ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਝਬਾਲ ਖੇਤਰ ਅੰਦਰ ਪਿੱਛਲੇ ਕਈ ਮਹੀਨਿਆਂ ਤੋਂ ਬਾਈਕਰ ਅਤੇ ਕਾਰ ਗਿਰੋਹ ਸਰਗਰਮ ਹੋਣ ਕਰਕੇ ਲੋਕਾਂ ਅੰਦਰ ਜਿਥੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਥੇ ਹੀ ਦਿਨ ਦਿਹਾੜੇ ਵਾਪਰ ਰਹੀਆਂ ਲੁੱਟਖੋਹ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਰੋਕਣ 'ਚ ਅਸਮਰਥ ਪੁਲਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ 'ਚ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਅੱਡਾ ਝਬਾਲ ਵਾਸੀ ਐੱਨ. ਆਰ. ਆਈ. ਜਗਜੀਤ ਸਿੰਘ ਦੀ ਮਾਤਾ ਬਲਬੀਰ ਕੌਰ ਨੂੰ ਬਾਈਕ ਸਵਾਰ ਮੂੰਹ ਢੱਕੀ ਨੌਜਵਾਨਾਂ ਵੱਲੋਂ ਉਸ ਵੇਲੇ ਲੁੱਟ ਦਾ ਸ਼ਿਕਾਰ ਬਣਾ ਲਿਆ ਜਦੋਂ ਉਹ ਬੱਸ ਚੋਂ ਉਤਰ ਕੇ ਰਿਕਸ਼ੇ 'ਤੇ ਸਵਾਰ ਹੋ ਕੇ ਆਪਣੇ ਘਰ ਪਰਤ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਵਾਪਸ ਪਰਤੀ ਤਾਂ ਬੱਸ ਚੋਂ ਉਤਰ ਕੇ ਰਿਕਸ਼ੇ 'ਤੇ ਸਵਾਰ ਹੋ ਕੇ ਜਦੋਂ ਘਰ ਪਰਤ ਰਹੀ ਸੀ ਤਾਂ ਅੰਮ੍ਰਿਤਸਰ ਰੋਡ ਅੱਡਾ ਝਬਾਲ ਸਥਿਤ ਨਵੇਂ ਬਣ ਰਹੇ ਬੱਸ ਅੱਡੇ ਦੇ ਨਜ਼ਦੀਕ ਮੋਟਰਸਾਇਕਲ 'ਤੇ ਸਵਾਰ ਮੂੰਹ ਢੱਕੀ 2 ਨੌਜਵਾਨਾਂ ਵੱਲੋਂ ਉਸ ਦਾ (ਬੈਗ ਨੁੰਮਾ)ਪਰਸ ਝਪਟ ਲਿਆ ਅਤੇ ਅੰਮ੍ਰਿਤਸਰ ਵਾਲੀ ਸਾਇਡ ਨੂੰ ਫਰਾਰ ਹੋ ਗਏ। ਮਹਿਲਾ ਨੇ ਦੱਸਿਆ ਕਿ ਪਰਸ 'ਚ 6000 ਰੁਪਏ ਦੀ ਨਗਦੀ, 2 ਕੀਮਤੀ ਮੋਬਾਇਲ, ਏ. ਟੀ. ਐੱਮ. ਅਧਾਰ ਕਾਰਡ ਅਤੇ ਵੋਟਰ ਕਾਰਡ ਤੋਂ ਇਲਾਵਾ ਹੋਰ ਜਰੂਰੀ ਕਾਗਜ਼ਾਤ ਸਨ। ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਵੱਲੋਂ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਹੈ। ਇਸੇ ਤਰ੍ਹਾਂ ਪਿੰਡ ਠੱਠਗੜ ਵਾਸੀ ਰਵੇਲ ਸਿੰਘ ਪੁੱਤਰ ਤਾਰਾ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਤੜਕਸਾਰ ਕਰੀਬ 2:30 ਵਜੇ ਗੁਰਦੁਆਰਾ ਬੀੜ ਸਾਹਿਬ ਵਿਖੇ ਸੇਵਾ ਕਰਨ ਲਈ ਜਾਂਦਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਆਪਣੀ ਬਾਈਕ 'ਤੇ ਸਵਾਰ ਹੋ ਕੇ ਗੁ. ਬੀੜ ਸਾਹਿਬ ਨੂੰ ਜਾ ਰਿਹਾ ਸੀ ਤਾਂ ਦਸਮੇਸ ਸਕੂਲ ਨਜ਼ਦੀਕ ਸਵਿੱਫਟ ਕਾਰ 'ਤੇ ਸਵਾਰ ਆਏ ਕੁਝ ਨੌਜਵਾਨਾਂ ਵੱਲੋਂ ਉਸ ਨੂੰ ਰਸਤਾ ਪੁੱਛਣ ਦੇ ਬਹਾਨੇ ਰੋਕ ਲਿਆ। ਉਸਨੇ ਦੱਸਿਆ ਕਿ ਜਦੋਂ ਉਹ ਰਸਤਾ ਦੱਸ ਰਿਹਾ ਸੀ ਤਾਂ ਪਿੱਛੋਂ ਇਕ ਨੌਜਵਾਨ ਨੇ ਉਸ ਨੂੰ ਜੱਫਾ ਮਾਰ ਲਿਆ ਅਤੇ ਉਸ ਦੀ ਤਲਾਸ਼ੀ ਲੈਂਦਿਆਂ ਜੇਬ 'ਚੋਂ ਮੁਬਾਇਲ ਤੇ ਮੱਥਾ ਟੇਕਣ ਲਈ ਰੱਖੇ 5 ਰੁਪਏ ਕੱਢ ਕੇ ਜਾਂਦੇ ਹੋਏ ਉਸਦੇ ਮੋਟਰਸਾਇਕਲ ਦਾ ਪਲੱਗ ਵੀ ਲਾਹ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਦਿਨ ਤੋਂ ਉਸ ਨੇ ਗੁਰਦੁਆਰੇ ਜਾਣਾ ਹੀ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜਗੀਰ ਸਿੰਘ ਵਾਸੀ ਪਿੰਡ ਠੱਠਗੜ ਨੇ ਦੱਸਿਆ ਕਿ ਉਹ ਵੀ ਤੜਕੇ 3:30 ਵਜੇ ਗੁਰਦੁਆਰਾ ਬੀੜ ਸਾਹਿਬ ਵਿਖੇ ਜਾਂਦਾ ਸੀ ਅਤੇ ਬੀਤੇ ਦਿਨੀਂ ਉਸਨੂੰ ਵੀ ਉਕਤ ਜਗਾ 'ਤੇ ਕੁਝ ਲੋਕਾਂ ਵੱਲੋਂ ਰੋਕ ਕੇ ਤਲਾਸ਼ੀ ਲਈ ਗਈ, ਜਿਸ ਤੋਂ ਬਾਅਦ ਉਸਨੇ ਟਾਇਮ ਬਦਲ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਉਕਤ ਸਕੂਲ ਨਜ਼ਦੀਕ ਪਿੰਡ ਖੈਰਦੀ ਵਾਸੀ ਦਲਜੀਤ ਸਿੰਘ ਨਾਮੀ ਵਿਅਕਤੀ ਦੇ ਲੜਕੇ ਤੋਂ ਸ਼ਾਮ ਸਮੇਂ ਕਾਰ ਸਵਾਰ ਕੁਝ ਲੁਟੇਰੇ ਗੰਨ ਪੁਆਂਇੰਟ 'ਤੇ ਸਵਿੱਫਟ ਗੱਡੀ ਖੋਹ ਕੇ ਫਰਾਰ ਹੋ ਗਏ ਸਨ, ਪਰ ਅਜੇ ਤੱਕ ਪੁਲਸ ਉਨ੍ਹਾਂ ਦਾ ਸੁਰਾਗ ਨਹੀਂ ਲਗਾ ਸਕੀ ਹੈ। ਜਿਸ ਕਰਕੇ ਲੋਕਾਂ 'ਚ ਖੌਫ਼ ਹੋਣ ਦੇ ਨਾਲ ਸਥਾਨਿਕ ਪੁਲਸ 'ਤੇ ਵੱਡੇ ਸਵਾਲ ਵੀ ਹਨ ਕਿ ਆਖਿਰ ਅਜਿਹੇ ਅਨਸਰਾਂ ਨੂੰ ਕਾਬੂ ਕਰਨ 'ਚ ਪੁਲਸ ਅਸਮਰਥ ਕਿਉਂ ਹੈ?
ਕੀ ਕਹਿਣੈ ਪੁਲਸ ਅਧਿਕਾਰੀ ਹਰਸ਼ਾ ਸਿੰਘ ਦਾ
ਪੁਲਿਸ ਅਧਿਕਾਰੀ ਹਰਸ਼ਾ ਸਿੰਘ ਦਾ ਕਹਿਣਾ ਹੈ ਕਿ ਬਲਬੀਰ ਕੌਰ ਵੱਲੋਂ ਦਿੱਤੀ ਗਈ ਦੁਰਖਾਸਤ 'ਤੇ ਤਰੁੰਤ ਕਾਰਵਾਈ ਕਰਦਿਆਂ ਜਿਸ ਪਾਸੇ ਨੂੰ ਲੁਟੇਰੇ ਗਏ ਹਨ ਪੁਲਸ ਪਾਰਟੀ ਰਵਾਨਾ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਖੇਤਰ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਰਵਾਈ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਰਾਤ ਸਮੇਂ ਪੁਲਸ ਦੀ ਗਸ਼ਤ ਵਧਾਈ ਜਾ ਰਹੀ ਹੈ।
ਨਗਰ-ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਸਕਰੀਨਿੰਗ ਕਮੇਟੀ ਦੀ ਦਿੱਲੀ 'ਚ ਬੈਠਕ ਅੱਜ
NEXT STORY