ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਸੀ.ਆਈ.ਪੀ.ਟੀ. (ਸੈਂਟਰਸ ਫਾਰ ਇੰਟਰਨੈਸ਼ਨਲ ਪ੍ਰੋਜੈਕਟਸ ਟਰੱਸਟ ) ਅੰਤਰਰਾਸ਼ਟਰੀ ਪੱਧਰ ਤੇ ਗ਼ੈਰ-ਮੁਨਾਫਾ ਸੰਸਥਾ ਹੈ ਜੋ ਖੇਤੀਬਾੜੀ ਨਾਲ ਸਬੰਧਿਤ ਖੋਜ ਅਤੇ ਵਿਕਾਸ ਲਈ ਕੰਮ ਕਰਦੀ ਹੈ । ਇਹ ਸੰਸਥਾ ਸਾਲ 2008 ਦੌਰਾਨ ਹੋਂਦ ਵਿਚ ਆਈ । ਇਸ ਦੇ ਡਾਇਰੈਕਟਰ ਸੰਦੀਪ ਦਿਕਸ਼ਿਤ ਹਨ, ਜੋ ਦਿੱਲੀ ਤੋਂ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਚੱਲ ਰਹੇ ਖੋਜ ਕਾਰਜਾਂ ਉੱਤੇ ਨਿਗਰਾਨੀ ਰੱਖਦੇ ਹਨ। ਕੋਵਿਡ19 ਕਾਰਨ ਆਮ ਲੋਕਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਜਿੱਥੇ ਸਰਕਾਰ, ਦਾਨੀ ਲੋਕ ਅਤੇ ਹੋਰ ਸੰਸਥਾਵਾਂ ਆਪਣਾ ਬਣਦਾ ਹਿੱਸਾ ਪਾ ਰਹੀਆਂ ਹਨ ਉੱਥੇ ਸੀ.ਆਈ.ਪੀ.ਟੀ. ਸੰਸਥਾ ਨੇ ਵੀ ਕਿਸਾਨਾਂ ਨੂੰ ਮੂੰਹ ਢੱਕਣ ਵਾਲੇ ਮਾਸਕ ਅਤੇ ਸੈਨੇਟਾਈਜ਼ਰ ਵੰਡੇ ।
ਜਗ ਬਾਣੀ ਨਾਲ ਗੱਲ ਕਰਦਿਆਂ ਪੰਜਾਬ ਵਿਚ ਤਾਇਨਾਤ ਪ੍ਰੋਜੈਕਟ ਕੋਰਡੀਨੇਟਰ ਰਣਜੋਧ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਖੋਜ ਅਧੀਨ ਪਹਿਲਾਂ ਲੁਧਿਆਣਾ, ਅੰਮ੍ਰਿਤਸਰ ਅਤੇ ਸੰਗਰੂਰ ਜ਼ਿਲ੍ਹਾ ਹੀ ਸਨ। ਇਸ ਵਾਰ ਮੋਗੇ ਜ਼ਿਲ੍ਹੇ ਨੂੰ ਵੀ ਸ਼ਾਮਲ ਕਰ ਲਿਆ ਹੈ । ਉਨ੍ਹਾਂ ਨੂੰ ਚੱਲ ਰਹੇ ਖੋਜ ਕਾਰਜਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਲਈ ਕੰਮ ਕਰ ਰਹੇ ਹਾਂ ਜਿਸ ਅਧੀਨ ਪਾਣੀ ਦੀ ਸੁਚੱਜੀ ਵਰਤੋਂ ਕਿਵੇਂ ਕਰੀਏ?, ਪਾਣੀ ਬਚਾਉਣ ਦੀਆਂ ਵੱਖ ਵੱਖ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ, ਲੰਬੇ ਸਮੇਂ ਲਈ ਖੇਤੀ ਵਿਚ ਸਥਾਈ ਪਣ ਕਿਵੇਂ ਆ ਸਕਦਾ ਹੈ ? ਅਤੇ ਖੇਤੀ ਕਰਨ ਦੇ ਵਤੀਰੇ ਬਾਰੇ ਖੋਜ ਕਾਰਜ ਚੱਲ ਰਹੇ ਹਨ ।
ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅਸੀਂ ਆਪਣੇ ਨਾਲ ਖੋਜ ਵਿਚ ਜੁੜੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ 10 ਤੋਂ 15 ਹਜ਼ਾਰ ਤੱਕ ਮੂੰਹ ਢੱਕਣ ਵਾਲੇ ਮਾਸਕ ਅਤੇ ਸੈਨੀਟਾਈਜ਼ਰ ਵੰਡ ਰਹੇ ਹਾਂ। ਤਾਂ ਜੋ ਕਿਸਾਨ ਕਣਕ ਦੀ ਵਾਢੀ ਅਤੇ ਮੰਡੀਕਰਨ ਦੌਰਾਨ ਇਸ ਮਹਾਂਮਾਰੀ ਤੋਂ ਸੁਰੱਖਿਅਤ ਰਹਿ ਸਕਣ। ਉਨ੍ਹਾਂ ਕਿਹਾ ਕਿ ਕੱਲ੍ਹ ਅੰਮ੍ਰਿਤਸਰ ਜ਼ਿਲ੍ਹੇ ਤੋਂ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦੀ ਸ਼ੁਰੂਆਤ ਕੀਤੀ ਹੈ ਬਾਕੀ ਤਿੰਨ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਵੀ ਇਹ ਕਾਰਜ ਛੇਤੀ ਹੀ ਮੁਕੰਮਲ ਕਰ ਦੇਵਾਂਗੇ । ਉਨ੍ਹਾਂ ਕਿਹਾ ਕਿ ਸੀ.ਆਈ.ਪੀ.ਟੀ. ਦੇ ਕਰਮਚਾਰੀ ਖੇਤੀਬਾੜੀ ਵਿਭਾਗ ਪੰਜਾਬ ਨਾਲ ਮਿਲ ਕੇ ਪਿੰਡਾਂ ਨੂੰ ਕੋਰੋਨਾ ਮੁਕਤ ਕਰਵਾਉਣ ਵਿੱਚ ਤਹਿ ਦਿਲੋਂ ਮਿਹਨਤ ਕਰ ਰਹੇ ਹਨ ।
ਸੰਕਟ ਦੀ ਘੜੀ 'ਚ ਦੇਸ਼ ਨੂੰ ਖੁਰਾਕ ਸੁਰੱਖਿਆ ਦੇਣ 'ਚ ਅਹਿਮ ਭੂਮਿਕਾ ਨਿਭਾਅ ਰਿਹਾ ਪੰਜਾਬ: ਆਸ਼ੂ
NEXT STORY