ਨਰੇਸ਼ ਕੁਮਾਰੀ
ਕੁਝ ਸਮਾਂ ਪਹਿਲਾਂ ਤਾਂ ਮਾਪੇ ਆਪਣੇ ਬੱਚਿਆਂ ਨੂੰ ਡਾਕਟਰ, ਇੰਜੀਨੀਅਰ, ਵਕੀਲ ਅਤੇ ਪ੍ਰੋਫੈਸਰ ਆਦਿ ਬਣਾਉਣਾ ਚਾਹੁੰਦੇ ਸਨ। ਕੁਝ ਕੁ ਸਾਲ ਪਹਿਲਾਂ ਤੋਂ ਇਕ ਵੱਖਰੀ ਹੀ ਕਿਸਮ ਦੀ ਹਨ੍ਹੇਰੀ ਝੁੱਲੀ, ਜਿਸ ਨੇ ਸਾਡੇ ਸਮਾਜਿਕ ਅਤੇ ਪਰਿਵਾਰਕ ਜੀਵਨ ਨੂੰ ਬਿਲਕੁਲ ਅੱਡ ਰੂਪ ਰੇਖਾ ਦੇ ਦਿੱਤੀ ਹੈ। ਹੁਣ ਬੱਚਿਆਂ ਦੇ ਨਾਲ-ਨਾਲ ਮਾਪੇ ਵੀ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਸੈੱਕਰਨ ਨੂੰ ਉਤਾਵਲੇ ਨਜ਼ਰ ਆ ਰਹੇ ਹਨ। ਗੱਲ ਕੋਈ ਇਨੀ ਵੀ ਮਾੜੀ ਨਹੀਂ ਪਰ ਕੱਚੀ ਉਮਰੇ ਬੱਚਿਆਂ ਦਾ ਮਾਪਿਆਂ ਨਾਲੋ ਵੱਖ ਹੋ ਕੇ ਇਕ ਵੱਖਰੇ ਮਾਹੌਲ ਵਿਚ ਵਿਚਰਨਾ, ਲੋੜ ਤੋਂ ਵੱਧ ਖੁੱਲ੍ਹਾਪਣ ਅਤੇ ਮਾਪਿਆਂ ਵਲੋਂ ਮਾਰਗ ਦਰਸ਼ਨ ਦੀ ਘਾਟ, ਉਨ੍ਹਾਂ ਦੇ ਜੀਵਨ ਦੇ ਇਕ ਮੱਹਤਵਪੂਰਨ ਪੱਖ ਨੂੰ ਸਹੀ ਤਰੀਕੇ ਨਾਲ ਵਿਕਸਿਤ ਹੋਣ ਵਿਚ ਵੱਡਾ ਰੋੜਾ ਬਣਦਾ ਹੈ।
ਇਸ ਲੇਖ ਵਿਚ, ਮੈਂ ਇਸ ਤੱਥ ਨੂੰ ਮੁੱਖ ਰੱਖ ਕੇ ਹੀ ਚਰਚਾ ਕਰਾਂਗੀ। ਸਭ ਤੋਂ ਪਹਿਲਾਂ ਬੱਚਿਆਂ ਅਤੇ ਮਾਪਿਆਂ ਦੇ ਇਸ ਰੁਝਾਨ ’ਤੇ ਪੰਛੀ ਝਾਤ ਮਾਰਨੀ ਜ਼ਰੂਰੀ ਹੈ। ਕੁਝ ਕੁ ਸਾਲਾਂ ਵਿਚ ਆਪਣੇ ਦੇਸ਼ ਦੇ ਢਾਂਚੇ ਵਿਚ ਲੋਹੜੇ ਦਾ ਨਿਘਾਰ ਆਉਣ ਕਾਰਣ ਬੇਰੋਜ਼ਗਾਰੀ, ਗਰੀਬੀ, ਅਨਪੜ੍ਹਤਾ, ਭ੍ਰਿਸ਼ਟਾਚਾਰ, ਟੰਗ-ਖਿਚਾਈ ਨੇ ਲੋਕਾਂ ਦਾ ਵਿਸ਼ਵਾਸ ਹੀ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਜੀਵਨ ਦੀ ਲੁਭਾਵਨੀ ਖਿੱਚ ਨੇ ਵੀ ਵੱਡਾ ਹਿੱਸਾ ਪਾਇਆ ਹੈ। ਸਾਡੀਆਂ ਸਰਕਾਰਾਂ ਚੰਗੇ ਸ਼ਾਸਨ ਦਾ ਝਾਂਸਾ ਦੇ ਕੇ ਵੋਟਾਂ ਤਾਂ ਲੈ ਲੈਂਦੀਆਂ ਹਨ ਪਰ ਵਿਕਾਸ ਕਾਰਜਾਂ ਵੱਲ ਧਿਆਨ ਨਹੀਂ ਦਿੰਦੀਆਂ, ਜਿਸ ਨਾਲ ਰੋਜ਼ਗਾਰ ਦੇ ਮੌਕੇ ਨਹੀਂ ਪੈਦਾ ਹੁੰਦੇ। ਵਿਦਿਆਰਥੀ ਡਿਗਰੀਆਂ ਲੈ ਕੇ ਛੋਟੀਆਂ ਮੋਟੀਆਂ ਨੌਕਰੀਆਂ ਕਰਨ ਨੂੰ ਮਜਬੂਰ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਪਰਿਵਾਰ ਚੱਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਹੀ ਤੰਗੀ ਉਨ੍ਹਾਂ ਨੂੰ ਵਿਦੇਸ਼ਾਂ ਵੱਲ ਧੱਕਦੀ ਹੈ।
ਇਸਦੇ ਨਾਲ-ਨਾਲ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ, ਮੀਡੀਆ ਦੇ ਪਸਾਰੇ ਸਦਕਾ ਅਤੇ ਵਿਦੇਸ਼ ਭੇਜਣ ਵਾਲੇ ਧੰਦੇ ਨਾਲ ਜੁੜੇ ਲੋਕਾਂ ਦੇ ਸਬਜ਼ਬਾਗ ਦਿਖਾਉਣ ਕਾਰਣ ਵੀ ਜ਼ਿਆਦਾਤਰ ਲੋਕ ਪ੍ਰਭਾਵਿਤ ਹੁੰਦੇ ਹਨ। ਏਜੰਟਾਂ ਵਲੋਂ ਵਿਦੇਸ਼ੀ ਐਸ਼ੋ ਆਰਾਮ ਅਤੇ ਮੌਜਾਂ ਦਾ ਗੁਣ ਗਾਨ ਜ਼ੋਰ-ਸ਼ੋਰ ਨਾਲ ਕੀਤਾ ਜਾਂਦਾ ਹੈ, ਜਦੋਂਕਿ ਜ਼ਮੀਨੀ ਹਕੀਕਤਾਂ ਜਿਵੇਂ ਘਰ ਦਾ ਸਾਰਾ ਕੰਮ ਆਪ ਕਰਨਾ, ਨੌਕਰੀ ਕਰਨੀ, ਪੜ੍ਹਾਈ, ਪਿੱਛੇ ਘਰ ਦਾ ਧਿਆਨ ਰੱਖਣਾ, ਨਵੇਂ ਮਾਹੌਲ ਵਿਚ ਆਪਣੇ ਆਪ ਨੂੰ ਬਦਲਣਾ ਆਦਿ ਬਿਲਕੁਲ ਵੀ ਨਹੀਂ ਸਮਝਾਇਆ ਜਾਂਦਾ। ਵਿਦੇਸ਼ ਜਾਣ ਲਈ ਮਾਪੇ ਅਤੇ ਬੱਚੇ ਦੋਨੋਂ ਹੀ ਕਿਸੇ ਵੀ ਤਰ੍ਹਾਂ ਦਾ ਜ਼ੋਖਿਮ ਲੈਣ ਨੂੰ ਤਿਆਰ ਰਹਿੰਦੇ ਹਨ, ਫਿਰ ਭਾਵੇਂ ਮੈਕਸੀਕੋ ਵਾਲੀ ਕੰਧ ਟੱਪਣ ਦੀ ਗੱਲ ਹੋਵੇ ਜਾਂ ਕਿਸ਼ਤੀ ਰਾਹੀਂ ਵਿਦੇਸ਼ ਵਿਚ ਦਾਖਲੇ ਦੀ ਗੱਲ ਹੋਵੇ। ਇਨ੍ਹਾਂ ਦੋਨਾਂ ਰਸਤਿਆਂ ਰਾਹੀਂ ਹਜ਼ਾਰਾਂ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਮਾਪਿਆਂ ਦੀ ਇਥੇ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪ ਵੀ ਸੰਜ਼ਮ ਤੋਂ ਕੰਮ ਲੈਣ ਅਤੇ ਬੱਚੇ ਨੂੰ ਵੀ ਯੋਗ ਪ੍ਰਣਾਲੀ ਰਾਹੀਂ ਬਾਹਰ ਜਾਣ ਦੀ ਸਿੱਖਿਆ ਦੇਣ, ਭਾਵੇਂ ਸਾਲ ਦੋ ਸਾਲ ਵੱਧ ਹੀ ਕਿਉਂ ਨਾ ਲੱਗ ਜਾਵੇ। ਘੱਟ ਤੋਂ-ਘੱਟ ਕਿਸੇ ਤਰ੍ਹਾਂ ਦਾ ਨਾਂ ਮਾਪਿਆਂ ਨੂੰ ਅਤੇ ਨਾ ਹੀ ਜਾਣ ਵਾਲੇ ਨੂੰ ਧੁੜਕੂ ਰਹੇਗਾ।
ਦੂਸਰੀ ਚੀਜ਼, ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਪੂਰੀ ਤਰ੍ਹਾਂ ਨਿਸ਼ਚਿਤ ਹੋ ਜਾਂਦੇ ਹਨ, ਜਦ ਕਿ ਜ਼ਰੂਰਤ ਇਸ ਤੋਂ ਉਲਟ ਹੈ। ਹਕੀਕਤ ਇਹ ਹੈ ਕਿ ਜਦ ਤੱਕ ਬੱਚਾ ਮਾਤਾ-ਪਿਤਾ ਦੇ ਸਾਹਮਣੇ ਰਹਿੰਦਾ ਹੈ, ਸਹੀ ਰਹਿੰਦਾ ਹੈ। ਉਨ੍ਹਾਂ ਤੋਂ ਓਹਲੇ ਹੋਣ ਜਾਣ ’ਤੇ ਬੱਚਾ ਮਾਪਿਆਂ ਤੋਂ ਬਹੁਤ ਕੁਝ ਛੁਪਾਉਣ ਵੀ ਲੱਗ ਜਾਂਦਾ ਹੈ। ਇਸ ਲਈ ਉਨ੍ਹਾਂ ਲਈ ਇਸ ਹਾਲਾਤ ਨੂੰ ਨਜਿੱਠਣਾ ਹੋਰ ਵੀ ਚੁਨੌਤੀ ਪੂਰਨ ਹੋ ਜਾਂਦਾ ਹੈ। ਸੋ ਇਥੇ ਚੁਨੌਤੀ ਨੂੰ ਸੱਦਾ ਦੇਣਾ ਜ਼ਰੂਰੀ ਹੈ, ਬਜਾਏ ਕਿ ਉਸ ਤੋਂ ਭੱਜਣ ਦੇ। ਇਸੇ ਥਾਂ ’ਤੇ ਮਾਪਿਆਂ ਨੂੰ ਹਾਲਾਤਾਂ ਦੀ ਨਾਜ਼ੁਕਤਾ ਨੂੰ ਸਮਝ ਕੇ ਜ਼ਿਆਦਾ ਚੁਕੰਨੇ ਰਹਿਣ ਦੀ ਅਤੇ ਚੁਨੌਤੀਆਂ ਲੈਣ ਦੀ ਆਦਤ ਪਾ ਲੈਣੀ ਚਾਹੀਦੀ ਹੈ। ਇਸ ਥਾਂ ’ਤੇ ਸੰਤੁਸ਼ਟ ਹੋ ਕੇ ਬੈਠਣ ਦਾ ਮਤਲਬ ਹੈ, ਆਪਣੇ ਬੱਚੇ ਦੀ ਜ਼ਿੰਦਗੀ ਨੂੰ ਪਟਰਿਆਂ ਤੋਂ ਥੱਲੇ ਉਤਾਰਨਾ।
ਮਾਤਾ-ਪਿਤਾ ਦੀ ਇਸ ਸੰਤੁਸ਼ਟੀ ਦਾ ਕਾਰਨ ਸਾਡਾ ਉਹ ਸਮਾਜਿਕ ਵਰਗ ਹੈ, ਜੋ ਸੁਣੀਆਂ-ਸੁਣਾਈਆਂ ਗੱਲਾਂ ਨੂੰ ਚਟਕਾਰੇ ਲਗਾ ਕੇ ਅਤੇ ਵਧਾ ਚੜ੍ਹਾ ਕੇ ਪੇਸ਼ ਕਰਦਾ ਹੈ, ਜਿਸ ਨਾਲ ਉਸ ਦੀ ਰੂਪ-ਰੇਖਾ ਬਦਲ ਜਾਂਦੀ ਹੈ। ਇਹ ਉਹ ਲੋਕ ਹੁੰਦੇ ਹਨ, ਜਿਨ੍ਹਾਂ ਨੇ ਆਪ ਤਾਂ ਵਿਦੇਸ਼ ਦਾ ਮੂੰਹ ਨਹੀਂ ਦੇਖਿਆ ਹੁੰਦਾ ਪਰ ਵਿਦੇਸ਼ ਗਏ ਬੱਚੇ ਦੇ ਮਾਪਿਆਂ ਨੂੰ ਚੰਨ ’ਤੇ ਚੜਾਉਣ ਵਿਚ ਕੋਈ ਕਸਰ ਨਹੀਂ ਛੱਡਦੇ, ਜਿਵੇਂ ਹੁਣ ਤਾਂ ਭਾਈ ਤੇਰੀ ਚਾਂਦੀ ਹੈ, ਬੱਸ ਡਾਲਰ ਆਉਣ ਲੱਗ ਜਾਣਗੇ। ਹੁਣ ਆਹ ਟੁੱਟਾ ਜਿਹਾ ਘਰ ਛੱਡ ਕੇ, ਦੋ ਮੰਜ਼ਿਲਾਂ ਕੋਠੀ ਬਣਾ ਲੈ ਨਾਲੇ ਵੱਡੀ ਸਾਰੀ ਗੱਡੀ ਵਿਹੜੇ ’ਚ ਖੜ੍ਹੀ ਕਰ ਲੈ। ਹੁਣ ਤਾਂ ਤੈਨੂੰ ਕੰਮ ਕਰਨ ਦੀ ਵੀ ਲੋੜ ਨਹੀਂ, ਠਾਠ ਨਾਲ ਚਿੱਟੇ ਕੱਪੜੇ ਪਾ ਕੇ ਗੱਡੀ ਦੇ ਝੂਟੇ ਲੈਅ। ਉਹ ਫਲਾਣੇ ਦਾ ਮੁੰਡਾ ਬਾਹਰ ਗਿਆ ਸੀ, ਤਿੰਨ ਮਹੀਨਿਆਂ ਵਿਚ ਹੀ ਉਨ੍ਹਾਂ ਨੇ ਸ਼ਹਿਰ ਵਿਚ ਕੋਠੀ ਅਤੇ ਕਾਰ ਲੈ ਲਈ ਸੀ। ਅਜਿਹੀਆਂ ਗੱਲਾਂ ਸੁਣ ਕੇ ਭੋਲੇ-ਭਾਲੇ ਮਾਪੇ ਆਪਣੇ ਬੱਚੇ ’ਤੇ ਪੈਸੇ ਭੇਜਣ ਦਾ ਦਬਾਅ ਪਾਉਣ ਲੱਗ ਜਾਂਦੇ ਹਨ, ਭਾਂਵੇ ਉਹ ਵਿਚਾਰਾ ਪੜ੍ਹਾਈ ਵਾਲੇ ਵੀਜੇ ’ਤੇ ਗਿਆ ਹੋਵੇ। ਪੜ੍ਹਾਈ, ਘਰ ਦੇ ਕਿਰਾਏ, ਪਾਰਟ ਟਾਈਮ ਜੌਬ ਦੇ ਨਾਲ-ਨਾਲ ਹੋਰ ਛੋਟੀਆਂ ਵੱਡੀਆਂ ਸਮੱਸਿਆਵਾਂ ਨਾਲ ਦੋ ਚਾਰ ਹੋ ਰਿਹਾ ਹੋਵੇਗਾ।
ਅਜਿਹੇ ਵਕਤ ਮਾਪਿਆਂ ਨੂੰ ਸੂਝ-ਬੂਝ ਤੋਂ ਕੰਮ ਲੈ ਕੇ ਬੱਚੇ ਨੂੰ ਭਾਵਨਾਤਮਿਕ ਸਹਾਰੇ ਦੇ ਨਾਲ-ਨਾਲ ਪੜ੍ਹਾਈ ਵੱਲ ਧਿਆਨ ਦੇਣ ’ਤੇ ਜੀਅ ਲਾਉਣ ਲਈ ਕਹਿਣਾ ਚਾਹੀਦਾ ਹੈ। ਹੱਲਾ ਸ਼ੇਰੀ ਦਿੰਦੇ ਹੋਏ ਪੈਸੇ ਦੇ ਪਿੱਛੇ ਅਤੇ ਘਰ ਦੀ ਫ਼ਿਕਰ ਨਾ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ। ਭੁੱਲ ਕੇ ਵੀ ਫੋਨ ਆਦਿ ’ਤੇ ਮਨ ਹਲਕਾ ਨਹੀਂ ਕਰਨਾ ਚਾਹੀਦਾ, ਸਗੋਂ ਚੜ੍ਹਦੀ ਕਲਾ ਦੀਆਂ ਗੱਲਾਂ, ਜਿਵੇਂ ਇਸ ਵਾਰ ਫਸਲ ਬੜੀ ਵਧੀਆ ਹੋਈ ਹੈ, ਤੇਰੀ ਮੰਮੀ ਦੀਆਂ ਰਿਪੋਰਟਾਂ ਠੀਕ ਆਈਆਂ ਨੇ, ਤੇਰੀ ਭੈਣ ਜਾਂ ਭਰਾ ਆਪਣੀ ਕਲਾਸ ਵਿਚੋਂ ਪਹਿਲੇ ਦਰਜੇ ’ਤੇ ਰਿਹਾ ਹੈ, ਵਗ਼ੈਰਾ ਵਗ਼ੈਰਾ। ਪੈਸਿਆਂ ਦੇ ਸੰਬੰਧ ਵਿਚ ਮੰਗਣ ਦੀ ਬਜਾਏ ਕਹਿਣਾ ਚਾਹੀਦਾ ਹੈ ਕਿ ਪੈਸਿਆਂ ਵਲੋਂ ਤੰਗ ਨਾ ਹੋਵੀਂ, ਲੋੜ ਪਈ ਤਾਂ ਅਸੀਂ ਹੋਰ ਭੇਜ ਦੇਵਾਂਗੇ। ਜਦੋਂ ਚੰਗੀ ਤਰ੍ਹਾਂ ਕਮਾਉਣ ਲੱਗ ਜਾਵੇਗਾ, ਸਾਰਾ ਕਰਜ਼ਾ ਆਪੇ ਉੱਤਰ ਜਾਵੇਗਾ। ਇਸ ਦੇ ਨਾਲ ਹੀ ਵੀਡੀਓ ਕਾਲ ਵਗ਼ੈਰਾ ’ਤੇ ਵੀ ਗੱਲ ਕਰਨ ਨਾਲ ਹਜ਼ਾਰਾਂ ਮੀਲ ਦੂਰ ਬੈਠੇ ਬੱਚੇ ਨੂੰ ਦੂਰੀ ਦਾ ਅਹਿਸਾਸ ਵੀ ਨਹੀਂ ਹੁੰਦਾ। ਇਸ ਤਰ੍ਹਾਂ ਆਪਾਂ ਚੁਨੌਤੀ ਦੀ ਅਗਲੀ ਪੌੜੀ ਚੜ੍ਹਨ ਦੇ ਯੋਗ ਹੋ ਜਾਂਦੇ ਹਾਂ।
ਹੁਣ ਜਦੋਂ ਬੱਚਾ ਥੋੜਾ ਸੈੱਟ ਹੋਣ ਲੱਗ ਜਾਂਦਾ ਹੈ ਤਾਂ ਵੀ ਉਸ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਕੇ ਜੁੜੇ ਰਹਿਣਾ ਚਾਹੀਦਾ ਹੈ, ਜਿਵੇਂ, ਅੱਜ ਕਿਹੜੀ ਸਬਜ਼ੀ ਬਣਾਈ, ਠੰਡ ਕਿੰਨੀ ਕੁ ਹੈ। ਕੱਲ ਵੀਡੀਓ ਕਾਲ ਕਰਕੇ ਆਪਣਾ ਘਰ ਦਿਖਾਵੀਂ, ਲਾਲ ਸਵੈਟਰ ਅਤੇ ਕਾਲੀ ਜੀਂਸ ਨਾਲ ਕੈਪ ਵੀ ਦਿਖਾਈਂ। ਇਸ ਨਾਲ ਬੱਚਾ ਕੱਪੜੇ ਪਾਉਣ ਵਿਚ ਅਤੇ ਘਰ ਦੀ ਸਫ਼ਾਈ ਵਿਚ ਅਣਗਹਿਲੀ ਨਹੀਂ ਕਰੇਗਾ। ਖਾਣੇ ਦਾ ਕੀ ਹਿਸਾਬ ਹੈ, ਰੋਟੀ ਖਾਣ ਲੱਗੇ ਹੱਥ ਧੋਂਦੇ ਹੋ ? ਕਿੰਨੀ ਵਾਰੀ ਅਤੇ ਖਾਣੇ ਵਿਚ ਕੀ-ਕੀ ਖਾਂਦੇ ਹੋ। ਰੋਜ਼ ਨਹਾਇਆ ਜਾਂਦਾ ਹੈ ਕਿ ਨਹੀਂ, ਕੱਪੜੇ ਕਿਵੇਂ ਧੋਤੇ ਅਤੇ ਪ੍ਰੈੱਸ ਕੀਤੇ ਜਾਂਦੇ ਹਨ ? ਦੋਸਤ ਕਿੰਨੇ ਕੁ ਬਣਾ ਲਏ ? ਅਤੇ ਆਨੇ-ਬਹਾਨੇ ਉਨ੍ਹਾਂ ਦੇ ਫੋਨ ਨੰਬਰ ਵੀ ਹਾਸਿਲ ਕਰ ਕੇ ਕਦੇ-ਕਦੇ ਹਾਲ-ਚਾਲ ਪੁੱਛਣ ਬਹਾਨੇ, ਉਨ੍ਹਾਂ ਨਾਲ ਵੀ ਗੱਲ ਕਰ ਲੈਣੀ ਚਾਹੀਦੀ ਹੈ। ਇਨਾਂ ਸਾਰੀਆਂ ਚੀਜ਼ਾਂ ਨਾਲ ਬੱਚਾ ਗਲਤ ਪਾਸੇ ਜਾਣ ਤੋਂ ਝਿਜਕੇਗਾ। ਇਸ ਤਰਾਂ ਲੋੜ ਅਨੁਸਾਰ ਅਸੀਂ ਉਸ ਨੂੰ ਸਹੀ ਸਲਾਹ ਵੀ ਦੇ ਸਕਾਂਗੇ ਅਤੇ ਬੱਚੇ ਨੂੰ ਇਕੱਲੇਪਨ ਦਾ ਵੀ ਅਹਿਸਾਸ ਨਹੀਂ ਹੋਵੇਗਾ।
ਆਮ ਤੌਰ ’ਤੇ ਬੱਚਿਆਂ ਨੂੰ ਉਮਰ ਅਨੁਸਾਰ ਤਜਰਬੇ ਦੀ ਕਮੀਂ ਹੁੰਦੀ ਹੈ, ਜਿਸ ਸਮੇਂ ਉਹ ਵਿਦੇਸ਼ ਪੜ੍ਹਾਈ ਲਈ ਜਾਂਦੇ ਹਨ। ਸੁਭਾਅ ਵਿਚ ਤੇਜ਼ੀ ਅਤੇ ਗੁੱਸਾ ਇਸ ਉਮਰ ਵਿਚ ਆਮ ਗੱਲ ਹੁੰਦੀ ਹੈ। ਬੱਚੇ ਛੋਟੀ-ਛੋਟੀ ਗੱਲ ’ਤੇ ਮਾਰਨ-ਮਰਾਉਣ ’ਤੇ ਉਤਾਰੂ ਹੋ ਜਾਂਦੇ ਹਨ। ਲੜਕੇ-ਲੜਕੀਆਂ ਦੇ ਪ੍ਰੇਮ ਸੰਬੰਧ ਵੀ ਇਕ ਆਮ ਗੱਲ ਹੈ। ਅਜਿਹੇ ਹਾਲਾਤਾਂ ਵਿਚ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਸ਼ਾਂਤ ਅਤੇ ਲੜਾਈ ਝਗੜੇ ਤੋਂ ਦੂਰ ਰਹਿਣ ਦੀ ਸਲਾਹ ਦੇਣ ਦੇ ਨਾਲ-ਨਾਲ ਦੋਸਤਾਂ ਨਾਲ ਰਵੱਈਆ ਬਣਾਈ ਰੱਖਣਾ ਚਾਹੀਦਾ। ਪਿਆਰ ਮੁਹੱਬਤ ਦੇ ਸੰਬੰਧਾਂ ਵਿਚ ਹੋਰ ਕੁਝ ਤਾਂ ਕੀਤਾ ਨਹੀਂ ਜਾ ਸਕਦਾ, ਬੱਸ ਚੰਗਾ ਸਾਥੀ ਲੱਭਣ ’ਤੇ ਵਫ਼ਾਦਾਰੀ ਦੀ ਸਿੱਖਿਆ ਦੇਣੀ ਚਾਹੀਦੀ ਹੈ।
ਵਿਦੇਸ਼ ਵਿਚ ਰਹਿੰਦਿਆਂ ਜਦੋਂ ਮਾਤਾ-ਪਿਤਾ ਨਾਲ ਰੋਜ਼ਾਨਾ ਦਾ ਸੰਬੰਧ ਅਤੇ ਵਾਰਤਾਲਾਪ ਵਾਲਾ ਮਾਹੌਲ ਟੁੱਟ ਜਾਂਦਾ ਹੈ ਤਾਂ ਲੜਾਈ ਝਗੜੇ ਤੋਂ ਵੱਧ ਬਹੁਤ ਕੁਝ ਵਾਪਰਨ ਦੀ ਸੰਭਾਵਨਾ ਬਣ ਜਾਂਦੀ ਹੈ। ਜਿਵੇਂ ਪਿਆਰ ਮੁਹੱਬਤ ਵਿਚ ਬੇਵਫ਼ਾਈ ਦੇ ਚਲਦੇ ਅਪਰਾਧ, ਇਥੋਂ ਤੱਕ ਕਿ ਕਤਲ ਆਦਿ ’ਤੇ ਜੇਲ ਤੱਕ ਦੀ ਨੌਬਤ ਆਉਣਾ। ਇਸ ਤੋਂ ਇਲਾਵਾ ਓਵਰ ਸਪੀਡਿੰਗ, ਡਾਈਵਿੰਗ, ਬੰਜੀ ਜੰਪਿੰਗ ਜਿਹੇ ਅਨੇਕਾਂ ਜਾਨ ਦੇ ਜ਼ੋਖਿਮ ਵਾਲੇ ਕੌਤਕ ਵੀ ਬੱਚਿਆਂ ਨੂੰ ਖ਼ਤਰੇ ਵਿਚ ਪਾਉਂਦੇ ਹਨ। ਮਾਂ-ਬਾਪ ਦਾ ਸਾਥ ਅਜਿਹੀਆਂ ਬਹੁਤ ਸਾਰੀਆਂ ਦੁੱਖਦਾਈ ਘਟਨਾਵਾਂ ਤੋਂ ਬਚਾ ਕੇ ਵੱਡੇ ਘਾਟੇ ਪੈਣ ਤੋਂ ਰੋਕ ਸਕਦਾ ਹੈ।
ਇਸ ਸਬੰਧੀ ਨਿਊਜ਼ੀਲੈਂਡ ਵਿਚ ਵਾਪਰੀਆਂ ਤਿੰਨ ਘਟਨਾਵਾਂ ਦਾ ਸੰਖੇਪ ਵਿਚ ਵਰਣਨ ਕਰਨਾ ਜ਼ਰੂਰੀ ਸਮਝਦੀ ਹਾਂ ਤਾਂ ਕਿ ਅਜਿਹੀਆਂ ਦੁੱਖਦਾਈ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਪਹਿਲੀ ਘਟਨਾ ਹੈ, ਚਾਰ ਦੋਸਤ ਆਪਣੀ ਗੱਡੀ ’ਤੇ ਸਮੁੰਦਰੀ ਤੱਟ ਨਾਲ ਬਣੀ ਸੜਕ ’ਤੇ ਘੁੰਮਣ ਫਿਰਨ ਜਾ ਰਹੇ ਸਨ। ਰਾਤ ਦਾ ਸਮਾਂ ਹੋਣ ’ਤੇ ਗੱਡੀ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ, ਕਾਬੂ ਤੋਂ ਬਾਹਰ ਤੇ ਗੱਡੀ ਸਮੁੰਦਰ ਵਿਚ ਜਾ ਸਮਾਈ। ਚਾਰ ਮਹੀਨੇ ਬੀਤ ਜਾਣ ’ਤੇ ਸਮੁੰਦਰ ਦਾ ਪਾਣੀ ਉਤਰਣ ’ਤੇ ਗੱਡੀ ਨਜ਼ਰ ਆਈ। ਪ੍ਰਸ਼ਾਸਨ ਦੁਆਰਾ ਬਾਹਰ ਕੱਢੀ ਤਾਂ ਪਤਾ ਚੱਲਿਆ ਪੰਜਾਬੀ ਲੜਕਿਆਂ ਦੀਆਂ ਲਾਸ਼ਾਂ, ਜੋ ਚੁੱਕੀ ਤਰ੍ਹਾਂ ਦੇ ਨਾਲ ਗਲ-ਸੜ ਚੁੱਕੀਆਂ ਸਨ, ਬਾਹਰ ਕੱਢੀਆਂ ਗਈਆਂ। ਜਿਨਾਂ ਵਿਚੋਂ ਕੁਝ ਵਿਦਿਆਰਥੀ ਤੇ ਕੁਝ ਕੰਮਕਾਜੀ ਲੜਕੇ ਸਨ। ਜ਼ਰਾ ਸੋਚੋ ਉਨ੍ਹਾਂ ਮਾਂ ਬਾਪ ਦਾ ਕੀ ਹਾਲ ਹੋਵੇਗਾ, ਜਿਨਾਂ ਦੀ ਜਿੰਦਜਾਨ ਅਤੇ ਖ਼ਾਬਾਂ ਦੇ ਸ਼ਹਿਜ਼ਾਦੇ ਇਸ ਤਰ੍ਹਾਂ ਜਹਾਨ ਨੂੰ ਅਲਵਿਦਾ ਕਹਿ ਗਏ ਹੋਣਗੇ।
ਦੂਸਰੀ ਘਟਨਾ ਦਿਨ ਦਿਹਾੜੇ ਸੜਕੀ ਦੁਰਘਟਨਾ ਦੀ ਹੈ, ਜਿਸ ਵਿਚ 4 ਲੜਕੇ, ਆਪਣੀ ਕਾਰ ਸੜਕ ਦੀ ਦੱਸੀ ਗਈ ਰਫ਼ਤਾਰ ਨਾਲੋਂ ਦੋ ਗੁਣੀ ਤੇਜੀ ਨਾਲ ਉਲਟ ਪਾਸੇ ਚਲਾ ਰਹੇ ਸਨ। ਇਸ ਦੌਰਾਨ ਅਚਾਨਕ ਸਾਹਮਣਿਉਂ ਆਉਂਦੀ ਕਾਰ ਨਾਲ ਸਿੱਧੀ ਟੱਕਰ ਹੁੰਦੀ ਹੈ ਅਤੇ ਉਨ੍ਹਾਂ ਵਿਚੋਂ ਤਿੰਨਾਂ ਦੀ ਥਾਂ ’ਤੇ ਹੀ ਮੌਤ ਹੋ ਜਾਂਦੀ ਹੈ ਅਤੇ ਚੌਥਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਂਦਾ ਹੈ।
ਤੀਸਰੀ ਘਟਨਾ ਕੋਈ ਇਕ ਨਹੀਂ, ਸਗੋਂ ਅਕਸਰ ਵਾਪਰਣ ਵਾਲੀਆਂ ਘਟਨਾਵਾਂ ਵਿਚੋਂ ਇਕ ਹੈ। ਅਜਿਹੀਆਂ ਘਟਨਾਵਾਂ ਉਨ੍ਹਾਂ ਦੇਸ਼ਾਂ ਵਿਚ ਵਾਪਰਦੀਆਂ ਹਨ, ਜਿਨ੍ਹਾਂ ਦੀ ਸੀਮਾ ਸਮੁੰਦਰੀ ਤੱਟ ਨਾਲ ਲੱਗਦੀ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਇਕ ਟਾਪੂ ਨੁਮਾ ਦੇਸ਼ ਹੈ, ਜਿਸ ਦੇ ਚਾਰੇ ਪਾਸੇ ਸਮੁੰਦਰ ਹੈ। ਮੌਜ-ਮਸਤੀ ਦੇ ਦੌਰ ਵਿਚ ਬੱਚੇ ਕਿਸੇ ਚੇਤਾਵਨੀ ਜਾਂ ਕਿਸੇ ਦੇ ਕਹਿਣੇ ਨੂੰ ਅਨਸੁਣਾ ਕਰਕੇ ਜੀਨਸ ਸਮੇਤ ਪਾਣੀ ਵਿਚ ਤਹਿ ਦੂਰੀ ਤੋਂ ਅੱਗੇ ਨਿਕਲ ਜਾਂਦੇ ਹਨ। ਇਥੇ ਪਹੁੰਚ ਕੇ ਜੀਨਸ ਪਾਣੀ ਨਾਲ ਇੰਨੀਆ ਭਾਰੀਆਂ ਹੋ ਜਾਂਦੀਆਂ ਹਨ ਕਿ ਤੁਰਨਾ ਮੁਸ਼ਕਲ ਹੋ ਜਾਂਦਾ ਹੈ। ਇਸੇ ਸਮੇਂ ਪਾਣੀ ਦੀਆਂ ਤਾਕਤਵਰ ਲਹਿਰਾਂ ਆਉਂਦੀਆਂ ਅਤੇ ਆਪਣੇ ਨਾਲ ਵਹਾ ਕੇ ਲੈ ਜਾਂਦੀਆਂ ਹਨ। ਇਸ ਤਰਾਂ ਦੀਆਂ ਘਟਨਾਵਾਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਹੁੰਦੀਆਂ ਹਨ ਅਤੇ ਦੁੱਖ ਦੀ ਗੱਲ ਇਹ ਹੈ ਕਿ ਇਨਾਂ ਵਿਚ ਜ਼ਿਆਦਾਤਰ ਪੰਜਾਬੀ ਬੱਚੇ ਹੁੰਦੇ ਹਨ। ਹੁਣ ਇਹ ਸਭ ਕੁਝ ਬਿਆਨ ਕਰਨ ਦਾ ਮੇਰਾ ਸਿੱਧਾ ਨਿਸ਼ਾਨਾ ਮਾਤਾ-ਪਿਤਾ ਵੱਲ ਹੈ। ਅਜਿਹੀਆਂ ਦੁਰਘਟਨਾਵਾਂ ਦੇ ਸ਼ਿਕਾਰ ਜ਼ਿਆਦਾ ਤਰ ਉਹੀ ਬੱਚੇ ਹੁੰਦੇ ਹਨ, ਜਿਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨਾਲ ਜੁੜੇ ਨਹੀਂ ਹੁੰਦੇ। ਸਮੇਂ-ਸਮੇਂ ’ਤੇ ਲੋੜ ਅਨੁਸਾਰ ਉਨ੍ਹਾਂ ਨੂੰ ਸਹੀ ਮਾਰਗ ਦਰਸ਼ਨ ਨਹੀਂ ਮਿਲਿਆ ਹੁੰਦਾ। ਅਖੀਰ ਵਿਚ ਮਾਪਿਆਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਕਰਾਂਗੀ ਕਿ ਆਪਣੇ ਅੱਖਾਂ ਦੇ ਤਾਰੇ, ਜਿਨਾਂ ਲਈ ਅਸੀਂ ਜਾਨ ਤੱਕ ਵਾਰਨ ਨੂੰ ਤਿਆਰ ਰਹਿੰਦੇ ਹਾਂ, ਦਿਨ ਰਾਤ ਦੁਆਵਾਂ ਮੰਗਦੇ ਹਾਂ, ਲੱਖਾਂ ਸੁਪਨੇ ਸੰਜੋਏ ਹੁੰਦੇ ਹਨ, ਉਨ੍ਹਾਂ ਦੀ ਅਰਥੀ ਆਪਣੇ ਹੱਥੀਂ ਸਜਾਉਣ ਦੀ ਬਜਾਏ ਜ਼ਿੰਦਗੀ ਦੇ ਕੁਝ ਪਲ ਉਨ੍ਹਾਂ ਨੂੰ ਦੇ ਦਈਏ, ਤਾਂ ਅਜਿਹਾ ਵਕਤ ਸਾਨੂੰ ਕਦੇ ਨਾ ਦੇਖਣਾ ਪਵੇ।
ਗੜ੍ਹਸ਼ੰਕਰ 'ਚ ਫਸੇ 75 ਸਾਲਾ ਸਾਧੂ ਨੇ ਸਰਕਾਰ ਤੋਂ ਕੀਤੀ ਇਹ ਫਰਿਆਦ
NEXT STORY