ਲੁਧਿਆਣਾ (ਹਿਤੇਸ਼)-ਨਵਜੋਤ ਸਿੰਘ ਸਿੱਧੂ ਵੱਲੋਂ ਭਾਵੇਂ ਹੀ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ ਗਿਆ ਪਰ ਉਨ੍ਹਾਂ ਦੀ ਨਾਰਾਜ਼ਗੀ ਦੇ ਸੰਕੇਤ ਇਕ ਹਫ਼ਤਾ ਹੀ ਪਹਿਲਾਂ ਮਿਲਣੇ ਸ਼ੁਰੂ ਹੋ ਗਏ ਸਨ, ਜਦੋਂ 22 ਸਤੰਬਰ ਨੂੰ ਅੰਮ੍ਰਿਤਸਰ ਫੇਰੀ ਦੌਰਾਨ ਦੁਪਹਿਰ ਤੋਂ ਬਾਅਦ ਮੁੱਖ ਮੰਤਰੀ ਚੰਨੀ ਤੋਂ ਦੂਰੀ ਬਣਾ ਲਈ ਸੀ, ਜੋ ਦੂਰੀ ਉਸ ਤੋਂ ਬਾਅਦ ਲਗਾਤਾਰ ਜਾਰੀ ਸੀ। ਸਿੱਧੂ ਨੇ ਚੰਨੀ ਤੋਂ ਜਲੰਧਰ, ਕਪੂਰਥਲਾ, ਬਠਿੰਡਾ ਫੇਰੀ ਤੋਂ ਇਲਾਵਾ ਚੰਡੀਗੜ੍ਹ ’ਚ ਰਹਿੰਦਿਆਂ ਵੀ ਦੂਰੀ ਬਣਾ ਕੇ ਰੱਖੀ ਤੇ ਪੰਜਾਬ ਕਾਂਗਰਸ ਦੇ ਆਫਿਸ ’ਚ ਬੈਠ ਕੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਥੋਂ ਤਕ ਕਿ ਦਿੱਲੀ ਕੈਬਨਿਟ ਫੇਰਬਦਲ ਨੂੰ ਲੈ ਕੇ ਵੀ ਸਿੱਧੂ ਤੇ ਚੰਨੀ ਇਕ ਵਾਰ ਹੀ ਇਕੱਠੇ ਦਿੱਲੀ ਗਏ ਤੇ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਰੋਹ ’ਚ ਹਿੱਸਾ ਲੈਣ ਤੋਂ ਬਾਅਦ ਵੀ ਸਿੱਧੂ ਬਿਨਾਂ ਰੁਕੇ ਉਥੋਂ ਚਲੇ ਗਏ ਸਨ, ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ’ਚ ਚੱਲ ਰਹੀ ਚਰਚਾ ਦਾ ਨਤੀਜਾ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਹੋਣ ਤੋਂ ਤੁਰੰਤ ਬਾਅਦ ਸਿੱਧੂ ਦੇ ਅਸਤੀਫ਼ੇ ਦੇ ਰੂਪ ’ਚ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖ ਭਰੀ ਖ਼ਬਰ, ਦਰਦਨਾਕ ਹਾਦਸੇ ’ਚ ਇਕ ਪੰਜਾਬੀ ਸਣੇ ਦੋ ਲੋਕਾਂ ਦੀ ਮੌਤ
ਰੰਧਾਵਾ ਤੋਂ ਇਲਾਵਾ ਕਈ ਹੋਰ ਮੰਤਰੀਆਂ ਦੇ ਨਾਵਾਂ ਅਤੇ ਵਿਭਾਗਾਂ ’ਤੇ ਵੀ ਹੈ ਸਿੱਧੂ ਨੂੰ ਇਤਰਾਜ਼
ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੇ ਸੁਖਜਿੰਦਰ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਤੋਂ ਇਲਾਵਾ ਗ੍ਰਹਿ ਮੰਤਰੀ ਬਣਾਉਣ ਦਾ ਵਿਰੋਧ ਕੀਤਾ ਸੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਹੁਣ ਜਿਸ ਤਰ੍ਹਾਂ ਸਿੱਧੂ ਨੇ ਆਪਣੀ ਵੀਡੀਓ ’ਚ ਅਧਿਕਾਰੀਆਂ ਤੋਂ ਇਲਾਵਾ ਦਾਗ਼ੀ ਨੇਤਾਵਾਂ ਨੂੰ ਐਡਜਸਟ ਕਰਨ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਉਸ ਤੋਂ ਸਾਫ਼ ਹੋ ਗਿਆ ਹੈ ਕਿ ਰੰਧਾਵਾ ਤੋਂ ਇਲਾਵਾ ਕਈ ਹੋਰ ਮੰਤਰੀਆਂ ਦੇ ਨਾਵਾਂ ਅਤੇ ਵਿਭਾਗਾਂ ’ਤੇ ਵੀ ਸਿੱਧੂ ਨੂੰ ਇਤਰਾਜ਼ ਹੈ। ਹਾਲਾਂਕਿ ਇਸ ਨੂੰ ਲੈ ਕੇ ਸਿੱਧੂ ਨੇ ਕੋਈ ਨਾਂ ਸਾਫ਼ ਨਹੀਂ ਕੀਤਾ ਹੈ।
ਮਨਾਉਣ ਵਾਲਿਆਂ ਦੇ ਤੌਰ ’ਤੇ ਸਾਫ਼ ਹੋ ਰਹੀ ਹੈ ਸਮਰਥਕਾਂ ਦੀ ਤਸਵੀਰ
ਸਿੱਧੂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਵੱਲੋਂ ਉਨ੍ਹਾਂ ਨੂੰ ਮਨਾਉਣ ਲਈ ਪਟਿਆਲਾ ਜਾਣ ਦੀ ਗੱਲ ਸੁਣਨ ਨੂੰ ਮਿਲ ਰਹੀ ਸੀ ਪਰ ਬਾਅਦ ’ਚ ਇਹ ਪ੍ਰੋਗਰਾਮ ਰੱਦ ਹੋ ਗਿਆ ਤੇ ਲਗਾਤਾਰ ਦੂਜੇ ਦਿਨ ਚੰਨੀ ਨੇ ਸਿੱਧੂ ਨਾਲ ਗੱਲ ਕਰ ਕੇ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਕੁਝ ਹੋਰ ਵਿਧਾਇਕ ਤੇ ਮੰਤਰੀ ਸਿੱਧੂ ਨੂੰ ਮਨਾਉਣ ਲਈ ਪਟਿਆਲਾ ਪਹੁੰਚ ਰਹੇ ਹਨ, ਜਿਸ ਨਾਲ ਕਾਂਗਰਸ ਜਾਂ ਸਰਕਾਰ ’ਚ ਮੌਜੂਦ ਉਨ੍ਹਾਂ ਦੇ ਸਮਰਥਕਾਂ ਦੀ ਤਸਵੀਰ ਸਾਫ਼ ਹੋ ਰਹੀ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਿੱਧੂ ਦੇ ਜਾਣ ਨਾਲ ਪਾਰਟੀ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ।
ਮਨਪ੍ਰੀਤ ਬਾਦਲ ਤੋਂ ਮਿਲ ਰਿਹੈ ਫੀਡਬੈਕ
ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਬਣਾਉਣ ਲਈ ਮਨਪ੍ਰੀਤ ਬਾਦਲ ਵੱਲੋਂ ਹਾਈਕਮਾਨ ਦੇ ਸਾਹਮਣੇ ਚੰਨੀ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਸੀ ਤੇ ਵਿਨੀ ਮਹਾਜਨ ਦੀ ਥਾਂ ਅਨਿਰੁੱਧ ਤਿਵਾੜੀ ਨੂੰ ਚੀਫ ਸੈਕ੍ਰੇਟਰੀ ਲਾਉਣ ਲਈ ਵੀ ਮਨਪ੍ਰੀਤ ਦੀ ਭੂਮਿਕਾ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਚੰਨੀ ਤੇ ਮਨਪ੍ਰੀਤ ਬਾਦਲ ਰੋਜ਼ਾਨਾ ਦੇਰ ਰਾਤ ਤਕ ਆਪਸ ’ਚ ਮੀਟਿੰਗ ਕਰ ਰਹੇ ਹਨ ਤੇ ਇਹ ਚਰਚਾ ਹੈ ਕਿ ਚੰਨੀ ਨੂੰ ਮਨਪ੍ਰੀਤ ਤੋਂ ਸਰਕਾਰ ਚਲਾਉਣ ਲਈ ਫੀਡਬੈਕ ਮਿਲ ਰਿਹਾ ਹੈ।
ਵੱਡੀ ਖ਼ਬਰ : ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਕੈਪਟਨ ਅਮਰਿੰਦਰ ਸਿੰਘ
NEXT STORY