ਚੰਡੀਗੜ੍ਹ : ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਜਰੀਵਾਲ ਦੀ ਸਹਾਇਤਾ ਕਰਨ ਬਾਰੇ ਲਾਏ ਦੋਸ਼ਾਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਉਹ ਜਾਂ ਤਾਂ ਜਨਤ ਮੁਆਫੀ ਮੰਗਣ ਜਾਂ ਫਿਰ ਕਾਨੁੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਸਵੇਰੇ ਆਪਣੀ ਪ੍ਰੈਸ ਕਾਨਫਰੰਸ ਵਿਚ ਲਗਾਏ ਦੋਸ਼ਾਂ 'ਤੇ ਸਖ਼ਤ ਪ੍ਰਤੀਕਰਮ ਪ੍ਰਗਟ ਕਰਦਿਆਂ ਸਿਰਸਾ ਨੇ ਕਿਹਾ ਕਿ ਉਹ ਵੇਖ ਕੇ ਹੈਰਾਨ ਹਨ ਕਿ ਚੰਨੀ ਨੇ ਕਿਸ ਆਧਾਰ 'ਤੇ ਇਹ ਦਾਅਵਾ ਕੀਤਾ ਹੈ ਕਿ ਮੁਆਫੀਨਾਮਾ ਤਿਆਰ ਕਰਨ ਵਾਸਤੇ ਮੈਂ ਕੇਜਰੀਵਾਲ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਨਿਰਾ ਬਕਵਾਸ ਤੇ ਬੇਹੂਦਾ ਹੈ। ਉਨ੍ਹਾਂ ਕਿਹਾ ਕਿ ਉਹ ਨੌਟੰਕੀਬਾਜ਼ ਤੇ ਯੂ ਟਰਨ ਲਈ ਮਸ਼ਹੂਰ ਕੇਜਰੀਵਾਲ ਦੀ ਸਹਾਇਤਾ ਕਦੇ ਵੀ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਅਜਿਹੇ ਨਿਰਾਧਾਰ ਦੋਸ਼ ਲਾਉਣ ਤੋਂ ਪਹਿਲਾਂ ਮੁੱਖ ਮੰਤਰੀ ਨੁੰ ਦੋ ਵਾਰੀ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਵੇਖ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪਿਛਲੇ ਕੁਝ ਦਿਨਾਂ ਤੋਂ ਕਿਸੇ ਦੇ ਖ਼ਿਲਾਫ਼ ਵੀ ਕੋਈ ਵੀ ਦੋਸ਼ ਲਗਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਾਲੇ ਲੰਘੇ ਦਿਨ ਹੀ ਉਨ੍ਹਾਂ ਨੇ ਇਕ ਸਿਆਸੀ ਪਾਰਟੀ 'ਤੇ ਬੇਅਦਬੀ ਕਰਵਾਉਣ ਅਤੇ ਲੁਧਿਆਣਾ ਬੰਬ ਧਮਾਕਾ ਕਰਨ ਦਾ ਦੋਸ਼ ਲਗਾਇਆ ਸੀ ਤੇ ਹੁਣ ਕੇਜਰੀਵਾਲ ਦੀ ਮੁਆਫੀ ਬਾਰੇ ਇਹ ਦਾਅਵਾ ਕਰ ਦਿੱਤਾ ਹੈ।
ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਨੁੰ ਆਖਿਆ ਕਿ ਉਹ ਆਪਣੀ ਮੁਆਫੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਕਿਉਂਕਿ ਉਨ੍ਹਾਂ ਨੇ ਆਪਣੀ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਹੈ ਜਾਂ ਫਿਰ ਉਹ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਤੌਰ 'ਤੇ ਕਾਰਵਾਈ ਕਰਦਿਆਂ ਇਹ ਯਕੀਨੀ ਬਣਾਉਣਗੇ ਕਿ ਚੰਨੀ ਨੁੰ ਕੌਮੀ ਰਾਜਧਾਨੀ ਤਲਬ ਕੀਤਾ ਜਾਵੇ ਅਤੇ ਦਿੱਤੇ ਬਿਆਨ ਲਈ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾਵੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਜੀਠੀਆ ਦੇ ਹੱਕ ’ਚ ਤਲਬੀਰ ਗਿੱਲ ਦੀ ਅਗਵਾਈ ’ਚ ਨਿੱਤਰੇ ਅਕਾਲੀ-ਬਸਪਾ ਆਗੂ ਤੇ ਵਰਕਰ
NEXT STORY