ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ’ਚ ਜਨਤਕ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਗੈਰ-ਕਾਨੂੰਨੀ ਰੇਹੜੀ-ਫੜ੍ਹੀ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਨਿਗਮ ਨੇ ਅਣ-ਅਧਿਕਾਰਤ ਤੌਰ ’ਤੇ ਕਬਜ਼ੇ ਕਰਨ ਵਾਲੇ ਵੈਂਡਰਾਂ ਖ਼ਿਲਾਫ਼ ਹੁਣ ਸਿੱਧੀ ਪੁਲਸ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਹੈ। ਇਨਫੋਰਸਮੈਂਟ ਵਿੰਗ ਜੋ ਕਿ ਪਿਛਲੇ ਕਈ ਦਿਨਾਂ ਤੋਂ ਗੈਰ ਕਾਨੂੰਨੀ ਵਿਕਰੇਤਾਵਾਂ ਖ਼ਿਲਾਫ਼ ਵੱਡੀ ਮੁਹਿੰਮ ਚਲਾ ਰਿਹਾ ਸੀ, ਦੀ ਰਿਪੋਰਟ ਅਨੁਸਾਰ ਵੱਡੀ ਗਿਣਤੀ ’ਚ ਵੈਂਡਰਾਂ ਨੇ ਫੁੱਟਪਾਥਾਂ, ਪੇਵਮੈਂਟਾਂ ਅਤੇ ਜਨਤਕ ਰਸਤਿਆਂ ’ਤੇ ਸਟਾਲ, ਰੇਹੜੀਆਂ ਅਤੇ ਮੇਜ਼ ਲਗਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਆਮ ਜਨਤਾ ਨੂੰ ਲੰਘਣ ’ਚ ਮੁਸ਼ਕਲ ਆਉਂਦੀ ਹੈ।
ਨਿਗਮ ਵੱਲੋਂ ਕੀਤੀ ਗਈ ਨਿਸ਼ਾਨਦੇਹੀ ਅਨੁਸਾਰ ਸੈਕਟਰ 15, 17, 19, 22, 41 ਅਤੇ ਮਨੀਮਾਜਰਾ ’ਚ ਗੈਰ-ਕਾਨੂੰਨੀ ਵੈਂਡਿੰਗ ਦੀਆਂ ਗਤੀਵਿਧੀਆਂ ਸਭ ਤੋਂ ਵੱਧ ਪਾਈਆਂ ਗਈਆਂ ਹਨ। ਇਨਫੋਰਸਮੈਂਟ ਮੁਹਿੰਮ ਦੌਰਾਨ ਇਹ ਵੀ ਦੇਖਣ ’ਚ ਆਇਆ ਹੈ ਕਿ ਕਈ ਵੈਂਡਰ ਸਰਕਾਰੀ ਡਿਊਟੀ ’ਚ ਵਿਘਨ ਪਾਉਂਦੇ ਹਨ ਅਤੇ ਅਧਿਕਾਰੀਆਂ ਨਾਲ ਬਦਸਲੂਕੀ ਜਾਂ ਹੱਥੋਪਾਈ ’ਤੇ ਉਤਰ ਆਉਂਦੇ ਹਨ। ਵਾਰ-ਵਾਰ ਚਲਾਨ ਹੋਣ ਤੇ ਸਮਾਨ ਜ਼ਬਤ ਕੀਤੇ ਜਾਣ ਦੇ ਬਾਵਜੂਦ ਇਹ ਵੈਂਡਰ ਮੁੜ ਨਾਜਾਇਜ਼ ਕਬਜ਼ੇ ਕਰ ਲੈਂਦੇ ਹਨ, ਜੋ ਨਿਗਮ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਨਗਰ ਨਿਗਮ ਨੇ ਚੰਡੀਗੜ੍ਹ ਪੁਲਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
ਹੁਣ ਨਿਗਮ ਜਾਂ ਨਾਗਰਿਕਾਂ ਦੀ ਸ਼ਿਕਾਇਤ ’ਤੇ ਅਣਅਧਿਕਾਰਤ ਵੈਂਡਰਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (ਬੀ. ਐੱਨ. ਐੱਸ.), 2023 ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣਗੇ। ਦੂਜੇ ਪਾਸੇ ਨਿਗਮ ਦੇ ਇੰਜਨੀਅਰਿੰਗ ਵਿੰਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਨਜ਼ੂਰਸ਼ੁਦਾ ਵੈਂਡਿੰਗ ਜ਼ੋਨਾਂ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ। ਇਸ ’ਚ ਰੌਸ਼ਨੀ ਦੇ ਪੁਖ਼ਤਾ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸਹੂਲਤ, ਪੇਵਰ ਬਲਾਕ ਲਗਾਉਣਾ ਤੇ ਰਜਿਸਟਰਡ ਵੈਂਡਰਾਂ ਲਈ ਥਾਵਾਂ ਦੀ ਸਪਸ਼ਟ ਨਿਸ਼ਾਨਦੇਹੀ ਸ਼ਾਮਲ ਹੈ ਤਾਂ ਜੋ ਕਾਨੂੰਨੀ ਤੌਰ ’ਤੇ ਕੰਮ ਕਰਨ ਵਾਲਿਆਂ ਨੂੰ ਕੋਈ ਮੁਸ਼ਕਲ ਨਾ ਆਵੇ। ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ’ਚ ਸਹਿਯੋਗ ਦੇਣ ਤਾਂ ਜੋ ਚੰਡੀਗੜ੍ਹ ਦੀ ਸੁੰਦਰਤਾ ਅਤੇ ਨਾਗਰਿਕ ਸਹੂਲਤਾਂ ਨੂੰ ਬਰਕਰਾਰ ਰੱਖਿਆ ਜਾ ਸਕੇ।
ਅੰਮ੍ਰਿਤਸਰ : ਸਾਲ 2025 ’ਚ ਹੈਰੋਇਨ ਤੇ ਹਥਿਆਰਾਂ ਦੀ ਰਿਕਵਰੀ ਨੇ ਤੋੜੇ ਰਿਕਾਰਡ, ਹੈਰਾਨ ਕਰਨਗੇ ਅੰਕੜੇ
NEXT STORY