ਪੰਚਕੂਲਾ (ਮੁਕੇਸ਼) : ਹਰਿਆਣਾ ਦੇ ਪਿਹੋਵਾ 'ਚ ਸਥਿਤ ਪਿੰਡ ਸਰਸਾ ਦੇ ਰਹਿਣ ਵਾਲੇ ਤਿੰਨੇ ਮਾਸੂਮ ਬੱਚਿਆਂ ਨੂੰ ਮੋਰਨੀ ਦੇ ਜੰਗਲਾਂ 'ਚ ਮਿਲੀਆਂ ਲਾਸ਼ਾਂ ਤੋਂ ਬਾਅਦ ਉਨ੍ਹਾਂ ਦੇ ਦਾਦੇ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਸਪਤਾਲ 'ਚ ਜਦੋਂ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਦਾ ਬੁੱਧਵਾਰ ਨੂੰ ਪੋਸਟਮਾਰਟਮ ਕਰਾਇਆ ਗਿਆ। ਮਾਸੂਮ ਪੋਤੀ ਸਿਮਰਨ ਦੀ ਲਾਸ਼ ਦੇ ਪੋਸਟਮਾਰਟਮ ਦੌਰਾਨ ਹਸਪਤਾਲ ਕਰਮਚਾਰੀ ਨੇ ਉਸ ਦੇ ਦੋਵੇਂ ਕੰਨਾਂ ਦੀਆਂ ਵਾਲੀਆਂ ਲਾਹ ਕੇ ਮੋਰਚਰੀ ਦੇ ਬਾਹਰ ਮੌਜੂਦ ਉਸ ਦੇ ਦਾਦੇ ਨੂੰ ਸੌਂਪ ਦਿੱਤੀਆਂ। ਕਾਗਜ਼ 'ਚ ਲਿਪਟੀਆਂ ਵਾਲੀਆਂ ਨੂੰ ਵੇਖ ਕੇ ਦਾਦੇ ਦਾ ਕਾਲਜਾ ਫਟ ਗਿਆ ਅਤੇ ਉੱਥੇ ਮੌਜੂਦ ਹੋਰਨਾਂ ਲੋਕਾਂ ਦੀਆਂ ਅੱਖਾਂ ਵੀ ਭਰ ਆਈਆਂ। ਇਹੋ ਨਹੀਂ, ਜਿਸ ਸਮੇਂ ਪੋਸਟਮਾਰਟਮ ਦੇ ਬਾਅਦ ਤਿੰਨਾਂ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਚਿੱਟੇ ਕੱਪੜੇ 'ਚ ਪਲੇਟ ਕੇ ਮੋਰਚਰੀ ਤੋਂ ਬਾਹਰ ਕੱਢੀਆਂ ਗਈਆਂ ਤਾਂ ਮੋਰਚਰੀ ਦੇ ਬਾਹਰ ਖੜ੍ਹੇ ਹਰ ਵਿਅਕਤੀ ਦਾ ਦਿਲ ਪਿਘਲ ਗਿਆ। ਪੋਸਟਮਾਰਟਮ ਤੋਂ ਬਾਅਦ ਦਾਦੇ ਨੂੰ ਬੱਚਿਆਂ ਦੀਆਂ ਲਾਸ਼ਾਂ ਸੌਂਪ ਦਿੱਤੀਆਂ ਗਈਆਂ। ਐਂਬੂਲੈਂਸ 'ਚ ਦਾਦਾ ਆਪਣੇ ਦੋ ਪੋਤਿਆਂ ਤੇ ਇਕ ਪੋਤੀ ਦੀ ਲਾਸ਼ ਲੈ ਕੇ ਪਿੰਡ ਨੂੰ ਰਵਾਨਾ ਹੋ ਗਿਆ। ਪੋਸਟਮਾਰਟਮ ਸਮੇਂ ਬੱਚਿਆਂ ਦਾ ਨਾਨਾ ਧਰਮਪਾਲ ਵੀ ਮੋਰਚਰੀ ਦੇ ਬਾਹਰ ਮੌਜੂਦ ਸੀ।
ਪੁੱਤ ਮਰ ਗਿਆ ਹੁੰਦਾ ਤਾਂ ਅੱਜ ਮੇਰੇ ਪੋਤੇ-ਪੋਤੀ ਜਿਊਂਦੇ ਹੁੰਦੇ
ਪੰਚਕੂਲਾ ਦੇ ਸੈਕਟਰ-6 ਸਥਿਤ ਜਨਰਲ ਹਸਪਤਾਲ ਦੀ ਮੋਰਚਰੀ ਦੇ ਬਾਹਰ ਮੌਜੂਦ ਇਨ੍ਹਾਂ ਬੱਚਿਆਂ ਦੇ ਦਾਦਾ ਜੀਤਾ ਰਾਮ ਨਾਲ ਗੱਲ ਕੀਤੀ ਗਈ ਤਾਂ ਉਸਦੇ ਮੂੰਹ 'ਚੋਂ ਇਹ ਸ਼ਬਦ ਨਿਕਲੇ ਕਿ ਕੁਝ ਸਮਾਂ ਪਹਿਲਾਂ ਉਸਦੇ ਬੇਟੇ ਸੋਹਨ ਉਰਫ ਸੋਨੂੰ ਮਲਿਕ ਦਾ ਐਕਸੀਡੈਂਟ ਹੋ ਗਿਆ ਸੀ। ਉਸ ਐਕਸੀਡੈਂਟ 'ਚ ਜੇਕਰ ਉਸਦਾ ਬੇਟਾ ਮਰ ਗਿਆ ਹੁੰਦਾ ਤਾਂ ਅੱਜ ਉਸਦੇ ਪੋਤੇ-ਪੋਤੀ ਉਸਦੇ ਨਾਲ ਹੁੰਦੇ। ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੀ ਔਲਾਦ ਅਜਿਹੀ ਨਿਕਲੇਗੀ।
ਬਲਾਇੰਡ ਰੇਂਜ ਨਾਲ ਮਾਰੀਆਂ ਸੀ ਤਿੰਨਾਂ ਬੱਚਿਆਂ ਨੂੰ ਗੋਲੀਆਂ
ਤਿੰਨੇ ਮਾਸੂਮ ਬੱਚਿਆਂ ਨੂੰ ਮੋਰਨੀ ਦੇ ਜੰਗਲਾਂ 'ਚ ਉਨ੍ਹਾਂ ਦੇ ਹੀ ਚਾਚੇ ਨੇ ਬਲਾਇੰਡ ਰੇਂਜ ਨਾਲ ਪਿੱਛੋਂ ਸਿਰ 'ਚ ਗੋਲੀ ਮਾਰੀ ਸੀ। ਬੁੱਧਵਾਰ ਨੂੰ ਪੋਸਟਮਾਰਟਮ ਦੌਰਾਨ ਤਿੰਨਾਂ ਬੱਚਿਆਂ 'ਚੋਂ ਕਿਸੇ ਦੇ ਵੀ ਸਿਰ 'ਚੋਂ ਗੋਲੀ ਨਹੀਂ ਮਿਲੀ। ਅਸਲ 'ਚ ਕਾਫੀ ਨੇੜਿਓਂ ਗੋਲੀ ਮਾਰੀ ਗਈ ਸੀ, ਜੋ ਸਿਰ ਨੂੰ ਚੀਰਦੀ ਹੋਈ ਮੱਥੇ ਦੇ ਰਸਤੇ ਬਾਹਰ ਨਿਕਲ ਗਈ। ਪੋਸਟਮਾਰਟਮ ਕਰਨ ਤੋਂ ਪਹਿਲਾਂ ਬੱਚਿਆਂ ਦੀਆਂ ਲਾਸ਼ਾਂ ਦਾ ਐਕਸਰੇ ਵੀ ਕਰਵਾਇਆ ਗਿਆ, ਤਾਂ ਜੋ ਪਤਾ ਲਗ ਸਕੇ ਕਿ ਗੋਲੀ ਕਿਥੇ ਫਸੀ ਹੋਈ ਹੈ। ਐਕਸਰੇ 'ਚ ਵੀ ਗੋਲੀ ਦਿਖਾਈ ਨਹੀਂ ਦਿੱਤੀ।
ਮੁਲਜ਼ਮ ਜਗਦੀਪ ਦੇ ਛੋਟੇ ਭਰਾ ਦੀ ਦੋ ਸਾਲ ਪਹਿਲਾਂ ਹੋਈ ਸੀ ਫਾਹਾ ਲਾਉਣ ਨਾਲ ਮੌਤ
ਮੋਰਚਰੀ ਦੇ ਬਾਹਰ ਮੌਜੂਦ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜੀਤ ਰਾਮ ਦੇ ਭਰਾ ਦੇ ਬੇਟੇ ਤੇ ਮਾਸੂਮ ਬੱਚਿਆਂ ਦੀ ਹੱਤਿਆ ਦੇ ਮੁਲਜ਼ਮ ਜਗਦੀਪ ਦੇ ਛੋਟੇ ਭਰਾ ਦੀ ਵੀ ਦੋ ਸਾਲ ਪਹਿਲਾਂ ਫਾਹੇ ਨਾਲ ਲਟਕੀ ਲਾਸ਼ ਮਿਲੀ ਸੀ। ਉਹ 8ਵੀਂ ਕਲਾਸ 'ਚ ਪੜ੍ਹ ਰਿਹਾ ਸੀ ਪਰ ਹੁਣ ਅਜਿਹਾ ਲਗ ਰਿਹਾ ਹੈ ਕਿ ਕਿਤੇ ਜਗਦੀਪ ਨੇ ਹੀ ਨਾ ਜ਼ਮੀਨ ਖਾਤਿਰ ਆਪਣੇ ਭਰਾ ਦੀ ਹੱਤਿਆ ਕਰ ਦਿੱਤੀ ਹੋਵੇ ਤੇ ਲੋਕਾਂ ਨੂੰ ਧੋਖਾ ਦੇਣ ਲਈ ਉਸਨੂੰ ਖੁਦਕੁਸ਼ੀ ਦਾ ਰੂਪ ਦੇ ਦਿੱਤਾ।
ਅੱਤਵਾਦੀਆਂ ਤੇ ਕਸਾਈਆਂ ਤੋਂ ਵੀ ਘਿਨਾਉਣਾ ਜੁਰਮ ਕੀਤਾ, ਸਜ਼ਾ-ਏ-ਮੌਤ ਦੇਣੀ ਚਾਹੀਦੀ
ਪਿੰਡ 'ਚ ਬਿਲਕੁਲ ਨਾਲ ਵਾਲੇ ਘਰ 'ਚ ਰਹਿਣ ਵਾਲੇ ਲੀਲਾ ਰਾਮ ਦਾ ਕਹਿਣਾ ਸੀ ਕਿ ਮਾਸੂਮ ਬੱਚਿਆਂ ਨੂੰ ਇਸ ਤਰ੍ਹਾਂ ਕਤਲ ਕਰਨ ਵਾਲੇ ਜਗਦੀਪ ਨੇ ਤਾਂ ਅੱਤਵਾਦੀਆਂ ਤੇ ਕਸਾਈਆਂ ਨਾਲੋਂ ਵੀ ਘਿਨਾਉਣਾ ਜੁਰਮ ਕੀਤਾ ਹੈ, ਅਜਿਹੇ ਵਿਅਕਤੀ ਨੂੰ ਸਜ਼ਾ-ਏ-ਮੌਤ ਦੇਣੀ ਚਾਹੀਦੀ ਹੈ। ਉਸਨੂੰ ਜਿੰਨੀ ਵੀ ਸਜ਼ਾ ਦਿੱਤੀ ਜਾਏ, ਘੱਟ ਹੈ। ਲੀਲਾ ਰਾਮ ਨੇ ਦੱਸਿਆ ਕਿ ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਜਗਦੀਪ ਇਸ ਤਰ੍ਹਾਂ ਬੱਚਿਆਂ ਨੂੰ ਲੱਭਣ ਦਾ ਨਾਟਕ ਕਰਦਾ ਰਿਹਾ ਕਿ ਕਿਸੇ ਨੂੰ ਉਸ 'ਤੇ ਸ਼ੱਕ ਵੀ ਨਹੀਂ ਹੋਇਆ।
ਬੱਚਿਆਂ ਦਾ ਪਿਤਾ ਇਕ ਸਮਾਰੋਹ 'ਚ ਫੋਟੋਆਂ ਖਿੱਚਣ ਲਈ ਕਹਿ ਕੇ ਘਰੋਂ ਨਿਕਲਿਆ ਸੀ
ਜੀਤਾ ਰਾਮ ਨੇ ਦੱਸਿਆ ਕਿ ਉਸਦਾ ਬੇਟਾ ਤੇ ਮਾਸੂਮ ਬੱਚਿਆਂ ਦਾ ਪਿਤਾ ਸੋਨੂੰ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਕਿਸੇ ਸਮਾਰੋਹ 'ਚ ਫੋਟੋਆਂ ਖਿੱਚਣ ਲਈ ਜਾ ਰਿਹਾ ਹੈ। ਉਸ ਸਮੇਂ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਉਸਦੇ ਮਨ 'ਚ ਆਪਣੇ ਹੀ ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨ ਦੀ ਗੱਲ ਚੱਲ ਰਹੀ ਹੈ। ਸੋਨੂੰ ਪੇਸ਼ੇ ਤੋਂ ਫੋਟੋਗ੍ਰਾਫਰ ਹੈ ਤੇ ਕੈਥਲ 'ਚ ਉਸਨੇ ਫੋਟੋ ਸਟੂਡੀਓ ਵੀ ਆਪਣੀ ਬੇਟੀ ਸਿਮਰਨ ਦੇ ਨਾਂ 'ਤੇ ਖੋਲ੍ਹਿਆ ਹੋਇਆ ਹੈ।
32 ਕਰੋੜ ਦੀਆਂ ਖਰੀਦੀਆਂ ਜਾਣਗੀਆਂ 20 ਬੈਟਰੀ ਆਪ੍ਰੇਟਿਡ ਬੱਸਾਂ
NEXT STORY