ਜਲੰਧਰ, (ਰਵਿੰਦਰ ਸ਼ਰਮਾ)— ਕਾਂਗਰਸ ਦੇ ਰਾਜ ਵਿਚ ਜਿਸ ਗੱਲ ਦੀ ਉਮੀਦ ਸੀ, ਉਹ ਹੀ ਹੋਇਆ। ਵਿਧਾਇਕ ਬਣਨ ਤੋਂ ਪਹਿਲਾਂ ਜਿਸ ਲਾਡੀ ਸ਼ੇਰੋਵਾਲੀਆ 'ਤੇ ਗੈਰ-ਕਾਨੂੰਨੀ ਮਾਈਨਿੰਗ ਦਾ ਕੇਸ ਦਰਜ ਕੀਤਾ ਸੀ, ਵਿਧਾਇਕ ਬਣਨ ਪਿੱਛੋਂ ਉਸੇ ਸ਼ੇਰੋਵਾਲੀਆ ਨੂੰ ਪੁਲਸ ਨੇ ਕਲੀਨ ਚਿੱਟ ਦੇ ਦਿੱਤੀ। ਐੱਸ. ਐੱਚ. ਓ. ਮਹਿਤਪੁਰ ਸੁਲੱਖਣ ਸਿੰਘ ਨੇ ਕੈਂਸਲੇਸ਼ਨ ਰਿਪੋਰਟ ਜਾਂਚ ਅਧਿਕਾਰੀ ਡੀ. ਐੱਸ. ਪੀ. ਦਿਲਬਾਗ ਸਿੰਘ ਨੂੰ ਭੇਜ ਦਿੱਤੀ ਹੈ। ਸ਼ਾਹਕੋਟ ਸਬ-ਡਵੀਜ਼ਨ ਵਿਚ ਕੌਣ ਗੈਰ-ਕਾਨੂੰਨੀ ਮਾਈਨਿੰਗ ਦੀ ਖੇਡ ਵਿਚ ਸ਼ਾਮਲ ਹੈ, ਸਬੰਧੀ ਜਾਂਚ ਨੂੰ ਵੀ ਪੁਲਸ ਨੇ ਠੰਡੇ ਬਸਤੇ 'ਚ ਪਾ ਦਿੱਤਾ ਹੈ।
ਦੱਸਣਯੋਗ ਹੈ ਕਿ ਸ਼ੇਰੋਵਾਲੀਆ ਨੂੰ ਜਦੋਂ ਕਾਂਗਰਸ ਨੇ ਸ਼ਾਹਕੋਟ ਉਪ ਚੋਣ ਦਾ ਉਮੀਦਵਾਰ ਐਲਾਨਿਆ ਸੀ ਤਾਂ ਉਸ ਤੋਂ ਇਕ ਦਿਨ ਬਾਅਦ ਹੀ 31 ਮਈ ਨੂੰ ਉਨ੍ਹਾਂ ਵਿਰੁੱਧ ਮਹਿਤਪੁਰ ਥਾਣੇ ਵਿਚ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਸੀ। ਕਾਂਗਰਸ ਦੇ ਰਾਜ ਵਿਚ ਕਾਂਗਰਸ ਦੇ ਹੀ ਇਕ ਉਮੀਦਵਾਰ ਵਿਰੁੱਧ ਮਾਮਲਾ ਦਰਜ ਹੋਣ ਕਾਰਨ ਸੂਬੇ ਦੀ ਸਿਆਸਤ ਵਿਚ ਭੜਥੂ ਮਚ ਗਿਆ ਸੀ। ਕੇਸ ਦਰਜ ਕਰਨ ਵਾਲੇ ਇੰਸ. ਪਰਮਿੰਦਰ ਬਾਜਵਾ ਨੂੰ ਜਬਰੀ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ। ਬਾਅਦ ਵਿਚ ਉਸ ਨੂੰ ਅਦਾਲਤ ਵਿਚ ਰਿਵਾਲਵਰ ਲਿਜਾਣ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ। ਵਿਰੋਧੀ ਧਿਰ ਨੇ ਸ਼ਾਹਕੋਟ ਡਵੀਜ਼ਨ 'ਚ ਗੈਰ-ਕਾਨੂੰਨੀ ਮਾਈਨਿੰਗ ਦੀ ਖੇਡ ਨੂੰ ਕਾਫੀ ਉਛਾਲਿਆ ਸੀ। ਇਥੋਂ ਤੱਕ ਕਿ ਕਾਂਗਰਸ ਦੇ ਕੁਝ ਆਗੂਆਂ ਨੇ ਵੀ ਸੀ. ਐੱਮ. ਅਤੇ ਡੀ. ਜੀ. ਪੀ. ਨੂੰ ਚਿੱਠੀ ਲਿਖ ਕੇ ਸ਼ਾਹਕੋਟ ਸਬ-ਡਵੀਜ਼ਨ ਵਿਚ ਗੈਰ-ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਕੀਤੀ ਸੀ ਪਰ ਪੁਲਸ ਅਤੇ ਸਰਕਾਰ ਨੇ ਹਰ ਜਾਂਚ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਸੀ। ਕੇਸ ਦਰਜ ਹੋਣ ਪਿੱਛੋਂ ਪੁਲਸ ਨੇ ਸ਼ੇਰੋਵਾਲੀਆ ਦੀ ਗ੍ਰਿਫਤਾਰੀ ਦੀ ਬਜਾਏ ਖੁਦ ਹੀ ਇਸ ਮਾਮਲੇ ਵਿਚ ਜਾਂਚ ਬਿਠਾ ਦਿੱਤੀ। ਜਾਂਚ ਡੀ. ਐੱਸ. ਪੀ. ਸ਼ਾਹਕੋਟ ਦਿਲਬਾਗ ਸਿੰਘ ਨੂੰ ਸੌਂਪੀ ਗਈ। ਉਦੋਂ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਪੁਲਸ ਅਤੇ ਸਰਕਾਰ ਇਸ ਮਾਮਲੇ ਵਿਚ ਸ਼ੇਰੋਵਾਲੀਆ ਨੂੰ ਕਲੀਨ ਚਿੱਟ ਦੇਣ ਦੀ ਤਿਆਰੀ ਵਿਚ ਹੈ। ਸ਼ਾਹਕੋਟ ਵਿਖੇ ਜਿੱਤਣ ਪਿੱਛੋਂ ਸ਼ੇਰੋਵਾਲੀਆ ਹੁਣ ਵਿਧਾਇਕ ਬਣ ਚੁੱਕੇ ਹਨ। ਵਿਧਾਇਕ ਬਣਨ ਤੋਂ 3 ਹਫਤਿਆਂ ਅੰਦਰ ਹੀ ਪੁਲਸ ਨੇ ਉਨ੍ਹਾਂ ਨੂੰ ਗੈਰ-ਕਾਨੂੰਨੀ ਮਾਈਨਿੰਗ ਦੀ ਖੇਡ ਵਿਚ ਕਲੀਨ ਚਿੱਟ ਦੇ ਦਿੱਤੀ ਹੈ।
ਡੀ. ਐੱਸ. ਪੀ. ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੈਂਸਲੇਸ਼ਨ ਰਿਪੋਰਟ ਨੂੰ ਪ੍ਰਵਾਨ ਕਰ ਕੇ ਉੱਚ ਅਧਿਕਾਰੀਆਂ ਕੋਲ ਭੇਜ ਦਿੱਤਾ ਹੈ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਸ ਅਤੇ ਪ੍ਰਸ਼ਾਸਨ ਨੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਹੈ। ਐੱਸ. ਡੀ. ਐੱਮ. ਅਤੇ ਤਹਿਸੀਲਦਾਰ ਵੀ ਇਸ ਵਿਚ ਸ਼ਾਮਲ ਸਨ। ਉਨ੍ਹਾਂ 11 ਪਿੰਡਾਂ ਵਿਚ ਜਾ ਕੇ ਡੂੰਘਾਈ ਨਾਲ ਜਾਂਚ ਕੀਤੀ। ਇਨ੍ਹਾਂ ਪਿੰਡਾਂ ਵਿਚੋਂ ਗੈਰ-ਕਾਨੂੰਨੀ ਮਾਈਨਿੰਗ ਬਾਰੇ ਸ਼ਿਕਾਇਤਾਂ ਮਿਲੀਆਂ ਸਨ ਪਰ ਜਾਂਚ ਦੌਰਾਨ ਕੁਝ ਵੀ ਨਹੀਂ ਨਿਕਲਿਆ। ਸ਼ੇਰੋਵਾਲੀਆ ਵਿਰੁੱਧ ਕੇਸ ਦਰਜ ਕਰਨ ਪਿੱਛੇ ਕੋਈ ਆਧਾਰ ਨਹੀਂ ਸੀ ਅਤੇ ਬਿਨਾਂ ਜਾਂਚ ਤੋਂ ਹੀ ਐੱਸ. ਐੱਚ. ਓ. ਨੇ ਕੇਸ ਦਰਜ ਕਰ ਲਿਆ ਸੀ।
ਇੰਸ. ਬਾਜਵਾ ਅਜੇ ਵੀ ਸਸਪੈਂਡ
ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਕਹਿੰਦੇ ਹਨ ਕਿ ਮਾਮਲਾ ਦਰਜ ਕਰਨ ਵਾਲਾ ਇੰਸ. ਬਾਜਵਾ ਅਜੇ ਵੀ ਸਸਪੈਂਡ ਚੱਲ ਰਿਹਾ ਹੈ। ਅਦਾਲਤ ਵਿਚ ਹਥਿਆਰ ਲਿਜਾਣ ਦੇ ਮਾਮਲੇ ਵਿਚ ਕੇਸ ਦਰਜ ਹੋਣ ਪਿੱਛੋਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਸੂਬੇ ਦੇ ਮੁੱਖ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਬਾਜਵਾ ਨੂੰ ਬਰਤਰਫ ਨਹੀਂ ਕੀਤਾ ਜਾਏਗਾ। ਐੱਸ. ਡੀ. ਐੱਮ. ਸ਼ਾਹਕੋਟ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਸ਼ਿਕਾਇਤ ਦੇ ਨਾਲ ਹੀ ਲਾਡੀ ਵਿਰੁੱਧ ਹੋਰ ਵੀ ਕਈ ਸ਼ਿਕਾਇਤਾਂ ਆਈਆਂ ਸਨ। ਉਨ੍ਹਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਹੈ। ਕਿਸ ਆਧਾਰ 'ਤੇ ਸ਼ਿਕਾਇਤਕਰਤਾ ਨੇ ਚੋਣ ਕਮਿਸ਼ਨ ਕੋਲ ਸ਼ੇਰੋਵਾਲੀਆ ਦੀ ਸ਼ਿਕਾਇਤ ਭੇਜੀ ਸੀ, ਸਬੰਧੀ ਕੁਝ ਵੀ ਬੋਲਣ ਤੋਂ ਉਹ ਕਤਰਾ ਰਹੇ ਹਨ।
ਹਾਈ ਕੋਰਟ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ ਨੌਜਵਾਨ ਨਾਲ ਠੱਗੀ ਦੀ ਕੋਸ਼ਿਸ਼
NEXT STORY