ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਦਰਸ਼ਨਾਂ ਲਈ ਪੁੱਜੇ। ਇੱਥੇ ਉਨ੍ਹਾਂ ਨਾਲ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਮੌਜੂਦ ਸਨ। ਬੀਬੀ ਮਨਪ੍ਰੀਤ ਕੌਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾ ਗੁਰੂ ਘਰ ਦਾ ਆਸ਼ੀਰਵਾਦ ਲਿਆ ਗਿਆ। ਉੱਥੇ ਹੀ ਸੁੰਦਰ ਰੁਮਾਲਾ ਸਾਹਿਬ ਭੇਂਟ ਕਰ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ। ਬੀਬੀ ਮਨਪ੍ਰੀਤ ਕੌਰ ਨੇ ਇਤਿਹਾਸਕ ਜੰਡ ਸਾਹਿਬ ਤੇ ਖੂਹ ਸਾਹਿਬ ਦੇ ਵੀ ਦਰਸ਼ਨ ਕੀਤੇ।
ਉਨ੍ਹਾਂ ਨੇ ਲੰਗਰ ਹਾਲ 'ਚ ਜਾ ਕੇ ਚਾਹ ਪੀਤੀ ਅਤੇ ਜਦੋਂ ਵਾਪਸੀ ਜਾਣ ਲੱਗੇ ਤਾਂ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਧਾਰਮਿਕ ਫੇਰੀ ਹੈ, ਉਹ ਕੋਈ ਪ੍ਰੈੱਸ ਕਾਨਫਰੰਸ ਨਹੀਂ ਕਰਨਾ ਚਾਹੁੰਦੇ। ਪੱਤਰਕਾਰਾਂ ਵਲੋਂ ਜਦੋਂ ਇਤਿਹਾਸਕ ਸ਼ਹਿਰ ਮਾਛੀਵਾੜਾ ਨੂੰ ਜੋੜਦੀਆਂ ਖ਼ਸਤਾ ਹਾਲਤ ਸੜਕਾਂ ਸਬੰਧੀ ਲੋਕਾਂ ਨੂੰ ਆ ਰਹੀ ਭਾਰੀ ਪਰੇਸ਼ਾਨੀ ਦਾ ਮੁੱਦਾ ਚੁੱਕਿਆ ਗਿਆ ਤਾਂ ਉਨ੍ਹਾਂ ਕੋਈ ਵੀ ਜਵਾਬ ਨਾ ਦਿੰਦਿਆਂ ਫਿਰ ਕਿਹਾ ਕਿ ਇਹ ਸਿਰਫ ਧਾਰਮਿਕ ਫੇਰੀ ਹੈ। ਪੱਤਰਕਾਰਾਂ ਵਲੋਂ ਵਾਰ-ਵਾਰ ਪੁੱਛੇ ਜਾਣ ’ਤੇ ਉਨ੍ਹਾਂ ਸਿਰਫ ਇਹ ਕਿਹਾ ਕਿ ਸੜਕਾਂ ਦੀ ਮੁਰੰਮਤ ਜਲਦ ਕਰਾਵਾਂਗੇ ਪਰ ਇਹ ਕਿੰਨੇ ਕੁ ਸਮੇਂ ’ਚ ਬਣਨਗੀਆਂ, ਇਸ ਬਾਰੇ ਕੋਈ ਜਵਾਬ ਨਾ ਦਿੱਤਾ।
ਇਸ ਮੌਕੇ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਬੀਬੀ ਮਨਪ੍ਰੀਤ ਕੌਰ ਨੂੰ ਗੁਰੂ ਸਾਹਿਬ ਦਾ ਚਿੱਤਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੀ. ਏ. ਸੁਖਵਿੰਦਰ ਸਿੰਘ ਗਿੱਲ, ਸਾਬਕਾ ਕੌਂਸਲਰ ਅੰਮ੍ਰਿਤਾ ਪੁਰੀ, ਹਲਕਾ ਕੋ-ਆਰਡੀਨੇਟਰ ਗੁਰਮੀਤ ਕੌਰ, ਆੜ੍ਹਤੀ ਬਲਵਿੰਦਰ ਸਿੰਘ ਮਾਨ, ਜਗਮੀਤ ਸਿੰਘ ਮੱਕਡ਼, ਨਗਿੰਦਰ ਸਿੰਘ ਮੱਕੜ, ਪ੍ਰਵੀਨ ਮੱਕੜ, ਰਣਵੀਰ ਰਾਹੀ, ਨਰਿੰਦਰਪਾਲ ਨਿੰਦੀ ਵੀ ਮੌਜੂਦ ਸਨ।
ਗਾਹਕਾਂ ਦਾ ਰਿਕਾਰਡ ਨਾ ਰੱਖਣ ’ਤੇ 2 ਹੋਟਲ ਸੰਚਾਲਕਾਂ ਖ਼ਿਲਾਫ਼ FIR ਦਰਜ
NEXT STORY