਂ ਬਾਅਦ ਕਿਸੇ ਵੀ ਹਾਲਤ ਵਿਚ ਐਂਟਰੀ ਨਹੀਂ ਮਿਲੇਗੀ। ਇਸ ਦੀ ਜਾਣਕਾਰੀ ਸਾਰੇ ਸਕੂਲਾਂ ਰਾਹੀਂ ਪ੍ਰੀਖਿਆਰਥੀਆਂ ਨੂੰ ਭੇਜ ਦਿੱਤੀ ਗਈ ਹੈ।
ਇਹ ਵੀ ਰੱਖੋ ਧਿਆਨ
- ਪ੍ਰੀਖਿਆ ਦੌਰਾਨ ਸਾਰੇ ਪ੍ਰੀਖਿਆਰਥੀਆਂ ਨੂੰ ਘੜੀ ਬੰਨ੍ਹ ਕੇ ਆਉਣਾ ਸਖ਼ਤ ਮਨ੍ਹਾ ਹੈ।
- ਪ੍ਰੀਖਿਆ ਕੇਂਦਰ ਵਿਚ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰਾਨਿਕ ਯੰਤਰ ਲਿਆਉਣ ਦੀ ਮਨਾਹੀ ਹੈ।
- ਸਾਰੇ ਵਿਦਿਆਰਥੀਆਂ ਨੂੰ ਆਪਣੇ ਐਡਮਿਟ ਕਾਰਡ ਦੇ ਨਾਲ ਪੈੱਨ ਟਰਾਂਸਪੇਰੈਂਟ ਪਾਊਚ 'ਚ ਲਿਆਉਣੇ ਹੋਣਗੇ।
- ਸਾਰੇ ਪ੍ਰੀਖਿਆਰਥੀਆਂ ਦੇ ਨਾਲ-ਨਾਲ ਪ੍ਰੀਖਿਆ ਕੇਂਦਰ ਵਿਚ ਮੌਜੂਦ ਸਟਾਫ ਨੂੰ ਵੀ ਆਪਣੇ ਆਈ ਕਾਰਡ ਲਾ ਕੇ ਰੱਖਣੇ ਹੋਣਗੇ।
- ਸੀ. ਬੀ. ਐੱਸ. ਈ. ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਸਬੰਧੀ ਐਡਮਿਟ ਕਾਰਡ ਵਿਚ ਕੁਝ ਕੋਡ ਵੀ ਲਿਖੇ ਹਨ।
ਲੁਧਿਆਣਾ ਗੈਂਗਰੇਪ ਮਾਮਲੇ 'ਚ ਤੀਜਾ ਮੁਲਜ਼ਮ ਗ੍ਰਿਫਤਾਰ
NEXT STORY