ਅੰਮ੍ਰਿਤਸਰ, (ਦਲਜੀਤ)- ਸ਼੍ਰੀ ਅਮਰਨਾਥ ਯਾਤਰਾ ਦੌਰਾਨ ਹੋਏ ਅੱਤਵਾਦੀ ਹਮਲੇ ਦੇ ਵਿਰੋਧ 'ਚ 14 ਜੁਲਾਈ ਨੂੰ ਅੰਮ੍ਰਿਤਸਰ ਮੁਕੰਮਲ ਤੌਰ 'ਤੇ ਬੰਦ ਰਹੇਗਾ। ਸ਼ਿਵ ਸੈਨਾ ਪੰਜਾਬ ਵੱਲੋਂ ਜ਼ਿਲੇ ਦੇ ਸਮੂਹ ਦੁਕਾਨਦਾਰਾਂ ਅਤੇ ਧਾਰਮਿਕ ਸੰਗਠਨਾਂ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੁਰਜ਼ੋਰ ਅਪੀਲ ਕੀਤੀ ਗਈ ਹੈ। ਸ਼ਿਵ ਸੈਨਾ ਪੰਜਾਬ ਉੱਤਰੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਲਾਲੀ ਤੇ ਚੇਅਰਮੈਨ ਸੁਧੀਰ ਸੂਰੀ ਨੇ ਕਿਹਾ ਕਿ ਸ਼੍ਰੀ ਅਮਰਨਾਥ ਯਾਤਰੀਆਂ 'ਤੇ ਕੀਤਾ ਗਿਆ ਹਮਲਾ ਨਿੰਦਣਯੋਗ ਹੈ। ਇਸ ਘਟਨਾ ਨਾਲ ਹਿੰਦੂ ਭਾਈਚਾਰੇ 'ਚ ਭਾਰੀ ਰੋਸ ਹੈ। ਜੰਮੂ-ਕਸ਼ਮੀਰ 'ਚ ਅੱਤਵਾਦ ਸਿਖਰਾਂ 'ਤੇ ਹੈ, ਜੋ ਹਿੰਦੂ ਵਰਗ ਨੂੰ ਨਿਸ਼ਾਨਾ ਬਣਾ ਕੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ।
ਹਿੰਦੂ ਭਾਈਚਾਰੇ ਨੇ ਕਦੀ ਵੀ ਮੁਸਲਿਮ ਭਾਈਚਾਰੇ ਦੀ ਹੱਜ ਯਾਤਰਾ 'ਚ ਰੁਕਾਵਟ ਪੈਦਾ ਨਹੀਂ ਕੀਤੀ ਪਰ ਇਹ ਅੱਤਵਾਦੀ ਯਾਤਰਾ 'ਚ ਰੁਕਾਵਟ ਪਾ ਕੇ ਦੋਵਾਂ ਭਾਈਚਾਰਿਆਂ ਨੂੰ ਆਪਸ 'ਚ ਲੜਾਉਣਾ ਚਾਹੁੰਦੇ ਹਨ। ਹਿੰਦੂ ਧਰਮ ਨੇ ਹਮੇਸ਼ਾ ਹੀ ਦੇਸ਼ ਦੀ ਰੱਖਿਆ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ, ਜੇਕਰ ਲੋੜ ਪਈ ਤਾਂ ਉਹ ਜੰਮੂ-ਕਸ਼ਮੀਰ ਨੂੰ ਅੱਤਵਾਦ ਦੇ ਪੰਜੇ 'ਚੋਂ ਕੱਢਣ ਲਈ ਪਿੱਛੇ ਨਹੀਂ ਹਟਣਗੇ। ਲਾਲੀ ਤੇ ਸੂਰੀ ਨੇ ਕਿਹਾ ਕਿ ਇਹ ਇਕ ਹਿੰਦੂ ਭਾਈਚਾਰੇ ਦੀ ਯਾਤਰਾ 'ਤੇ ਹਮਲਾ ਨਹੀਂ ਹੋਇਆ ਬਲਕਿ ਅੱਤਵਾਦੀਆਂ ਵੱਲੋਂ ਸਮੂਹ ਭਾਈਚਾਰੇ ਤੇ ਲੋਕਤੰਤਰ ਨੂੰ ਹਿਲਾਉਣ ਦੀ ਘਿਨਾਉਣੀ ਸਾਜ਼ਿਸ਼ ਰਚੀ ਗਈ ਹੈ। ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਇਸ ਦਾ ਮੂੰਹਤੋੜ ਜਵਾਬ ਦੇਣ ਲਈ ਅੰਮ੍ਰਿਤਸਰ ਬੰਦ 'ਚ ਸਹਿਯੋਗ ਦੇਣਾ ਚਾਹੀਦਾ ਹੈ।
ਸੂਰੀ ਤੇ ਲਾਲੀ ਨੇ ਕਿਹਾ ਕਿ ਉਨ੍ਹਾਂ ਅੱਜ ਹਾਲ ਬਾਜ਼ਾਰ, ਲੋਹਗੜ੍ਹ ਚੌਕ, ਮਜੀਠਾ ਰੋਡ, ਬਟਾਲਾ ਰੋਡ, ਅਜਨਾਲਾ ਰੋਡ ਆਦਿ ਥਾਵਾਂ 'ਤੇ ਜਾ ਕੇ ਦੁਕਾਨਦਾਰਾਂ ਨੂੰ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਸ ਬੰਦ ਦੌਰਾਨ ਮੈਡੀਕਲ ਸਟੋਰ ਅਤੇ ਸਿਹਤ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ। ਆਮ ਜਨਤਾ ਨੂੰ ਤੰਗ ਨਹੀਂ ਕੀਤਾ ਜਾਵੇਗਾ ਤੇ ਸ਼ਾਂਤਮਈ ਢੰਗ ਨਾਲ ਬੰਦ ਨੂੰ ਸਫਲ ਬਣਾਇਆ ਜਾਵੇਗਾ।
ਇਸ ਮੌਕੇ ਬਲਦੇਵ ਭਾਰਦਵਾਜ, ਕਮਲ ਕੁਮਾਰ, ਜਾਨੂ ਸੂਰੀ, ਮੋਤੀ ਅਰੋੜਾ, ਹਰਦੀਪ ਸ਼ਰਮਾ, ਪਵਨ ਕੁਮਾਰ, ਵਿਪਨ ਨਈਅਰ ਆਦਿ ਮੌਜੂਦ ਸਨ।
ਦੁਕਾਨ ਦੀ ਛੱਤ ਪਾਉਣ ਨੂੰ ਲੈ ਕੇ ਚੱਲੇ ਇੱਟਾਂ-ਰੋੜੇ
NEXT STORY