ਮਾਨਸਾ(ਜੱਸਲ) - ਉਪ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਸ੍ਰੀ ਮਨਜੀਤ ਸਿੰਘ ਦੀ ਅਗਵਾਈ 'ਚ ਵਿਜੀਲੈਂਸ ਟੀਮ ਵੱਲੋਂ ਜਿਸ 'ਚ ਇੰਸਪੈਕਟਰ ਸਤਪਾਲ ਸਿੰਘ, ਏ. ਐਸ. ਆਈ ਹਰਜਿੰਦਰ ਸਿੰਘ, ਹੌਲਦਾਰ ਭਲਵਿੰਦਰ ਸਿੰਘ ਅਤੇ ਸਿਪਾਹੀ ਜਗਦੀਪ ਸਿੰਘ ਸ਼ਾਮਲ ਹਨ, ਵੱਲੋਂ ਦਫ਼ਤਰ ਨਗਰ ਕੌਂਸਲ ਮਾਨਸਾ ਦੇ ਕਲਰਕ ਰਜਿੰਦਰ ਕੁਮਾਰ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਫੜ੍ਹਿਆ।
ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਵਿਜੀਲੈਂਸ ਬਠਿੰਡਾ ਜੋਨ ਸ੍ਰੀ ਜਗਜੀਤ ਸਿੰਘ ਭੁਗਤਾਨਾ ਨੇ ਦੱਸਿਆ ਕਿ ਮੁੱਦਈ ਪਵਨਦੀਪ ਸਿੰਘ ਪੁੱਤਰ ਸ੍ਰੀ ਛੋਟਾ ਸਿੰਘ ਵਾਸੀ ਮੱਲੇ ਕੇ ਕੋਠੇ, ਵਾਰਡ ਨੰ: 11 ਲੱਲੂਆਣਾ ਰੋਡ ਮਾਨਸਾ ਨੇ ਆਪਣੇ ਮਕਾਨ ਲਈ ਨਕਸ਼ਾ ਪਾਸ ਕਰਵਾਉਣਾ ਸੀ, ਜੋ ਕਿ ਉਸ ਵੱਲੋਂ ਨਕਸ਼ਾ ਨਵੀਸ ਤੋਂ ਨਕਸ਼ਾ ਤਿਆਰ ਕਰਵਾ ਕੇ ਅਤੇ ਹੋਰ ਜ਼ਰੂਰੀ ਦਸਤਾਵੇਜ ਨੱਥੀ ਕਰਕੇ ਸਮੇਤ ਆਪਣੀ ਦਰਖਾਸਤ ਕਰੀਬ 15 ਦਿਨ ਪਹਿਲਾਂ ਨਗਰ ਕੌਂਸਲ ਮਾਨਸਾ ਦੇ ਡੀਲਿੰਗ ਕਲਰਕ ਰਜਿੰਦਰ ਕੁਮਾਰ ਨੂੰ ਦੇਣ ਲਈ ਗਿਆ ਅਤੇ ਬਣਦੀ ਫੀਸ ਭਰਵਾਉਣ ਲਈ ਬੇਨਤੀ ਕੀਤੀ, ਜਿਸ ਨੇ ਕੰਮ ਜ਼ਿਆਦਾ ਹੋਣ ਕਰਕੇ ਕੁਝ ਦਿਨਾਂ ਬਾਅਦ ਆਉਣ ਲਈ ਕਿਹਾ।
ਐਸ. ਐਸ. ਪੀ. ਸ੍ਰੀ ਭੁਗਤਾਨਾ ਨੇ ਦੱਸਿਆ ਕਿ 2 ਅਗਸਤ ਨੂੰ ਪਵਨਦੀਪ ਸਿੰਘ ਦੁਬਾਰਾ ਰਜਿੰਦਰ ਕੁਮਾਰ ਕਲਰਕ ਨੂੰ ਮਿਲਿਆ ਅਤੇ ਉਸ ਨੂੰ ਕਿਹਾ ਕਿ ਉਸਦੀ ਛੁੱਟੀ ਦੇ ਚਾਰ ਪੰਜ ਦਿਨ ਬਕਾਇਆ ਹਨ ਅਤੇ ਉਸਨੇ ਵਾਪਸ ਜਾਣਾ ਹੈ, ਉਸਦਾ ਨਕਸ਼ਾ ਜਲਦੀ ਪਾਸ ਕਰਵਾ ਦੇਵੋ, ਤਾਂ ਰਜਿੰਦਰ ਕੁਮਾਰ ਨੇ ਕਿਹਾ ਕਿ ਜੇ ਨਕਸ਼ਾ ਜਲਦੀ ਪਾਸ ਕਰਵਾਉਣਾ ਹੈ ਤਾਂ ਉਸਨੂੰ ਇਸ ਬਦਲੇ ਉਸਦੀ ਅਤੇ ਬਾਕੀ ਟੈਕਨੀਕਲ ਅਫਸਰਾਂ ਦੀ ਫੀਸ 15 ਹਜ਼ਾਰ ਰੁਪਏ ਦੇਣੀ ਪਵੇਗੀ। ਉਨ੍ਹਾਂ ਦੱਸਿਆ ਕਿ ਰਜਿੰਦਰ ਕੁਮਾਰ ਨੇ ਮੁੱਦਈ ਦੀ ਫਾਇਲ 'ਤੇ ਉਸਦੇ ਨਕਸ਼ੇ ਦੀ ਫੀਸ ਕੇਲਕੂਲੇਟ ਕਰਕੇ ਦੱਸਿਆ ਕਿ ਨਕਸ਼ੇ ਦੀ ਸਰਕਾਰੀ ਫੀਸ ਅਤੇ ਸਾਡੀ ਫੀਸ, ਜੋ ਉਹ 20 ਹਜ਼ਾਰ ਰੁਪਏ ਹੈ, ਕੁੱਲ 44 ਹਜ਼ਾਰ ਰੁਪਏ ਬਣਦੇ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਕਈ ਵਾਰ 15 ਹਜ਼ਾਰ ਰੁਪਏ ਵੀ ਲੈ ਲੈਂਦੇ ਹਨ।
ਐਸ. ਐਸ. ਪੀ ਨੇ ਦੱਸਿਆ ਕਿ ਰਜਿੰਦਰ ਕੁਮਾਰ ਆਪਣੀ ਨਿੱਜੀ ਫੀਸ ਸਮੇਤ ਸਰਕਾਰੀ ਫੀਸ ਕੁੱਲ 40 ਹਜ਼ਾਰ ਰੁਪਏ ਲੈਣ ਲਈ ਸਹਿਮਤ ਹੋ ਗਿਆ ਹੈ, ਜਿਸ ਨੂੰ ਲੈਣ ਲਈ ਉਹ 2 ਅਗਸਤ ਨੂੰ ਮੁੱਦਈ ਦੇ ਘਰ ਗਿਆ ਅਤੇ ਸਰਕਾਰੀ ਫੀਸ ਸਮੇਤ ਰਿਸ਼ਵਤ ਦੀ ਮੰਗ ਕੀਤੀ। ਉਸ ਨੇ ਮੁੱਦਈ ਪਾਸੋ ਆਪਣੀ ਨਿੱਜੀ ਫੀਸ ਸਮੇਤ ਕੁੱਲ 38,000/- ਰੁਪਏ ਹਾਸਲ ਕਰ ਲਏ ਅਤੇ ਸਰਕਾਰੀ ਫੀਸ 27,200/- ਰੁਪਏ ਰਸੀਦ ਕੱਟ ਕੇ ਪਵਨਦੀਪ ਸਿੰਘ ਨੂੰ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਕਥਿਤ ਦੋਸ਼ੀ ਰਜਿੰਦਰ ਕੁਮਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰਕੇ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਮੁੱਕਦਮਾ ਦਰਜ ਕਰ ਲਿਆ।
ਭਿੱਖੀਵਿੰਡ ਵਿਖੇ ਕਾਂਗਰਸ ਦੇ ਦੋ ਧੜਿਆਂ 'ਚ ਹੋਈ ਲੜਾਈ ਦੌਰਾਨ ਇਕ ਧੜੇ ਖਿਲਾਫ ਕੇਸ ਦਰਜ
NEXT STORY