ਲੁਧਿਆਣਾ (ਵਿੱਕੀ) : ਸਿੱਖਿਆ ਮਹਿਕਮੇ ਵੱਲੋਂ ਪਿਛਲੇ 2 ਸਾਲਾਂ ਦੌਰਾਨ ਰਾਜ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ 'ਚ ਤਬਦੀਲ ਕਰਨ ਅਤੇ ਵਿਦਿਆਰਥੀਆਂ ਨੂੰ ਸਮਾਰਟ ਸਕੂਲ ਅਧੀਨ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਅਧੀਨ ਸੂਬੇ ਦੇ ਲਗਭਗ ਸਾਰੇ ਸਕੂਲ ਹੁਣ ਸਮਾਰਟ ਸਕੂਲ ਬਣ ਚੁੱਕੇ ਹਨ, ਜਿਹੜੇ ਸਕੂਲ ਸਮਾਰਟ ਸਕੂਲ ਨਹੀਂ ਬਣੇ ਹਨ, ਉਨ੍ਹਾਂ ਨੂੰ ਸਮਾਰਟ ਬਣਾਉਣ ਲਈ ਯਤਨ ਚੱਲ ਰਹੇ ਹਨ। ਇਨ੍ਹਾਂ ਨਵੇਂ ਬਣੇ 1500 ਸਮਾਰਟ ਸਕੂਲਾਂ ਦਾ ਉਦਘਾਟਨ ਕਰਨ ਲਈ ਪੰਜਾਬ ਸਰਕਾਰ ਵੱਲੋਂ 7 ਨਵੰਬਰ ਨੂੰ ਇਕ ਵਿਸ਼ੇਸ਼ ਵਰਚੁਅਲ ਸਮਾਗਮ ਕੀਤਾ ਜਾ ਰਿਹਾ ਹੈ, ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਉਦਘਾਟਨ ਕਰਨਗੇ। ਇਸ ਦੇ ਲਈ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਉਚੇਚੇ ਪ੍ਰਬੰਧ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਹਦਾਇਤਾਂ ਮੁਤਾਬਕ ਮੁੱਖ ਮੰਤਰੀ ਵੱਲੋਂ ਜਿਨ੍ਹਾਂ ਸਕੂਲਾਂ ਦਾ ਉਦਘਾਟਨ ਕੀਤਾ ਜਾਣਾ ਹੈ, ਉਨ੍ਹਾਂ ਸਕੂਲਾਂ 'ਚ 7 ਨਵੰਬਰ ਨੂੰ ਪਿੰਡ ਵਾਸੀਆਂ, ਪੰਚਾਇਤ ਮੈਂਬਰਾਂ ਅਤੇ ਹੋਰ ਪਤਵੰਤੇ ਵਿਅਕਤੀਆਂ ਦੇ ਪੁੱਜਣ 'ਤੇ ਉਨ੍ਹਾਂ ਦੀ ਰਿਫ੍ਰੈਸ਼ਮੈਂਟ, ਵੀਡੀਓ ਕਾਨਫ੍ਰੈਂਸਿੰਗ ਨੂੰ ਦੇਖਣ, ਸਿਟਿੰਗ ਅਰੇਂਜਮੈਂਟ ਅਤੇ ਬਾਥਰੂਮ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਗੱਲ ਕਹੀ ਗਈ ਹੈ। ਇਸ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਕੂਲਾਂ ਦਾ ਉਦਘਾਟਨ ਕਰਦੇ ਹੋਏ ਵਿਦਿਆਰਥੀਆਂ, ਸਕੂਲ ਅਧਿਆਪਕਾਂ ਅਤੇ ਪਿੰਡ ਵਾਸੀਆਂ ਦੇ ਰੂ-ਬ-ਰੂ ਹੋਣਗੇ, ਨਾਲ ਹੀ ਇਸ ਸਮਾਗਮ ਦੌਰਾਨ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ :ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
ਸੈਂਟਰ ਹੈੱਡ ਟੀਚਰਾਂ ਨੂੰ ਮਿਲਣਗੇ ਟੈਬ
ਮਹਿਕਮੇ ਵੱਲੋਂ ਸਾਰੇ ਆਫੀਸ਼ੀਅਲ ਕੰਮ ਹੁਣ ਆਨਲਾਈਨ ਕਰ ਦਿੱਤਾ ਗਿਆ ਹੈ। ਇਸ ਕੰਮ 'ਚ ਹੋਰ ਤੇਜ਼ੀ ਲਿਆਉਣ ਲਈ ਮਹਿਕਮੇ ਵੱਲੋਂ ਸੈਂਟਰ ਹੈੱਡ ਟੀਚਰਾਂ ਨੂੰ ਟੈਬ ਮੁਹੱਈਆ ਕਰਵਾਏ ਜਾ ਰਹੇ ਹਨ। ਹੁਣ ਇਨ੍ਹਾਂ ਜ਼ਰੀਏ ਸੈਂਟਰ ਸਕੂਲ ਦੇ ਅਧਿਆਪਕ ਡਾਕ ਨੂੰ ਆਨਲਾਈਨ ਕਰਨ ਦਾ ਕੰਮ ਕਰਨਗੇ। ਸਾਰੇ ਜ਼ਿਲ੍ਹਿਆਂ 'ਚ ਇਨ੍ਹਾਂ ਟੈਬਸ ਦੀ ਖੇਪ ਪੁੱਜ ਚੁੱਕੀ ਹੈ। 7 ਨਵੰਬਰ ਨੂੰ ਹੀ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਆਪਣੇ-ਆਪਣੇ ਹਲਕਿਆਂ 'ਚ ਇਨ੍ਹਾਂ ਟੈਬਲੇਟ ਦੀ ਵੰਡ ਕਰਨਗੇ। ਪੰਜਾਬ ਸਰਕਾਰ ਵੱਲੋਂ ਰੱਖੇ ਗਏ ਉਦਘਾਟਨ ਸਮਾਗਮ ਲਈ ਅਰੇਂਜਮੈਂਟ ਕਰਨ ਲਈ ਸਕੂਲਾਂ ਨੂੰ ਕੋਈ ਵੀ ਗ੍ਰਾਂਟ ਜਾਰੀ ਨਹੀਂ ਕੀਤੀ ਗਈ। ਇਸ ਦੇ ਲਈ ਜੋ ਖ਼ਰਚਾ ਆਵੇਗਾ, ਉਹ ਕਿੱਥੋਂ ਹੋਵੇਗਾ। ਇਸ ਸਬੰਧੀ ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਵੱਖ-ਵੱਖ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਆਪਣੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੂੰ ਅਚਾਨਕ ਇਸ ਸਮਾਗਮ ਸਬੰਧੀ ਦੱਸਿਆ ਗਿਆ ਹੈ। ਇੰਨੇ ਘੱਟ ਸਮੇਂ ਵਿਚ ਅਰੇਂਜਮੈਂਟ ਕਰਨਾ ਮੁਸ਼ਕਲ ਹੈ ਅਤੇ ਵਿਭਾਗ ਵੱਲੋਂ ਇਸ ਦੇ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਡਿਟੈਕਟਿਵ ਏਜੰਸੀ ਦੀ ਵੱਡੀ ਕਾਰਵਾਈ, ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਜਲੰਧਰ ਦੇ ਹਸਪਤਾਲ ਦਾ ਕੀਤਾ ਪਰਦਾਫਾਸ਼
ਪਤੀ ਦੀ ਲੰਬੀ ਉਮਰ ਲਈ ਰੱਖਿਆ ਕਰਵਾ ਚੌਥ, ਤਸਵੀਰਾਂ ਸਾਂਝੀਆਂ ਕਰਨ ਦੇ ਬਾਅਦ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ
NEXT STORY