ਅੰਮ੍ਰਿਤਸਰ, (ਵੜੈਚ)- ਗੁਰੂ ਨਗਰੀ 'ਚ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਕਰੀਬ 1 ਲੱਖ ਸ਼ਰਧਾਲੂ ਗੁਰੂ ਦਰਸ਼ਨਾਂ ਲਈ ਆਉਂਦੇ ਹਨ। ਗਠਜੋੜ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਨਵਾਂ ਰੂਪ ਦਿੱਤਾ ਗਿਆ ਪਰ ਹੁਣ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਨੂੰ ਦੁਬਾਰਾ ਪੁੱਟ ਤਾਂ ਦਿੱਤਾ ਗਿਆ ਹੈ ਪਰ ਕੱਛੂਕੁੰਮੇ ਦੀ ਚਾਲ ਚੱਲ ਰਹੇ ਕੰਮ ਕਾਰਨ ਸ਼ਰਧਾਲੂ ਤੇ ਦੁਕਾਨਦਾਰ ਬਹੁਤ ਪ੍ਰੇਸ਼ਾਨ ਨਜ਼ਰ ਆ ਰਹੇ ਹਨ।
ਘਿਉ ਮੰਡੀ ਤੋਂ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਮੁੱਖ ਰਸਤੇ ਨੂੰ ਕਰੀਬ ਇਕ ਮਹੀਨੇ ਤੋਂ ਪੁੱਟ ਦਿੱਤਾ ਗਿਆ ਪਰ ਇਸ ਕੰਮ ਨੂੰ ਨੇਪਰੇ ਨਾ ਚਾੜ੍ਹੇ ਜਾਣ ਕਰ ਕੇ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਦੁਕਾਨਦਾਰ ਅਤੇ ਸੜਕ ਦੇ ਟਰਾਂਸਪੋਰਟ ਕਾਰੋਬਾਰੀਆਂ ਦਾ ਕੰਮ ਘੱਟ ਗਿਆ ਹੈ।
ਦੁਕਾਨਦਾਰ ਅਤੇ ਇਲਾਕਾ ਨਿਵਾਸੀਆਂ ਅਰਵਿੰਦਰ ਭਾਟੀਆ, ਮਨਪ੍ਰੀਤ ਸਿੰਘ ਕੋਹਲੀ, ਜਗਦੀਸ਼ ਡੋਗਰਾ, ਵਰਿੰਦਰ ਸਿੰਘ, ਤ੍ਰਿਲੋਕ ਸਿੰਘ, ਸਵਰਨ ਸਿੰਘ, ਗੁਰਦੀਪ ਸਿੰਘ, ਅੰਮ੍ਰਿਤ ਠੇਕੇਦਾਰ, ਦਿਨੇਸ਼ ਜੈਨ ਤੇ ਠਾਕੁਰ ਗੁਰਵਰਧਨ ਨੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਗੁਰੂ ਘਰ ਜਾਣ ਵਾਲੇ ਰਸਤਿਆਂ ਦਾ ਨਿਰਮਾਣ ਕਰਵਾਇਆ ਗਿਆ ਸੀ ਪਰ ਕੰਮ ਬਕਾਇਆ ਰਹਿਣ ਕਰ ਕੇ ਘਿਉ ਮੰਡੀ ਵਾਲੇ ਰਸਤੇ 'ਤੇ ਕੋਈ ਤਾਰਾਂ ਪਾਉਣ ਲਈ ਦੁਬਾਰਾ ਪੁੱਟ ਦਿੱਤਾ ਗਿਆ। ਇਕ ਮਹੀਨੇ ਤੋਂ ਰਸਤੇ ਦੀ ਹਾਲਤ ਖਸਤਾ ਹੋ ਗਈ ਹੈ। ਸ਼ਰਧਾਲੂਆਂ ਦਾ ਸ੍ਰੀ ਦਰਬਾਰ ਸਾਹਿਬ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ, ਉਥੇ ਦੁਕਾਨਦਾਰਾਂ ਤੇ ਟਰਾਂਸਪੋਰਟਰਾਂ ਦਾ ਕੰਮ ਠੱਪ ਹੈ। ਉਬੜ-ਖਾਬੜ ਰਸਤੇ ਦੀਆਂ ਮੁਸ਼ਕਲਾਂ ਕਾਰਨ ਸ਼ਰਧਾਲੂ ਆਪਣੇ ਨਾਲ ਮਾੜਾ ਸੁਨੇਹਾ ਲੈ ਕੇ ਜਾ ਰਹੇ ਹਨ। ਜਨਤਾ ਨੇ ਕਿਹਾ ਕਿ ਚੱਲ ਰਹੇ ਕੰਮ ਵਿਚ ਤੇਜ਼ੀ ਲਿਆਉਂਦਿਆਂ ਇਸ ਨੂੰ ਛੇਤੀ ਤੋਂ ਛੇਤੀ ਪੂਰਾ ਕਰਵਾਇਆ ਜਾਵੇ।
ਸ਼ਹਿਰ 'ਚ ਸੜਕਾਂ ਤੋਂ ਲੰਘਣਾ ਹੋਇਆ ਮੁਸ਼ਕਲ : ਸੁਲਤਾਨਵਿੰਡ : ਆਰ. ਟੀ. ਆਈ. ਐਕਟੀਵਿਸਟ ਤੇ ਸਮਾਜ ਸੇਵਕ ਰਵਿੰਦਰ ਸੁਲਤਾਨਵਿੰਡ ਨੇ ਕਿਹਾ ਕਿ ਮਹਾਨਗਰ ਵਿਚ ਕਈ-ਕਈ ਮਹੀਨਿਆਂ ਤੋਂ ਚੱਲ ਰਹੇ ਪ੍ਰਾਜੈਕਟਾਂ 'ਤੇ ਨਾਂਹ ਦੇ ਬਰਾਬਰ ਕੰਮ ਹੋ ਰਿਹਾ ਹੈ। 50 ਦੀ ਜਗ੍ਹਾ 5 ਆਦਮੀ ਕੰਮ ਕਰ ਰਹੇ ਹਨ। ਸੜਕਾਂ 'ਤੇ ਪਏ ਖਿਲਾਰੇ ਕਰ ਕੇ ਰਾਹਗੀਰਾਂ ਦਾ ਮੰਜ਼ਿਲਾਂ ਤੱਕ ਪਹੁੰਚਣਾ ਔਖਾ ਹੋ ਗਿਆ ਹੈ। ਘਿਉ ਮੰਡੀ ਚੌਕ ਤੋਂ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਰਸਤੇ ਤੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਹੌਲੀ ਰਫਤਾਰ ਵਿਚ ਚੱਲ ਰਹੇ ਕੰਮਾਂ 'ਚ ਤੇਜ਼ੀ ਲਿਆਉਣਾ ਜ਼ਰੂਰੀ ਹੈ।
ਰੇਲਵੇ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਠੱਗੀ
NEXT STORY