ਚੰਡੀਗੜ੍ਹ (ਭੁੱਲਰ) - ਪੰਜਾਬ ਦੇ ਸਮੂਹ ਸਕੂਲਾਂ 'ਚ ਪਹਿਲੀ ਅਪ੍ਰੈਲ ਤੋਂ ਬਾਇਓਮੀਟ੍ਰਿਕ ਪ੍ਰਣਾਲੀ ਰਾਹੀਂ ਹਾਜ਼ਰੀ ਲੱਗੇਗੀ ਅਤੇ ਪਹਿਲੀ ਜੂਨ ਤੋਂ ਸਾਰੇ ਸਕੂਲਾਂ ਵਿਚ ਵਾਈ-ਫਾਈ ਅਤੇ ਇੰਟਰਨੈੱਟ ਦੀ ਸਹੂਲਤ ਪ੍ਰਦਾਨ ਕਰ ਦਿੱਤੀ ਜਾਵੇਗੀ। ਇਹ ਅਹਿਮ ਐਲਾਨ ਅੱਜ ਇਥੇ ਰਾਜ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਨਵੇਂ ਸਾਲ ਵਿਚ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਅਤੇ ਲਾਗੂ ਕੀਤੀਆਂ ਜਾਣ ਵਾਲੀਆਂ ਨਵੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਕੀਤੀ ਪ੍ਰੈੱਸ ਕਾਨਫਰੰਸ 'ਚ ਕੀਤਾ। ਉਨ੍ਹਾਂ ਦੱਸਿਆ ਕਿ ਵਿਭਾਗ ਵਿਚ ਤਬਾਦਲਿਆਂ ਅਤੇ ਅਧਿਆਪਕਾਂ ਦੀ ਰੈਸ਼ਨੇਲਾਈਜ਼ੇਸ਼ਨ ਸਬੰਧੀ ਆਨਲਾਈਨ ਨੀਤੀ ਲਾਗੂ ਕਰਨ ਲਈ ਵੀ ਸਾਫਟਵੇਅਰ ਤਿਆਰ ਹੋ ਚੁੱਕਿਆ ਹੈ ਅਤੇ ਯੋਜਨਾ ਲਾਗੂ ਕਰਨ ਲਈ ਡਰਾਫਟ ਛੇਤੀ ਹੀ ਮੰਤਰੀ ਮੰਡਲ ਦੀ ਬੈਠਕ ਵਿਚ ਰੱਖਿਆ ਜਾਵੇਗਾ। ਉਨ੍ਹਾਂ ਹੋਰ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਧਿਆਪਕਾਂ ਨੂੰ ਭਵਿੱਖ ਵਿਚ ਪ੍ਰਮੋਸ਼ਨ ਲਈ ਅਰਜ਼ੀ ਨਹੀਂ ਦੇਣੀ ਪਵੇਗੀ ਅਤੇ ਸਾਂਝੀ ਸੀਨੀਓਰਿਟੀ ਸੂਚੀ ਦੇ ਆਧਾਰ 'ਤੇ ਹੀ ਤਰੱਕੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਮ 'ਚ ਵੀ ਸੁਧਾਰ ਕਰਨ ਲਈ ਆਨਲਾਈਨ ਪ੍ਰਣਾਲੀ ਲਾਗੂ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਹਰ ਤਰ੍ਹਾਂ ਦੇ ਸਰਟੀਫਿਕੇਟ ਆਨਲਾਈਨ ਉਪਲੱਬਧ ਹੋਣਗੇ। ਨਤੀਜੇ ਪ੍ਰੀਖਿਆਵਾਂ ਖਤਮ ਹੋਣ ਦੇ 15 ਦਿਨ ਬਾਅਦ ਕੱਢੇ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਕਲ ਨੂੰ ਖਤਮ ਕਰਨ ਲਈ ਪੂਰੇ ਕਦਮ ਚੁੱਕੇ ਜਾਣਗੇ ਅਤੇ ਜਿਨ੍ਹਾਂ ਪ੍ਰੀਖਿਆ ਕੇਂਦਰਾਂ ਦਾ ਨਕਲ ਦੀਆਂ ਸ਼ਿਕਾਇਤਾਂ ਵਾਲਾ ਰਿਕਾਰਡ ਹੈ, ਉਨ੍ਹਾਂ ਵਿਚ ਸੈਂਟਰ ਦੇ ਹਰੇਕ ਕਮਰੇ ਵਿਚ ਵੀਡੀਓ ਕੈਮਰੇ ਲਾਏ ਜਾਣਗੇ। ਸਕੂਲਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਗ੍ਰੇਡਿੰਗ ਕਰਨ ਅਤੇ ਚੰਗੀ ਕਾਰਗੁਜ਼ਾਰੀ ਵਾਲੇ ਸਕੂਲਾਂ ਨੂੰ 10-10 ਲੱਖ ਰੁਪਏ ਤੱਕ ਦੇ ਨਗਦ ਇਨਾਮ ਦੇਣ ਦੀ ਯੋਜਨਾ ਲਾਗੂ ਕਰਨ ਦਾ ਵੀ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਹੈ।
ਇਸ ਮੌਕੇ ਸਿੱਖਿਆ ਮੰਤਰੀ ਨਾਲ ਮੌਜੂਦ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਭਵਿੱਖ ਦੀਆਂ ਯੋਜਨਾਵਾਂ ਅਤੇ ਪਿਛਲੀਆਂ ਪ੍ਰਾਪਤੀਆਂ ਦੀ ਪੇਸ਼ਕਾਰੀ ਕਰਦਿਆਂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਸ਼੍ਰੇਣੀਆਂ ਲਈ ਹੁਣ ਤੱਕ 3 ਤੋਂ 6 ਸਾਲ ਦੇ 1 ਲੱਖ 60 ਹਜ਼ਾਰ ਬੱਚੇ ਦਾਖਲਾ ਲੈ ਚੁੱਕੇ ਹਨ। ਨਵੇਂ ਵਰ੍ਹੇ ਵਿਚ ਅੰਗਰੇਜ਼ੀ ਮਾਧਿਅਮ ਵਿਚ ਸਿੱਖਿਆ ਦੇਣ ਲਈ 1953 ਸਕੂਲਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿਚ ਵਿਦਿਆਰਥੀਆਂ ਨੂੰ ਆਪਸ਼ਨ ਦਿੱਤੀ ਜਾਵੇਗੀ ਅਤੇ ਅੰਗਰੇਜ਼ੀ ਮਾਧਿਅਮ ਲਈ ਵੱਖਰੇ ਸੈਕਸ਼ਨ ਬਣਾਏ ਜਾਣਗੇ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 'ਸਮਾਰਟ ਕਲਾਸ ਰੂਮ' ਸ਼ੁਰੂ ਕੀਤੇ ਜਾਣਗੇ, ਜਿਸ ਲਈ 10 ਕਰੋੜ ਦਾ ਬਜਟ ਰਾਖਵਾਂ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿਚ 70 ਹਜ਼ਾਰ ਮੁਲਾਜ਼ਮਾਂ ਦੇ ਬਕਾਇਆ ਚੱਲੇ ਆ ਰਹੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ 15 ਦਿਨ ਦੀ ਲਾਜ਼ਮੀ ਮੈਡੀਕਲ ਛੁੱਟੀ ਦੀ ਸ਼ਰਤ ਖਤਮ ਕੀਤੀ ਗਈ ਹੈ।
'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ
NEXT STORY