ਰੂਪਨਗਰ(ਵਿਜੇ)— ਇਕ ਮਹਿਲਾ ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਾਮਲੇ ਵਿਚ ਭਾਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਮੰਤਰੀ ਚੰਨੀ ਵੱਲੋਂ ਮੁਆਫੀ ਮੰਗ ਲਈ ਗਈ ਹੈ ਪਰ ਵਿਰੋਧੀ ਪਾਰਟੀਆਂ ਮੰਤਰੀ ਚੰਨੀ ਦੇ ਪਿੱਛੇ ਹੱਥ ਧੋ ਕੇ ਪੈ ਗਈਆਂ ਹਨ। ਜਿੱਥੇ ਇਕ ਪਾਸੇ 'ਆਪ' ਦੇ ਮਹਿਲਾ ਵਿੰਗ ਵੱਲੋਂ ਮੰਤਰੀ ਚੰਨੀ ਅਤੇ ਕਾਂਗਰਸ ਸਰਕਾਰ ਦੇ ਖਿਲਾਫ ਸੜਕਾਂ 'ਤੇ ਉਤਰ ਕੇ ਨਾਅਰੇਬਾਜ਼ੀ ਕੀਤੀ ਗਈ, ਉਥੇ ਹੀ ਰੂਪਨਗਰ ਤੋਂ 'ਆਪ' ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਧੋਆ ਵੱਲੋਂ ਪਾਰਟੀ ਵਰਕਰਾਂ ਨਾਲ ਮਿਲ ਕੇ ਮੰਤਰੀ ਚੰਨੀ ਖਿਲਾਫ ਏ. ਡੀ. ਸੀ. ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੰਗ-ਪੱਤਰ ਭੇਜ ਕੇ ਚੰਨੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ। ਦੂਜੇ ਪਾਸੇ ਰੂਪਨਗਰ ਦੇ ਸਾਬਕਾ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਵੱਲੋਂ ਵੀ ਮੰਤਰੀ ਚੰਨੀ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਂਗਰਸੀ ਲੀਡਰ ਮੰਤਰੀ ਦੇ ਅਹੁਦੇ 'ਤੇ ਰਹਿਣ ਦੇ ਕਾਬਲ ਨਹੀਂ ਹਨ। ਇਸ ਲਈ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਚੰਨੀ ਕੋਲੋਂ ਤੁਰੰਤ ਅਸਤੀਫਾ ਲੈਣ। ਇਸੇ ਤਰ੍ਹਾ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਜੈਸਾ ਰਾਜਾ, ਵੈਸੀ ਪ੍ਰਜਾ, ਜਿਹੋ ਜਿਹੀ ਕੋਕੋ, ਓਹੋ ਜਿਹੇ ਕੋਕੋ ਦੇ ਬੱਚੇ'।
ਇਸ ਮੌਕੇ ਹਲਕਾ ਵਿਧਾਇਕ ਅਮਰਜੀਤ ਸੰਦੋਆ ਅਤੇ ਪਾਰਟੀ ਨੇਤਾਵਾਂ ਨੇ ਕਿਹਾ ਕਿ ਇਕ ਮਹਿਲਾ ਅਧਿਕਾਰੀ ਨੂੰ ਬਹੁ-ਤਕਨੀਕੀ ਸਿੱਖਿਆ ਮੰਤਰੀ ਵੱਲੋਂ ਫੋਨ ਰਾਹੀਂ ਅੱਧੀ ਰਾਤ ਨੂੰ ਇਤਰਾਜ਼ਯੋਗ ਮੈਸੇਜ ਭੇਜਣਾ ਇਹ ਸਿੱਧ ਕਰਦਾ ਹੈ ਕਿ ਮੰਤਰੀ ਜੀ ਮਾਨਸਿਕ ਰੋਗੀ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਕੈਬਨਿਟ ਰੈਂਕ ਦੇ ਅਹੁਦੇ 'ਤੇ ਬਣੇ ਰਹਿਣ ਦਾ ਹੁਣ ਕੋਈ ਮਤਲਬ ਨਹੀਂ। ਉਨ੍ਹਾਂ ਇਸ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਤੋਂ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਜ਼ਿਲਾ ਪ੍ਰਧਾਨ ਮਾ. ਹਰਦਿਆਲ ਸਿੰਘ, ਗੁਰਮੇਲ ਸਿੰਘ, ਸ਼ਾਮ ਸਿੰਘ, ਬਾਬੂ ਚਮਨ ਲਾਲ, ਸਿਕੰਦਰ ਸਿੰਘ, ਐਡਵੋਕੇਟ ਗੁਰਮੁੱਖ ਸਿੰਘ, ਨੂਰ ਮੁਹੰਮਦ, ਭਾਗ ਸਿੰਘ ਮਦਾਨ ਅਤੇ ਰਣਜੀਤ ਸਿੰਘ ਮੁੱਖ ਰੂਪ 'ਚ ਮੌਜੂਦ ਸਨ।
ਅਪਾਹਜ ਭਿਖਾਰੀ ਅੱਗੇ ਪੰਜਾਬ ਸਰਕਾਰ ਫੇਲ, ਅਮੀਰਾਂ ਨੂੰ ਵੀ ਪਿੱਛੇ ਛੱਡਿਆ (ਵੀਡੀਓ)
NEXT STORY