ਬਟਾਲਾ, ਕਾਦੀਆਂ, (ਬੇਰੀ, ਜੀਸ਼ਾਨ)– ਪੰਜਾਬ ਸਰਕਾਰ ਵੱਲੋਂ ਪ੍ਰੀਖਿਆ ਕੇਂਦਰਾਂ 'ਤੇ ਨਕਲ ਨੂੰ ਰੋਕਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਉਸ ਵੇਲੇ ਖੋਖਲੇ ਸਾਬਤ ਹੋਏ ਜਦੋਂ ਇਕ ਸਕੂਲ ਵੱਲੋਂ ਆਪਣੇ ਪ੍ਰੀਖਿਆ ਕੇਂਦਰ ਵਿਖੇ ਨਕਲ ਨੂੰ ਲੈ ਕੇ ਸਖਤੀ ਵਰਤੀ ਗਈ ਤਾਂ ਉਸ ਸਕੂਲ ਵਿਚੋਂ ਪ੍ਰੀਖਿਆ ਕੇਂਦਰ ਨੂੰ ਹੀ ਸ਼ਿਫਟ ਕਰ ਦਿੱਤਾ ਗਿਆ।
ਕੀ ਹੈ ਮਾਮਲਾ
ਆਦਰਸ਼ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ। ਇਸ ਪ੍ਰੀਖਿਆ ਕੇਂਦਰ ਵਿਚ ਸੀ. ਸੀ. ਟੀ. ਵੀ. ਕੈਮਰੇ ਵੀ ਨਕਲ ਰੋਕਣ ਲਈ ਲਾਏ ਗਏ ਸਨ। ਸਕੂਲ ਮੈਨੇਜਮੈਂਟ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੱਚਿਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਜੋ ਕਿ ਸਰਕਾਰੀ ਅਮਲੇ ਨੂੰ ਹੀ ਗਵਾਰਾ ਨਹੀਂ ਹੋਏ ਅਤੇ ਉਨ੍ਹਾਂ ਜਲਦ ਤੋਂ ਜਲਦ ਉਕਤ ਸਕੂਲ ਦਾ ਪ੍ਰੀਖਿਆ ਕੇਂਦਰ ਸ਼ਿਫਟ ਕਰਵਾ ਕੇ ਦੂਜੇ ਸਕੂਲ 'ਚ ਬਣਾ ਦਿੱਤਾ ਜਦਕਿ ਇਸ ਸਬੰਧੀ ਸਕੂਲ ਮੈਨੇਜਮੈਂਟ ਨੂੰ ਕਿਸੇ ਤਰ੍ਹਾਂ ਦਾ ਵੀ ਆਪਣਾ ਪੱਖ ਰੱਖਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ। ਇਸ ਸਬੰਧੀ ਆਪਣੇ ਸਮੂਹ ਸਟਾਫ ਨਾਲ ਜਾਣਕਾਰੀ ਦਿੰਦਿਆਂ ਏ. ਵੀ. ਐੱਮ. ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਮੈਨੇਜਰ ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਨੂੰ ਸਰਕਾਰੀ ਅਫਸਰਾਂ ਵੱਲੋਂ ਹੀ ਤਸੱਲੀ-ਬਖਸ਼ ਪ੍ਰੀਖਿਆ ਕੇਂਦਰ ਆਪਣੀ ਰਿਪੋਰਟ 'ਚ ਕਿਹਾ ਗਿਆ ਸੀ ਪਰ ਜਦੋਂ ਉਨ੍ਹਾਂ ਸਕੂਲ ਵਿਚ ਬੱਚਿਆਂ ਨੂੰ ਨਕਲ ਮਾਰਨ ਤੋਂ ਰੋਕਣ ਲਈ ਸਖਤੀ ਜਾਰੀ ਰੱਖੀ ਤਾਂ ਉਕਤ ਸਟਾਫ ਵੱਲੋਂ ਮਿਲੀਭੁਗਤ ਅਤੇ ਸਿਆਸੀ ਦਬਾਅ ਹੇਠ ਇਸ ਕੇਂਦਰ ਨੂੰ ਤਬਦੀਲ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਬੋਰਡ ਨੂੰ ਇਸ ਪ੍ਰੀਖਿਆ ਕੇਂਦਰ ਸਬੰਧੀ ਕੋਈ ਵੀ ਸ਼ਿਕਾਇਤ ਸੀ ਤਾਂ ਬੋਰਡ ਦੇ ਅਧਿਕਾਰੀ ਖੁਦ ਮੌਕੇ 'ਤੇ ਆ ਕੇ ਜਾਂਚ- ਪੜਤਾਲ ਕਰ ਸਕਦੇ ਸਨ ਪਰ ਉਨ੍ਹਾਂ ਇਹ ਜ਼ਰੂਰੀ ਨਹੀਂ ਸਮਝਿਆ ਅਤੇ ਪ੍ਰੀਖਿਆ ਕੇਂਦਰ ਨੂੰ ਸ਼ਿਫਟ ਕਰਵਾ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਬੋਰਡ ਦੇ ਅਧਿਕਾਰੀ ਖੁਦ ਹੀ ਨਕਲ ਰੋਕਣ ਦੇ ਹੱਕ ਵਿਚ ਨਹੀਂ ਹਨ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਸਕੂਲ 'ਚ ਵਾਪਸ ਲਿਆਂਦਾ ਜਾਵੇ। ਮਾਹਲ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਡੀ. ਈ. ਓ. ਗੁਰਦਾਸਪੁਰ ਨੂੰ ਵੀ ਪੱਤਰ ਨੰ. 2018004 ਮਿਤੀ 5.3.2018 ਰਾਹੀਂ ਮੰਗ ਕੀਤੀ ਹੈ ਕਿ ਇਹ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਸਕੂਲ ਵਿਚ ਵਾਪਸ ਲਿਆਂਦਾ ਜਾਵੇ।
ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਨੀਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਐੱਸ. ਐੱਨ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ ਸੈਂਟਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਬਣਾਇਆ ਗਿਆ ਹੈ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਸੈਂਟਰ ਐੱਸ. ਐੱਨ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਾ ਦਿੱਤਾ ਗਿਆ ਹੈ ਜੋ ਕਿ ਨਿਯਮਾਂ ਅਨੁਸਾਰ ਨਹੀਂ ਬਣ ਸਕਦਾ।
ਨਸ਼ੇ ਵਾਲੀਆਂ ਗੋਲੀਆਂ ਸਣੇ 2 ਗ੍ਰਿਫਤਾਰ
NEXT STORY