ਅੰਮ੍ਰਿਤਸਰ, (ਅਗਨੀਹੋਤਰੀ)- ਛੇਹਰਟਾ ਥਾਣੇ ਅਧੀਨ ਆਉਂਦੇ ਮੇਨ ਪ੍ਰਤਾਪ ਬਾਜ਼ਾਰ ਛੇਹਰਟਾ ਸਥਿਤ ਲੱਕੀ ਜਨਰਲ ਸਟੋਰ ਦੇ ਪਿਛਲੀ ਰਾਤ ਨੂੰ ਦੁਕਾਨ ਮਾਲਕ ਵੱਲੋਂ ਕਿਰਾਏਦਾਰ ਦੀ ਛੱਤ ਤੋੜ ਕੇ ਦੁਕਾਨ 'ਚੋਂ ਲੱਖਾਂ ਦੀ ਨਕਦੀ ਲਿਜਾਣ ਸਬੰਧੀ ਪੁਲਸ ਥਾਣਾ ਛੇਹਰਟਾ ਵੱਲੋਂ ਦੁਕਾਨ ਮਾਲਕ ਤੇ ਉਸ ਦੇ 2 ਪੁੱਤਰਾਂ 'ਤੇ ਪਰਚੇ ਦਰਜ ਕਰ ਦਿੱਤੇ ਗਏ। ਅੱਜ ਸਵੇਰੇ ਪੀੜਤ ਅਸ਼ੋਕ ਕੁਮਾਰ (ਦੁਕਾਨ ਦਾ ਕਿਰਾਏਦਾਰ) ਅਤੇ ਹੋਰ ਉਪਰੋਕਤ ਦੁਕਾਨ ਦੀ ਤੋੜੀ ਛੱਤ ਨੂੰ ਪਾਉਣ ਲੱਗੇ ਤਾਂ ਦੁਕਾਨ ਮਾਲਕ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਵੱਲੋਂ ਦੁਕਾਨ ਦੀ ਛੱਤ ਪਾਉਣ ਤੋਂ ਰੋਕਣ ਦੀ ਨੀਅਤ ਨਾਲ ਇੱਟਾਂ-ਰੋੜੇ ਚਲਾਏ ਗਏ, ਜਿਸ 'ਤੇ ਪੀੜਤ ਦੁਕਾਨਦਾਰ ਵੱਲੋਂ ਵੀ ਇੱਟਾਂ-ਰੋੜੇ ਚਲਾਏ ਗਏ। ਦੁਕਾਨ ਮਾਲਕ ਦੇ ਪਰਿਵਾਰ ਵੱਲੋਂ ਦੁਕਾਨ ਦੀ ਛੱਤ ਪਾਉਣ ਤੋਂ ਰੋਕਣ 'ਤੇ ਛੇਹਰਟਾ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਤੇ ਮੋਹਤਬਰਾਂ ਨੇ ਪੁੱਜ ਕੇ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਜਗੁਜ਼ਾਰੀ ਤੇ ਦੁਕਾਨ ਦੀ ਛੱਤ ਪਾਉਣ ਤੋਂ ਰੋਕਣ ਦੇ ਰੋਸ 'ਚ ਮੇਨ ਬਾਜ਼ਾਰ 'ਚ ਧਰਨਾ ਦਿੱਤਾ ਗਿਆ। ਧਰਨੇ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਪੁਲਸ ਟੀਮ ਨਾਲ ਧਰਨੇ ਨੂੰ ਸ਼ਾਂਤ ਕਰਨ ਲਈ ਥਾਣਾ ਛੇਹਰਟਾ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਕਲੇਰ ਪੁੱਜੇ। ਪੁਲਸ ਦੀ ਮੌਜੂਦਗੀ 'ਚ ਦੋਵਾਂ ਧਿਰਾਂ ਵੱਲੋਂ ਇੱਟਾਂ-ਰੋੜੇ ਚਲਾਏ ਜਾਣ 'ਤੇ ਹਲਕਾ ਪੱਛਮੀ ਦੇ ਏ. ਸੀ. ਪੀ. ਵਿਸ਼ਾਲਜੀਤ ਸਿੰਘ ਵੀ ਉਕਤ ਸਥਾਨ 'ਤੇ ਪੁੱਜੇ ਤੇ ਸਥਿਤੀ 'ਤੇ ਕਾਬੂ ਪਾਇਆ। ਇੱਟ ਵੱਜਣ ਨਾਲ ਜ਼ਖਮੀ ਹੋਈ ਬੀਬੀ ਮਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੁਕਾਨ ਦੀ ਛੱਤ ਪਹਿਲਾਂ ਹੀ ਖਸਤਾ ਹਾਲਤ 'ਚ ਸੀ, ਜੋ ਮੀਂਹ ਨਾਲ ਡਿੱਗ ਗਈ ਤੇ ਦੁਕਾਨ ਦੇ ਕਿਰਾਏਦਾਰ ਅਸ਼ੋਕ ਕੁਮਾਰ ਵੱਲੋਂ ਜਾਣਬੁੱਝ ਕੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਪੁਲਸ 'ਤੇ ਕਥਿਤ ਤੌਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਵੱਲੋਂ ਬਿਨਾਂ ਜਾਂਚ-ਪੜਤਾਲ ਕੀਤੇ ਅਜੀਤ ਸਿੰਘ ਤੇ ਉਨ੍ਹਾਂ ਦੇ ਦੋਵਾਂ ਪੁੱਤਰਾਂ 'ਤੇ ਪਰਚੇ ਦਰਜ ਕੀਤੇ ਗਏ ਹਨ। ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ (ਦੁਕਾਨ ਮਾਲਕ) ਵੱਲੋਂ ਅਪ੍ਰੈਲ 2016 'ਚ ਨਗਰ ਨਿਗਮ ਨੂੰ ਦੁਕਾਨ ਦੀ ਛੱਤ ਦੀ ਖਸਤਾ ਹਾਲਤ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਪਰ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ। ਉਪਰੰਤ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਕਥਿਤ ਤੌਰ 'ਤੇ ਕਰੀਬ ਡੇਢ ਸਾਲ ਤੋਂ ਦੁਕਾਨ ਮਾਲਕ ਤੇ ਉਸ ਦੇ ਲੜਕੇ ਸਾਨੂੰ ਦੁਕਾਨ ਖਾਲੀ ਕਰਨ ਦੀਆਂ ਧਮਕੀਆਂ ਦੇ ਰਹੇ ਸਨ, ਬੀਤੀ ਰਾਤ ਉਹ ਮੀਂਹ ਬੰਦ ਹੋਣ ਤੋਂ ਬਾਅਦ ਦੁਕਾਨ ਬੰਦ ਕਰ ਕੇ ਘਰ ਗਏ ਸਨ ਤੇ ਰੋਜ਼ਾਨਾ ਦੀ ਤਰ੍ਹਾਂ ਅਗਲੀ ਸਵੇਰ ਨੂੰ ਉਹ ਦੁਕਾਨ ਖੋਲ੍ਹਣ ਲੱਗੇ ਤਾਂ ਅੰਦਰੋਂ ਦੁਕਾਨ ਦੀ ਛੱਤ ਟੁੱਟੀ ਹੋਈ ਤੇ ਗੱਲੇ 'ਚ ਪਈ 4 ਲੱਖ ਤੋਂ ਵੀ ਵੱਧ ਦੀ ਰਾਸ਼ੀ ਗਾਇਬ ਸੀ। ਦੱਸਣਯੋਗ ਹੈ ਕਿ ਪੀੜਤ ਦੁਕਾਨਦਾਰ ਦੀ ਮਦਦ ਲਈ ਪੁੱਜੇ ਮੇਨ ਪ੍ਰਤਾਪ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਨੇ ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਉਕਤ ਦੁਕਾਨ ਦੀ ਟੁੱਟੀ ਛੱਤ ਪਵਾਈ। ਜ਼ਿਕਰਯੋਗ ਹੈ ਕਿ ਕਥਿਤ ਤੌਰ 'ਤੇ ਦੁਕਾਨ ਮਾਲਕ ਵੱਲੋਂ ਧੱਕੇਸ਼ਾਹੀ ਨਾਲ ਉਕਤ ਕਿਰਾਏਦਾਰ ਦੀ ਦੁਕਾਨ ਦੀ ਛੱਤ ਤੋੜੇ ਜਾਣ ਨਾਲ ਕਿਰਾਏਦਾਰਾਂ 'ਚ ਭਾਰੀ ਦਹਿਸ਼ਤ ਹੈ। ਛੇਹਰਟਾ ਦੇ ਦੁਕਾਨਦਾਰਾਂ ਨੇ ਕਿਹਾ ਕਿ ਕਿਸੇ ਦੁਕਾਨਦਾਰ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਏ. ਸੀ. ਪੀ. ਵਿਸ਼ਾਲਜੀਤ ਸਿੰਘ ਤੇ ਛੇਹਰਟਾ ਦੇ ਐੱਸ. ਐੱਚ. ਓ. ਕਲੇਰ ਨੇ ਕਿਹਾ ਕਿ ਦੁਕਾਨ ਮਾਲਕ ਅਤੇ ਦੁਕਾਨ ਦੇ ਕਿਰਾਏਦਾਰ 'ਚ ਦੁਕਾਨ ਖਾਲੀ ਕਰਵਾਉਣ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਪੁੱਛੇ ਜਾਣ 'ਤੇ ਏ. ਸੀ. ਪੀ. ਨੇ ਕਿਹਾ ਕਿ ਮੈਨੂੰ ਝਗੜੇ ਦੀ ਸੂਚਨਾ ਮਿਲੀ ਸੀ, ਜਿਸ ਦੀ ਜਾਂਚ ਕਰਨ ਲਈ ਉਹ ਇਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਲੋਕਾਂ ਨੂੰ ਥਾਣੇ ਬੁਲਾਇਆ ਗਿਆ ਹੈ।
ਐੱਮ. ਟੀ. ਪੀ. ਵਿਭਾਗ ਨੇ ਗੈਰ-ਕਾਨੂੰਨੀ ਇਮਾਰਤਾਂ ਨੂੰ ਕੀਤਾ ਸੀਲ
NEXT STORY